ਹੁਣ ਸਰਕਾਰੀ ਥਾਵਾਂ ''ਤੇ ਨਿਰਧਾਰਿਤ ਫੀਸ ਦੇ ਕੇ ਕੀਤੀ ਜਾ ਸਕਦੀ ਹੈ ਸ਼ੂਟਿੰਗ : ਜਲ ਸਰੋਤ ਵਿਭਾਗ ਪੰਜਾਬ

Tuesday, Jul 30, 2024 - 09:34 PM (IST)

ਜੈਤੋ (ਰਘੂਨੰਦਨ ਪਰਾਸ਼ਰ) : ਜਲ ਸਰੋਤ ਵਿਭਾਗ ਅਧੀਨ ਆਉਂਦੀਆਂ ਨਹਿਰਾਂ, ਦਰਿਆਵਾਂ, ਗੈਸਟ ਹਾਊਸਾਂ ਅਤੇ ਹੋਰ ਜਾਇਦਾਦਾਂ ਤੇ ਹੁਣ ਫਿਲਮਾਂ ਲਈ, ਸ਼ੂਟਿੰਗ ਕਰਨ ਲਈ ਮਨਮੋਹਕ ਸਾਈਟਾਂ ਅਤੇ ਲੋਕੇਸ਼ਨਾਂ ਉਪਲਬਧ ਹਨ, ਜਿੰਨਾ ਦਾ ਫਿਲਮ ਪ੍ਰੋਡਕਸ਼ਨ ਹਾਊਸ ਵਾਜਿਬ ਮੁੱਲ ਦੇ ਕੇ ਲਾਹਾ ਲੈ ਸਕਦੇ ਹਨ।

ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨਿਰਧਾਰਤ ਫੀਸ ਅਦਾ ਕਰਕੇ ਉਕਤ ਥਾਵਾਂ ਤੇ ਸ਼ੂਟਿੰਗ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਲ ਸਰੋਤ ਵਿਭਾਗ ਦੀਆਂ ਪ੍ਰਾਪਰਟੀਆਂ ਜਿਵੇਂ ਕਿ ਨਹਿਰਾਂ, ਦਰਿਆਵਾਂ, ਰੈਸਟ ਹਾਊਸਾਂ, ਡੈਮਾਂ ਆਦਿ ਸੂਟਿੰਗਾਂ ਦੀ ਪ੍ਰਵਾਨਗੀ ਜਲ ਸਰੋਤ ਵਿਭਾਗ ਵੱਲੋਂ ਜਾਰੀ ਕੀਤੀ ਜਾਵੇਗੀ ਅਤੇ ਸ਼ੂਟਿੰਗ ਦੇ ਚਾਰਜਿਸ਼ ਆਦਿ ਵੀ ਜਲ ਸਰੋਤ ਵਿਭਾਗ, ਪੰਜਾਬ ਦੇ ਸਬੰਧਤ ਦਫਤਰਾਂ ਵਿੱਚ ਜਮ੍ਹਾਂ ਕਰਵਾਏ ਜਾਣਗੇ।ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸਰਕਾਰੀ ਖਜ਼ਾਨੇ ਵਿੱਚ ਮਾਲੀਆ ਅਰਜਿਤ ਕਰਨ ਦੇ ਮੰਤਵ ਨਾਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਥਾਵਾਂ ਨੂੰ ਪਾਰਦਰਸ਼ੀ ਢੰਗ ਨਾਲ ਬਿਨੈਕਾਰਾਂ ਦੀ ਸਹੂਲਤ ਲਈ ਵਾਜਬ ਫੀਸ ਅਦਾ ਕਰਕੇ ਕਿਰਾਏ ਤੇ ਦਿੱਤਾ ਜਾਵੇਗਾ।

ਹੋਰ ਵਧੇਰੇ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਫਿਲਮ ਦੀ ਸ਼ੂਟਿੰਗ, ਗਾਣੇ ਅਤੇ ਹੋਰ ਕਮਰਸ਼ੀਅਲ ਮਕਸਦ ਲਈ 10 ਤੋਂ ਵੱਧ ਕਰੀਊ  (ਪ੍ਰੋਡਕਸ਼ਨ ਹਾਉਣ ਦੇ ਕਰਿੰਦੇ) ਲਈ 20 ਹਜਾਰ ਰੁਪਏ ਪ੍ਰਤੀ ਦਿਨ , ਫਿਲਮ ਦੀ ਸ਼ੂਟਿੰਗ, ਗਾਣੇ ਅਤੇ ਹੋਰ ਕਮਰਸ਼ੀਅਲ ਮਕਸਦ ਲਈ 10 ਤੋਂ ਘੱਟ ਜਾਂ 10 ਦੇ ਬਰਾਬਰ ਕਰੀਊ ਲਈ 8 ਹਜਾਰ ਰੁਪਏ ਪ੍ਰਤੀ ਦਿਨ ,ਪ੍ਰੀ ਵੈਡਿੰਗ ਲਈ ਵੀਡੀਓ ਸੂਟਿੰਗ ਜਾਂ ਹੋਰ ਵੀਡੀਓ ਸ਼ੂਟਿੰਗ ਲਈ 5 ਹਜ਼ਾਰ ਰੁਪਏ ਪ੍ਰਤੀ ਦਿਨ ਅਤੇ ਫੋਟੋ ਸ਼ੂਟ ਲਈ 2500 ਰੁਪਏ ਪ੍ਰਤੀ ਦਿਨ ਨਿਰਧਾਰਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਏਜੰਸੀ ਜਾ ਕੋਈ ਵੀ ਵਿਅਕਤੀ ਸੂਟਿੰਗ ਲਈ ਪ੍ਰਵਾਨਗੀ ਕਾਰਜਕਾਰੀ ਇੰਜੀਨੀਅਰ/ਹੈੱਡਕੁਆਰਟਰ ਕਮ ਸਟੇਟ ਅਫਸਰ ਤੋਂ ਪ੍ਰਾਪਤ ਕਰੇਗਾ । ਉਨ੍ਹਾਂ ਕੇਸਾਂ ਵਿੱਚ ਜਿੱਥੇ ਸ਼ੂਟਿੰਗ ਲਈ 15 ਦਿਨ ਤੋਂ ਵੱਧ ਦਾ ਸਮਾਂ ਲੱਗਦਾ ਹੈ, ਇਹ ਪ੍ਰਵਾਨਗੀ ਪ੍ਰਿੰਸੀਪਲ ਸੈਕਟਰੀ ਜਲ ਸਰੋਤ ਤੋਂ ਪ੍ਰਵਾਨ ਕਰਵਾਉਣ ਲਈ ਭੇਜੀ ਜਾਵੇਗੀ। 

ਉਨ੍ਹਾਂ ਕਿਹਾ ਕਿ ਅਰਜ਼ੀਆਂ xeneowrdchd@gmail.com ਅਤੇ ce.wrdhq.chd@punjab.gov.in ਤੇ ਭੇਜ ਕੇ ਪ੍ਰਵਾਨਗੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਈ-ਮੇਲ ਤੇ ਇਸ ਵਿਭਾਗ ਦਾ ਪੋਰਟਲ ਬਣਨ ਤੱਕ ਪ੍ਰਵਾਨਗੀ ਲਈ ਅਰਜੀਆਂ ਭੇਜੀਆਂ ਜਾ ਸਕਦੀਆਂ ਹਨ। ਪੋਰਟਲ ਬਣ ਕੇ ਚਾਲੂ ਹੋਣ ਉਪਰੰਤ ਸਾਰੀਆਂ ਪ੍ਰਵਾਨਗੀਆਂ ਲਈ ਅਰਜ਼ੀਆਂ ਈ-ਪੋਰਟਲ ਤੇ ਭੇਜੀਆਂ ਜਾਣਗੀਆਂ।


Baljit Singh

Content Editor

Related News