ਮਹਿਲਾ ਸਿਹਤ ਕਰਮਚਾਰੀ ਨਾਲ ਡਿਊਟੀ ਦੌਰਾਨ ਫੋਨ ਉਪਰ ਦੁਰਵਿਵਹਾਰ ਦੇ ਦੋਸ਼ ਹੇਠ ਸਰਪੰਚ ਦਾ ਪਤੀ ਨਾਮਜ਼ਦ
Tuesday, May 05, 2020 - 01:39 PM (IST)

ਭਵਾਨੀਗੜ੍ਹ (ਕਾਂਸਲ) :- ਸਥਾਨਕ ਪੁਲਿਸ ਵੱਲੋਂ ਸਿਹਤ ਵਿਭਾਗ ਦੀ ਮਹਿਲਾ ਕਰਮਚਾਰੀ ਇਕ ਏ.ਐਨ.ਐਮ ਦੀ ਸ਼ਿਕਾਇਤ ਉਪਰ ਡਿਊਟੀ ਦੌਰਾਨ ਫੋਨ 'ਤੇ ਦੁਰਵਿਵਹਾਰ ਕਰਨ ਅਤੇ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਹੇਠ ਪਿੰਡ ਕਾਕੜਾ ਦੀ ਸਰਪੰਚ ਦੇ ਪਤੀ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀ ਮਹਿਲਾ ਕਰਮਚਾਰੀ ਏ.ਐਨ.ਐਮ ਜਗਵੰਤ ਕੌਰ ਵੱਲੋਂ ਕੀਤੀ ਸ਼ਿਕਾਇਤ ਵਿਚ ਉਸ ਨੇ ਦੋਸ਼ ਲਗਾਇਆ ਕਿ ਜਦੋਂ ਉਹ ਆਪਣੀ ਡਿਊਟੀ ਦੌਰਾਨ ਜਦੋਂ ਪਿੰਡ ਰਾਏਸਿੰਘਵਾਲਾ ਵਿਖੇ ਇਕਾਂਤਵਾਸ ਦੇ ਬੋਰਡ ਲਗਾ ਰਹੀ ਤਾਂ ਉਸ ਨੂੰ ਇਕ ਫੋਨ ਕਾਲ ਆਈ ਅਤੇ ਫੋਨ ਕਰ ਰਹੇ ਵਿਅਕਤੀ ਨੇ ਆਪਣੇ ਆਪ ਨੂੰ ਪਿੰਡ ਕਾਕੜਾ ਦੀ ਸਰਪੰਚ ਦਾ ਪਤੀ ਦਸਦੇ ਹੋਏ ਫੋਨ 'ਤੇ ਉਸ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਜਦੋਂ ਉਹ ਆਪਣੀ ਡਿਊਟੀ ਵਿਚ ਹੀ ਛੱਡ ਕੇ ਪਿੰਡ ਕਾਕੜਾ ਵਿਖੇ ਸਰਪੰਚ ਦੇ ਘਰ ਗਈ ਤਾਂ ਉਥੇ ਲੋਕਾਂ ਦੀ ਭੀੜ ਇਕੱਠੀ ਕਰ ਰੱਖੀ ਸੀ ਅਤੇ ਉਥੇ ਵੀ ਸਰਪੰਚ ਦੇ ਪਤੀ ਨੇ ਮੈਨੂੰ ਮੰਦਾ ਚੰਗਾ ਬੋਲ ਕੇ ਮੇਰੇ ਨਾਲ ਦੁਰਵਿਵਹਾਰ ਕੀਤਾ। ਪੁਲਿਸ ਨੇ ਏ.ਐਨ.ਐਮ ਜਗਵੰਤ ਕੌਰ ਦੇ ਬਿਆਨਾਂ ਦੇ ਅਧਾਰ 'ਤੇ ਪਿੰਡ ਕਾਕੜਾ ਦੀ ਸਰਪੰਚ ਦੇ ਪਤੀ ਸਖਵਿੰਦਰ ਸਿੰਘ ਉਰਫ ਸੋਨੀ ਪੁੱਤਰ ਮੇਘ ਸਿੰਘ ਵਾਸੀ ਕਾਕੜਾ ਵਿਰੁੱਧ ਏ.ਐਨ.ਐਮ ਨਾਲ ਫੋਨ ਉਪਰ ਡਿਊਟੀ ਦੌਰਾਨ ਦੁਰਵਿਵਹਾਰ ਕਰਨ ਅਤੇ ਡਿਊਟੀ ਵਿਚ ਵਿਘਣ ਪਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ।