ਭਾਦਸੋਂ 'ਚ ਨਾਇਬ ਤਹਿਸੀਲਦਾਰ ਨਾ ਹੋਣ 'ਤੇ ਇਲਾਕਾ ਵਾਸੀ ਹੋ ਰਹੇ ਖੱਜਲ-ਖੁਆਰ
Tuesday, Nov 29, 2022 - 08:21 PM (IST)

ਭਾਦਸੋਂ (ਅਵਤਾਰ) : ਉਂਝ ਤਾਂ ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਨਾਂ 'ਤੇ ਵੱਡੇ-ਵੱਡੇ ਦਾਅਵੇ ਕਰਕੇ ਲੋਕਾਂ ਨੂੰ ਖੁਸ਼ ਕਰਨ ਦੇ ਹਰ ਹੀਲੇ ਵਰਤੇ ਜਾ ਰਹੇ ਹਨ ਪਰ ਇਸ ਦੇ ਉਲਟ ਹਲਕਾ ਨਾਭਾ ਅਧੀਨ ਪੈਂਦੀ ਸਬ-ਤਹਿਸੀਲ ਭਾਦਸੋਂ ਵਿਖੇ ਪਿਛਲੇ 10-12 ਦਿਨਾਂ ਤੋਂ ਨਾਇਬ ਤਹਿਸੀਲਦਾਰ ਨਾ ਹੋਣ ਕਰਕੇ ਇਲਾਕਾ ਵਾਸੀਆਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆੜ੍ਹਤੀ ਮੇਜਰ ਸਿੰਘ ਮਟੋਰੜਾ, ਕਿਸਾਨ ਜਗਤਾਰ ਸਿੰਘ, ਗੁਰਮੇਲ ਸਿੰਘ, ਗੱਜਣ ਸਿੰਘ ਤੇ ਹੋਰ ਇਲਾਕਾ ਵਾਸੀਆਂ ਨੇ ਦੱਸਿਆ ਕਿ ਰਜਿਸਟਰੀ ਆਦਿ ਦਾ ਕੰਮ ਕਰਵਾਉਣ ਲਈ ਨਾਇਬ ਤਹਿਸੀਲਦਾਰ ਨਾ ਹੋਣ ਕਰਕੇ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ : CIA ਪੁਲਸ ਨੇ ਸਫ਼ਲਤਾ ਹਾਸਲ ਕਰਦਿਆਂ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਾਇਬ ਤਹਿਸੀਲਦਾਰ ਕੇ.ਸੀ. ਦੱਤਾ ਪਿਛਲੇ ਕੁਝ ਸਮੇਂ ਤੋਂ ਕਾਰਜ ਕਰ ਰਹੇ ਸਨ ਪਰ ਉਨ੍ਹਾਂ ਦੇ ਇੱਥੋਂ ਛੁੱਟੀ 'ਤੇ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਕੋਈ ਵੀ ਨਾਇਬ ਤਹਿਸੀਲਦਾਰ ਨਾ ਹੋਣ ਕਰਕੇ ਕੰਮ ਰੁਕੇ ਹੋਏ ਹਨ, ਜਿਸ ਕਰਕੇ ਇਲਾਕਾ ਵਾਸੀਆਂ 'ਚ ਰੋਸ ਪਾਇਆ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਕੋਸ ਰਹੇ ਹਨ। ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਜਲਦ ਹੀ ਨਾਇਬ ਤਹਿਸੀਲਦਾਰ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਇਲਾਕਾ ਵਾਸੀਆਂ ਨੂੰ ਦਿੱਕਤ ਨਾ ਆਵੇ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ, ਮੋਟਰ ਵ੍ਹੀਕਲ ਇੰਸਪੈਕਟਰ ਸਣੇ 3 ਭਗੌੜੇ ਏਜੰਟ ਗ੍ਰਿਫ਼ਤਾਰ
ਇਸ ਸਬੰਧੀ ਜਦੋਂ ਜ਼ਿਲ੍ਹੇ ਦੇ ਡੀ.ਸੀ. ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਬਾਰੇ ਜਦੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਵਾਰ-ਵਾਰ ਫੋਨ ਕਰਨ 'ਤੇ ਉਨ੍ਹਾਂ ਫੋਨ ਚੁੱਕਣ ਦੀ ਖੇਚਲ ਨਹੀਂ ਕੀਤੀ। ਹੁਣ ਦੇਖਣਾ ਹੋਵੇਗਾ ਕਿ ਸਬ-ਤਹਿਸੀਲ ਭਾਦਸੋਂ ਵਿਖੇ ਨਾਇਬ ਤਹਿਸੀਲਦਾਰ ਦੀ ਆਮਦ ਹੁੰਦੀ ਹੈ ਜਾਂ ਫਿਰ ਇਲਾਕਾ ਵਾਸੀਆਂ ਦਾ ਖੱਜਲ-ਖੁਆਰ ਹੋਣਾ ਜਾਰੀ ਰਹੇਗਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।