ਐੱਨ. ਐੱਚ. ਐੱਮ. ਯੂਨੀਅਨ ਨੇ ਦਿੱਤਾ ਧਰਨਾ, 22 ਨੂੰ ਐਮਰਜੈਂਸੀ ਸੇਵਾਵਾਂ ਠੱਪ ਕਰਨ ਦਾ ਕੀਤਾ ਐਲਾਨ
Saturday, Nov 20, 2021 - 06:40 PM (IST)
ਫਿਰੋਜ਼ਪੁਰ (ਕੁਮਾਰ)- ਐੱਨ. ਐੱਚ. ਐੱਮ. ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਅੱਜ ਪ੍ਰਧਾਨ ਪ੍ਰੀਤ ਮੁਖੀਜਾ ਅਤੇ ਨਰਿੰਦਰ ਸਿੰਘ ਦੀ ਅਗਵਾਈ ਵਿੱਚ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ ਸਿਵਲ ਹਸਪਤਾਲ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਨਰਸਿੰਗ ਯੂਨੀਅਨ ਦੀ ਅਹੁਦੇਦਾਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਉਹ 15-15 ਸਾਲਾਂ ਤੋਂ ਬਹੁਤ ਹੀ ਘੱਟ ਤਨਖ਼ਾਹ ਅਤੇ ਠੇਕੇ 'ਤੇ ਨੌਕਰੀ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪੱਕਾ ਕਰਨ ਲਈ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਹਨ ਪਰ ਅੱਜ ਤੱਕ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਲਾਰੇ-ਲੱਪੇ ਲਗਾ ਕੇ ਸਰਕਾਰ ਵੱਲੋਂ ਆਪਣਾ ਸਮਾਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੱਕਾ ਕਰਨ ਦੀ ਬਜਾਏ ਉਨ੍ਹਾਂ ਨੂੰ ਧਮਕੀਆਂ ਦੇ ਕੇ ਧਰਨਾ ਤੋਂ ਉਠਾਇਆ ਗਿਆ।
ਇਕ ਪਾਸੇ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਕਰ ਰਹੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਪੱਕਾ ਕਰਨ ਲਈ ਅਜਿਹੀਆਂ ਸ਼ਰਤਾਂ ਲਗਾ ਦਿੱਤੀਆਂ ਗਈਆਂ ਹਨ ਕਿ ਬਹੁਤ ਘੱਟ ਗਿਣਤੀ ਵਿਚ ਮੁਲਾਜ਼ਮ ਉਹ ਸ਼ਰਤਾਂ ਪੂਰੀਆਂ ਕਰ ਸਕਣਗੇ।
ਇਹ ਵੀ ਪੜ੍ਹੋ: ਇਮਰਾਨ ਖ਼ਾਨ ਨੂੰ ਵੱਡਾ ਭਰਾ ਕਹਿਣ 'ਤੇ ਭਖੀ ਸਿਆਸਤ, ਨਵਜੋਤ ਸਿੱਧੂ ਦੇ ਹੱਕ ਨਿਤਰੇ ਪਰਗਟ ਸਿੰਘ
ਇਸ ਮੌਕੇ ਪੈਰਾਮੈਡੀਕਲ ਅਫ਼ਸਰ ਨਰਿੰਦਰ ਸ਼ਰਮਾ, ਚਾਰ ਦਰਜਾ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸਾਦ, ਪੀ. ਸੀ. ਐੱਮ. ਐੱਸ. ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਕੋਛੜ, ਸੰਦੀਪ ਕੌਰ, ਮਨਪ੍ਰੀਤ ਕੌਰ, ਡਾ. ਪਵਿਤਰ ਸਿੰਘ ਅਤੇ ਨਵਜੀਤ ਸਿੰਘ ਆਦਿ ਨੇ ਕਿਹਾ ਕਿ ਐੱਨ. ਐੱਚ. ਐੱਮ. ਸਾਥੀਆਂ ਨੂੰ ਕਿਸਾਨ ਜਥੇਬੰਦੀਆਂ ਵਾਂਗ ਤਿੱਖਾ ਸੰਘਰਸ਼ ਲੜ ਕੇ ਆਪਣੇ ਹੱਕ ਲੈਣੇ ਪੈਣਗੇ। ਐੱਨ. ਐੱਚ. ਐੱਮ. ਮੁਲਾਜ਼ਮਾਂ ਨੇ ਦੱਸਿਆ ਕਿ ਉਹ 22 ਨਵੰਬਰ ਨੂੰ ਜ਼ਿਲ੍ਹਾ ਹਸਪਤਾਲ ਫਿਰੋਜ਼ਪੁਰ ਵਿਖੇ 1 ਘੰਟੇ ਲਈ ਸਾਰੀਆਂ ਐਮਰਜੈਂਸੀ ਸੇਵਾਵਾਂ ਬੰਦ ਰੱਖ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਣਗੇ ਅਤੇ ਮੰਗ ਕਰਨਗੇ ਕਿ ਐੱਨ. ਐੱਚ. ਐੱਮ. ਮੁਲਾਜ਼ਮਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਤੁਰੰਤ ਪੱਕਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਰਕਾਰੀ ਮੁਲਾਜ਼ਮਾਂ ਵਾਂਗ ਤਨਖਾਹ ਅਤੇ ਹੋਰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਵੱਲੋਂ ਇਮਰਾਨ ਖ਼ਾਨ ਨੂੰ ‘ਵੱਡਾ ਭਰਾ’ ਕਹਿਣ ’ਤੇ ਛਿੜਿਆ ਨਵਾਂ ਵਿਵਾਦ, ਭਾਜਪਾ ਨੇ ਸਾਧੇ ਨਿਸ਼ਾਨੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ