ਝਪਟਮਾਰਾਂ ਦੀ ਹੁਣ ਖ਼ੈਰ ਨਹੀਂ, ਸਮਾਜ ਵਿਰੋਧੀ ਤੇ ਮਾੜੇ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਵੇਗੀ ਪੀਸੀਆਰ
Sunday, Jan 26, 2025 - 05:57 AM (IST)
ਭਗਤਾ ਭਾਈ (ਢਿੱਲੋਂ) : ਕੁਝ ਸਮਾਂ ਪਹਿਲਾਂ ਸਥਾਨਕ ਸ਼ਹਿਰ ਵਿਖੇ ਟ੍ਰੈਫਿਕ ਪੁਲਸ ਤਾਇਨਾਤ ਸੀ ਤਾਂ ਲੋਕਾਂ ਨੂੰ ਝਪਟਮਾਰਾਂ ਤੋਂ ਕਾਫੀ ਰਾਹਤ ਮਿਲੀ ਹੋਈ ਸੀ, ਪਰ ਲੰਮੇ ਸਮੇਂ ਤੋਂ ਸ਼ਹਿਰ ਅੰਦਰ ਟ੍ਰੈਫਿਕ ਪੁਲਸ ਦੀ ਪੋਸਟ ਚੁੱਕੀ ਜਾਣ ਕਰਕੇ ਝਪਟਮਾਰਾਂ ਨੂੰ ਪੁਲਸ ਦਾ ਡਰ ਖਤਮ ਹੋ ਗਿਆ ਅਤੇ ਸ਼ਹਿਰ ‘ਚ ਆਮ ਨਾਗਰਿਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਥਾਣੇ ਦੀ ਪੁਲਸ ਭਾਵੇਂ ਸ਼ਹਿਰ ਅੰਦਰ ਗੇੜਾ ਮਾਰਦੀ ਰਹਿੰਦੀ ਹੈ, ਪਰ ਫਿਰ ਵੀ ਥਾਣੇ ਦੀ ਪੁਲਸ ਨੂੰ ਹੋਰ ਬਥੇਰੇ ਕੰਮ ਹੋਣ ਕਾਰਨ ਤੇ ਮੁਲਾਜ਼ਮਾਂ ਦੀ ਕਮੀ ਕਾਰਨ ਮਨਚਲਿਆਂ ਦੇ ਹੌਸਲੇ ਵਧੇ ਹੋਏ ਸਨ।
ਟ੍ਰੈਫਿਕ ਨਿਯਮਾਂ ਨੂੰ ਲੋਕਾਂ ਨੇ ਮਖੌਲ ਸਮਝਿਆ ਹੋਇਆ ਸੀ। 100 ਫੁੱਟੀ ਸੜਕ ਵਿੱਚੋਂ ਮੁਸ਼ਕਲ ਨਾਲ ਡਿਵਾਇਡਰ ਦੇ ਦੋਵਾਂ ਸਾਈਡਾਂ 'ਤੇ 10‘10‘ ਫੁੱਟ ਤੋਂ ਵੀ ਘੱਟ ਜਗ੍ਹਾ ਬੱਸਾਂ, ਟਰੱਕਾਂ, ਕਾਰਾਂ, ਟ੍ਰੈਕਟਰ ਟਰਾਲੀਆਂ ਆਦਿ ਦੇ ਲੰਘਣ ਲਈ ਬਚਦੀ ਹੈ। ਆਮ ਆਦਮੀ ਪਾਰਟੀ ਦੇ ਚੇਅਰਮੈਨ ਤੇ ਹਲਕੇ ਦੇ ਨੇੜਲੇ ਪਿੰਡ ਕੋਠਾ ਗੁਰੂ ਦੇ ਜੰਮਪਲ ਜਤਿੰਦਰ ਸਿੰਘ ਭੱਲਾ ਦੇ ਉਦਮ ਸਦਕਾ ਬਠਿੰਡਾ ਦੇ ਐੱਸ. ਐੱਸ. ਪੀ. ਅਮਨੀਤ ਕੌਂਡਲ ਦੀ ਮੇਹਰ ਨਾਲ ਹਲਕੇ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਸਥਾਨਕ ਸ਼ਹਿਰ ਵਿਖੇ ਪੀਸੀਆਰ ਤਾਇਨਾਤ ਕਰਦੇ ਹਲਕੇ ਦੇ ਲੋਕਾਂ ਦੀ ਸਾਰ ਲਈ ਹੈ। ਇਸ ਹਲਕੇ ਲੋਕਾਂ ਨੇ ਐੱਸ. ਐੱਸ. ਪੀ. ਬਠਿੰਡਾ ਅਤੇ ਜਤਿੰਦਰ ਸਿੰਘ ਭੱਲਾ ਦਾ ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ : ਫਰਨੀਚਰ ਬਾਜ਼ਾਰ 'ਚ ਲੱਗੀ ਅੱਗ ਕਾਰਨ ਲੱਖਾਂ ਦਾ ਨੁਕਸਾਨ, 10 ਘੰਟੇ ਬਾਅਦ ਪਾਇਆ ਕਾਬੂ
ਇਸ ਸਮੇਂ ਪੀਸੀਆਰ ਵਿੱਚ ਕੰਮ ਕਰਦੇ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੇ ਗੁਰਿੰਦਰ ਸਿੰਘ ਏ. ਐੱਸ. ਆਈ. ਅਤੇ ਮਨਜੀਤ ਸਿੰਘ ਏ. ਐੱਸ. ਆਈ. ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੁਲਸ ਲੋਕਾਂ ਦੀ ਹਮੇਸ਼ਾ ਮਦਦਗਾਰ ਹੁੰਦੀ ਹੈ ਅਤੇ ਰਹੇਗੀ, ਪਰ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈ ਕੇ ਹੁੱਲੜਬਾਜ਼ੀ ਕਰਨ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਪੁਲਸ ਆਮ ਲੋਕਾਂ ਦੀ ਰਾਖੀ ਲਈ ਹੈ ਅਤੇ ਹਰ ਇੱਕ ਨੂੰ ਖੁੱਲ੍ਹ ਕੇ ਜ਼ਿੰਦਗੀ ਜਿਉਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਹੁਣ ਹੁੱਲੜਬਾਜ਼ਾਂ ਜਾਂ ਝਪਟਮਾਰਾਂ ਦੀ ਖੈਰ ਨਹੀਂ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਸਭ ਨੂੰ ਅਪੀਲ ਕਰਦਿਆਂ ਕਿਹਾ ਕਿ ਸਭ ਦੁਕਾਨਦਾਰ ਭਰਾ ਆਪਣਾ ਦੁਕਾਨ ਦਾ ਅੱਗਾ ਦੁਕਾਨ 'ਤੇ ਆਏ ਰੱਬ ਵਰਗੇ ਆਪਣੇ ਗਾਹਕ ਦਾ ਵਹੀਕਲ ਖੜ੍ਹਾ ਕਰਨ ਲਈ ਖਾਲੀ ਰੱਖਣ ਨਾ ਕੇ ਆਪ ਹੀ ਸਾਮਾਨ ਜਾਂ ਸਟੈਂਡਿੰਗ ਬੋਰਡ ਬਾਹਰ ਕੱਢ ਕੇ ਅੱਗਾ ਰੋਕ ਲੈਣ ਤੇ ਗਾਹਕ ਦਾ ਵਹੀਕਲ ਸੜਕ ਤੇ ਟ੍ਰੈਫਿਕ ਵਿੱਚ ਵਿਘਣ ਪੈਦਾ ਕਰੇ। ਉਨ੍ਹਾਂ ਕਿਹਾ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੁਲਸ ਲੋਕਾਂ ਦੀ ਸੇਵਾਦਾਰ ਬਣੇਗੀ ਅਤੇ ਸਮਾਜ ਵਿਰੋਧੀ ਤੇ ਮਾੜੇ ਅਨਸਰਾਂ ਲਈ ਸਖਤੀ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8