ਸਿਵਲ ਹਸਪਤਾਲ ’ਚ ਪੱਕੇ ਤੌਰ ’ਤੇ ਨਹੀਂ ਕੋਈ ਡਾਕਟਰ

Wednesday, Sep 05, 2018 - 01:23 AM (IST)

ਸਿਵਲ ਹਸਪਤਾਲ ’ਚ ਪੱਕੇ ਤੌਰ ’ਤੇ ਨਹੀਂ ਕੋਈ ਡਾਕਟਰ

ਭਦੌਡ਼, (ਰਾਕੇਸ਼)–  ਕਸਬੇ ਦੇ ਸਿਵਲ ਹਸਪਤਾਲ ਵਿਚ ਪੱਕੇ ਤੌਰ ’ਤੇ ਕੋਈ ਡਾਕਟਰ ਨਾ ਹੋਣ ਕਾਰਨ ਸਥਾਨਕ ਲੋਕਾਂ ਨੂੰ  ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂਕਿ ਇਥੋਂ ਦੇ ਸਾਰੇ ਹੀ ਲੋਕਾਂ ਦੀ ਹਰ ਪਾਰਟੀ ਦੇ ਆਗੂਅਾਂ ਤੋਂ ਇਹੀ ਮੰਗ ਰਹੀ ਹੈ ਕਿ  ਇਸ ਹਸਪਤਾਲ ਨੂੰ ਵੀ ਪੰਜਾਬ ਦੇ ਚੁਣੇ ਹੋਏ ਹਸਪਤਾਲਾਂ ਦੀ ਲਿਸਟ ਵਿਚ ਸ਼ਾਮਲ ਕੀਤਾ  ਜਾਵੇ  ਪਰ ਪਿਛਲੇ ਕਾਫੀ ਸਮੇਂ ਤੋਂ ਪਰਨਾਲਾ ਉਥੇ ਦਾ ਉਥੇ ਹੀ ਹੈ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਭਦੌੜ ਦੇ ਆਗੂਆਂ ਵੱਲੋਂ ਹੁਣ ਸਿਵਲ ਹਸਪਤਾਲ ’ਚ ਡਾਕਟਰ ਲਿਆਉਣ ਦੇ ਲਈ ਸੰਘਰਸ਼ ਦੀ ਤਿਆਰੀ ਵਿੱਢੀ ਜਾ ਰਹੀ ਹੈ।
 ਸ਼੍ਰੋਮਣੀ ਅਕਾਲੀ ਦਲ ਭਦੌਡ਼ ਦੇ ਸ਼ਹਿਰੀ ਪ੍ਰਧਾਨ ਬਾਬੂ ਅਜੈ ਕੁਮਾਰ ਦੀ ਰਹਿਨੁਮਾਈ ਹੇਠ ਅੱਜ ਇਕ ਅਹਿਮ ਮੀਟਿੰਗ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਬਾਬੂ ਅਜੈ ਕੁਮਾਰ ਨੇ ਕਿਹਾ ਕਿ ਕਰੋਡ਼ਾਂ ਰੁਪਏ ਦੀ ਲਾਗਤ ਨਾਲ  ਬਣਿਆ  ਇਹ ਸਿਵਲ ਹਸਪਤਾਲ ਡਾਕਟਰਾਂ ਬਾਝੋ ਲਾਵਾਰਿਸ ਬਣ ਕੇ ਰਹਿ ਗਿਆ ਹੈ।  ਇਸ ਹਸਪਤਾਲ ਨੂੰ ਆਲੇ-ਦੁਆਲੇ ਦੇ 25 ਪਿੰਡ ਲੱਗਦੇ ਹਨ, ਜਿਨ੍ਹਾਂ ’ਚੋਂ ਅਕਸਰ  ਲੋਕ ਆਪਣਾ ਇਲਾਜ ਕਰਵਾਉਣ  ਲਈ ਇਥੇ ਆਉਂਦੇ ਹਨ ਪਰ ਡਾਕਟਰ ਨਾ ਹੋਣ ਕਾਰਨ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ’ਚੋਂ ਮਹਿੰਗੇ ਭਾਅ ’ਤੇ ਇਲਾਜ ਕਰਵਾਉਣਾ ਪੈਂਦਾ ਹੈ। ਉਨ੍ਹਾਂ  ਇਹ ਵੀ ਕਿਹਾ ਕਿ ਇਸ ਹਸਪਤਾਲ ’ਚ ਪਹਿਲਾਂ ਡਾ. ਸਤਵੰਤ ਸਿਘ ਅੌਜਲਾ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਮਿੰਦਰ ਕੌਰ ਔਜਲਾ ਹੁੰਦੇ ਸਨ ਪਰ ਉਨ੍ਹਾਂ ਦੋਵਾਂ ਦੀ ਬਦਲੀ ਹੋਣ  ਕਾਰਨ ਅਤੇ ਐੱਸ. ਐੱਮ. ਓ. ਡਾ. ਸਮਿਤਾ ਗੁਪਤਾ ਦੀ ਰਿਟਾਇਰਮੈਂਟ ਹੋਣ ਤੋਂ ਬਾਅਦ ਇਹ ਹਸਪਤਾਲ ਲਾਵਾਰਿਸ ਬਣ ਕੇ ਰਹਿ ਗਿਆ ਹੈ। ਪੰਜਾਬ ਸਰਕਾਰ ਵੱਲੋਂ ਤਿੰਨ ਦਿਨ ਦੇ ਲਈ ਇਕ ਐੱਮ. ਬੀ. ਬੀ. ਐੱਸ. ਡਾਕਟਰ ਨੂੰ ਲਾ ਕੇ  ਸਿਰਫ ਖਾਨਾਪੂਰਤੀ ਕੀਤੀ ਗਈ ਹੈ। ਉਨ੍ਹਾਂ  ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਜਲਦ ਤੋਂ ਜਲਦ ਸਿਵਲ ਹਸਪਤਾਲ ਭਦੌਡ਼ ਵਿਖੇ ਡਾਕਟਰ ਤਾਇਨਾਤ ਕੀਤੇ ਜਾਣ ਤਾਂ ਜੋ ਕਿਸੇ ਵੀ ਮਰੀਜ਼ ਨੂੰ ਖੱਜਲ-ਖੁਆਰ ਹੋਣ ਤੋਂ ਬਚਾਇਆ ਜਾ ਸਕੇ।
  ਡਾਕਟਰ  ਜਲਦ ਤਾਇਨਾਤ ਨਾ ਕਰਨ ’ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ
 ਸ਼੍ਰੋਮਣੀ ਅਕਾਲੀ ਦਲ ਭਦੌਡ਼ ਦੇ ਸਮੂਹ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦ ਤੋਂ ਜਲਦ ਹਸਪਤਾਲ ਵਿਚ ਡਾਕਟਰ  ਤਾਇਨਾਤ ਨਾ ਕੀਤੇ ਗਏ ਤਾਂ ਉਹ ਵੱਡੇ ਪੱਧਰ ’ਤੇ ਸੰਘਰਸ਼  ਵਿੱਢਣਗੇ। ਇਸ ਮੌਕੇ ਸ਼ਹਿਰੀ ਪ੍ਰਧਾਨ ਬਾਬੂ ਅਜੈ ਕੁਮਾਰ, ਅੱਠ ਪੰਚਾਇਤਾਂ ਦੇ ਪ੍ਰਧਾਨ ਸੁਰਿੰਦਰਪਾਲ ਗਰਗ, ਜ਼ਿਲਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਕੋਚਾ, ਅਮਰ ਸਿੰਘ ਬੀ. ਏ., ਜਥੇਦਾਰ ਸਾਧੂ ਸਿੰਘ ਰਾਗੀ, ਵਿਪਨ ਕੁਮਾਰ ਗੁਪਤਾ, ਜਥੇਦਾਰ ਤਰਲੋਚਨ ਸਿੰਘ ਮਾਨ, ਚਰਨ ਸਿੰਘ ਖਹਿਰਾ, ਸਰਪੰਚ ਛੋਟਾ ਸਿੰਘ ਭਾਗੀਕੇ, ਡਾ. ਦਲਜੀਤ ਸਿੰਘ ਲੀਤਾ, ਸਾਬਕਾ ਸਰਪੰਚ ਸੋਹਣਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
ਕੀ ਕਹਿੰਦੇ ਨੇ ਸੀ. ਐੱਮ. ਓ.  
ਜਦੋਂ ਇਸ ਸਬੰਧੀ ਸੀ. ਐੱਮ. ਓ. ਬਰਨਾਲਾ ਡਾ. ਜੁਗਲ ਕਿਸ਼ੋਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਭਦੌਡ਼ ਵਿਖੇ ਤਿੰਨ ਦਿਨ ਲਈ ਲੇਡੀਜ਼ ਡਾ. ਅਮਨਦੀਪ ਕੌਰ ਟੱਲੇਵਾਲ ਦੀ  ਡਿਊਟੀ ਲਾਈ ਹੋਈ ਹੈ।  ਐੱਸ. ਐੱਮ. ਓ. ਰਿਟਾਇਰਮੈਂਟ ਲੈ ਚੁੱਕੇ ਹਨ, ਜਿਸ ਕਾਰਨ ਐੱਸ. ਐੱਮ. ਓ. ਦੀ ਪੋਸਟ ਖਾਲੀ ਹੋ ਗਈ ਹੈ। ਇਸ ਤੋਂ ਇਲਾਵਾ  ਡਾਕਟਰਾਂ ਦੀਆਂ ਜੋ ਅਸਾਮੀਆਂ ਭਰਨੀਆਂ ਹਨ, ਉਹ ਪੰਜਾਬ ਸਰਕਾਰ ਨੇ ਭਰਨੀਆਂ ਹਨ। ਅਸੀਂ ਇਸ ਸੰਬੰਧੀ ਹਰ ਮਹੀਨੇ ਆਪਣੇ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜ ਦਿੰਦੇ ਹਾਂ। 


Related News