ਪੰਜਾਬ ਪੁਲਸ ਕਾਂਸਟੇਬਲ ਭਰਤੀ ਦੌਰਾਨ ਨੌਜਵਾਨਾਂ ਵੱਲੋਂ ਹੇਰਾਫੇਰੀ, ਬਾਇਓਮੀਟ੍ਰਿਕ ਸਿਸਟਮ ਨੇ ਖੋਲ੍ਹੀ ਪੋਲ

Wednesday, Dec 15, 2021 - 02:44 PM (IST)

ਪੰਜਾਬ ਪੁਲਸ ਕਾਂਸਟੇਬਲ ਭਰਤੀ ਦੌਰਾਨ ਨੌਜਵਾਨਾਂ ਵੱਲੋਂ ਹੇਰਾਫੇਰੀ, ਬਾਇਓਮੀਟ੍ਰਿਕ ਸਿਸਟਮ ਨੇ ਖੋਲ੍ਹੀ ਪੋਲ

ਚੰਡੀਗੜ੍ਹ (ਰਮਨਜੀਤ) : ਪੰਜਾਬ ਪੁਲਸ ’ਚ ਕਾਂਸਟੇਬਲਾਂ ਦੀ ਭਰਤੀ ਲਈ 3 ਦਸੰਬਰ ਤੋਂ ਚੱਲ ਰਹੇ ਫ਼ਿਜੀਕਲ ਟ੍ਰਾਇਲ 17 ਦਸੰਬਰ ਨੂੰ ਸਮਾਪਤ ਹੋਣਗੇ। ਇਹ ਸਾਰੀ ਪ੍ਰਕਿਰਿਆ ਏ. ਡੀ. ਜੀ. ਪੀ. ਕਮਿਊਨਿਟੀ ਅਫੇਅਰਜ਼ ਡਵੀਜ਼ਨ ਕੇਂਦਰੀ ਭਰਤੀ ਬੋਰਡ ਦੀ ਸਿੱਧੀ ਨਿਗਰਾਨੀ ਹੇਠ ਕਰਵਾਈ ਜਾ ਰਹੀ ਹੈ। ਉਹ ਨਿੱਜੀ ਤੌਰ ’ਤੇ ਇਨ੍ਹਾਂ ਟ੍ਰਾਇਲਾਂ ਦੀ ਨਿਗਰਾਨੀ ਕਰ ਰਹੇ ਹਨ। ਪੰਜਾਬ ਸਰਕਾਰ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਟ੍ਰਾਇਲ ਦੌਰਾਨ ਮਾਪ ਦੀ ਸਟੀਕਤਾ ਨੂੰ ਵਧਾਉਣ ਲਈ ਤਕਨੀਕ ਦਾ ਪ੍ਰਯੋਗ ਕੀਤਾ ਗਿਆ ਹੈ ਤਾਂ ਜੋ ਭਰਤੀ ਪ੍ਰਕਿਰਿਆ ’ਚ ਨਿਰਪੱਖਤਾ ਤੇ ਪਾਰਦਰਸ਼ਿਤਾ ਨੂੰ ਯਕੀਨੀ ਬਣਾਇਆ ਜਾ ਸਕੇ। ਸਰਕਾਰੀ ਬੁਲਾਰੇ ਮੁਤਾਬਕ ਫਿਜ਼ੀਕਲ ਟ੍ਰਾਇਲ ’ਚ ਦੌੜ, ਲੰਬੀ ਛਾਲ ਅਤੇ ਉੱਚੀ ਛਾਲ ਸਮੇਤ ਕੱਦ ਦਾ ਮਾਪ ਸ਼ਾਮਲ ਹੁੰਦਾ ਹੈ। ਮਨੁੱਖੀ ਦਖਲ ਤੋਂ ਬਿਨਾਂ ਉਮੀਦਵਾਰ ਦੇ ਕੱਦ ਨੂੰ ਸਹੀ ਢੰਗ ਨਾਲ ਮਾਪਣ ਲਈ ਉਚਾਈ ਮਾਪਣ ਵਾਲੀ ਡਿਜੀਟਲ ਪ੍ਰਣਾਲੀ ਲਗਾਈ ਗਈ ਹੈ। ਇਸ ਦੇ ਨਾਲ ਹੀ, ਉਮੀਦਵਾਰ ਵਲੋਂ ਦੌੜ ਨੂੰ ਪੂਰਾ ਕਰਨ ਲਈ ਲਏ ਗਏ ਸਮੇਂ ਨੂੰ ਸਹੀ ਢੰਗ ਨਾਲ ਮਾਪਣ ਲਈ ਆਰ.ਐੱਫ਼.ਆਈ.ਡੀ. ਟਾਈਮਿੰਗ ਸਿਸਟਮ ਦੀ ਵਰਤੋਂ ਕੀਤੀ ਜਾ ਰਹੀ ਹੈ। ਦੌੜ, ਲੰਬੀ ਛਾਲ ਅਤੇ ਉੱਚੀ ਛਾਲ ਸਮੇਤ ਸਾਰੀਆਂ ਘਟਨਾਵਾਂ ਨੂੰ ਨੇੜਿਓਂ ਰਿਕਾਰਡ ਕਰਨ ਲਈ ਹਾਈ-ਡੈਫੀਨੇਸ਼ਨ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ। ਉਮੀਦਵਾਰ ਆਪਣੀਆਂ ਸ਼ਿਕਾਇਤਾਂ ਅਤੇ ਅਪੀਲਾਂ ਦਾ ਮੌਕੇ ’ਤੇ ਨਿਪਟਾਰਾ ਕਰਨ ਲਈ ਸਿੱਧੇ ਤੌਰ ’ਤੇ ਕੇਂਦਰੀ ਭਰਤੀ ਬੋਰਡ ਦੇ ਚੇਅਰਪਰਸਨ ਅਤੇ ਮੈਂਬਰਾਂ ਨੂੰ ਮਿਲ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਡਿਵੈਲਪਰਜ਼ ਨੂੰ ਦਿੱਤੀ ਸੌਗਾਤ, ਬਕਾਏ ’ਤੇ ਵਿਆਜ਼ ’ਚ ਕੀਤੀ ਕਟੌਤੀ

ਬੁਲਾਰੇ ਮੁਤਾਬਿਕ ਪ੍ਰਕਿਰਿਆ ’ਚ ਇਕਸਾਰਤਾ ਬਣਾਈ ਰੱਖਣ ਅਤੇ ਨਕਲ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ, ਤਸਵੀਰਾਂ ਅਤੇ ਦਸਤਖਤਾਂ ਨੂੰ ਮਿਲਾਉਣ ਵਰਗੇ ਰਵਾਇਤੀ ਉਪਾਵਾਂ ਤੋਂ ਇਲਾਵਾ ਇਕ ਬਾਇਓਮੀਟ੍ਰਿਕ ਵੈਰੀਫਿਕੇਸ਼ਨ ਸਿਸਟਮ ਵੀ ਸ਼ਾਮਲ ਕੀਤਾ ਗਿਆ ਹੈ। ਹੁਣ ਤੱਕ ਤਕਨਾਲੌਜੀ ਦੀ ਮਦਦ ਨਾਲ 10 ਉਮੀਦਵਾਰ ਅਜਿਹੇ ਪਾਏ ਗਏ ਹਨ ਜਿਨ੍ਹਾਂ ਦੇ ਫਿਜੀਕਲ ਟ੍ਰਾਇਲ ਦੌਰਾਨ ਲਏ ਗਏ ਫਿੰਗਰਪ੍ਰਿੰਟ, ਫੋਟੋ ਅਤੇ ਦਸਤਖਤ ਲਿਖਤੀ ਪ੍ਰੀਖਿਆ ਦੇ ਸਮੇਂ ਲਏ ਗਏ ਉਮੀਦਵਾਰਾਂ ਨਾਲ ਮੇਲ ਨਹੀਂ ਖਾਂਦੇ। ਸਿੱਟੇ ਵਜੋਂ ਇਨ੍ਹਾਂ ਉਮੀਦਵਾਰਾਂ ਨੂੰ ਐੱਸ. ਐੱਚ. ਓ., ਨਵੀਂ ਬਾਰਾਦਰੀ ਥਾਣਾ ਜਲੰਧਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਹੁਣ ਤੱਕ 10 ਐੱਫ਼.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ’ਚ ਕਾਂਸਟੇਬਲਾਂ ਜ਼ਿਲ੍ਹਾ ਅਤੇ ਆਰਮਡ ਕਾਡਰ) ਦੀਆਂ 4,358 ਅਸਾਮੀਆਂ ਲਈ ਲਗਭਗ 25,500 ਉਮੀਦਵਾਰਾਂ ਨੂੰ ਉਨ੍ਹਾਂ ਦੀ ਸਬੰਧਤ ਸ਼੍ਰੇਣੀ ’ਚ ਮੈਰਿਟ ਅਨੁਸਾਰ ਸ਼ਾਰਟਲਿਸਟ ਕੀਤਾ ਗਿਆ ਸੀ। ਪਿਛਲੇ 12 ਦਿਨਾਂ ਦੌਰਾਨ 16,500 ਤੋਂ ਵੱਧ ਉਮੀਦਵਾਰ ਫ਼ਿਜ਼ੀਕਲ ਟ੍ਰਾਇਲ ਲਈ ਹਾਜ਼ਰ ਹੋਏ। ਜੇਕਰ ਕੋਈ ਸ਼ਾਰਟਲਿਸਟ ਉਮੀਦਵਾਰ ਆਪਣੇ ਟ੍ਰਾਇਲ ਤੋਂ ਖੁੰਝ ਗਿਆ ਹੈ ਜਾਂ ਆਪਣੇ ਐਡਮਿਟ ਕਾਰਡ ਅਨੁਸਾਰ ਨਿਰਧਾਰਤ ਮਿਤੀ ’ਤੇ ਹਾਜ਼ਰ ਹੋਣ ’ਚ ਅਸਮਰੱਥ ਹੈ ਤਾਂ ਉਹ ਫ਼ਿਜ਼ੀਕਲ ਟ੍ਰਾਇਲਾਂ ਲਈ ਨਿਰਧਾਰਤ ਆਖਰੀ ਦਿਨ ਭਾਵ 17 ਦਸੰਬਰ ਨੂੰ ਟ੍ਰਾਇਲ ਲਈ ਆ ਸਕਦਾ ਹੈ।

ਇਹ ਵੀ ਪੜ੍ਹੋ : ਕੇਜਰੀਵਾਲ ਦੱਸਣ ਕੋਵਿਡ ’ਚ ਦਿੱਲੀ ਦੀ ਜਨਤਾ ਪੰਜਾਬ ’ਚ ਕਿਉਂ ਆਉਂਦੀ ਰਹੀ ਇਲਾਜ ਕਰਵਾਉਣ : ਸੋਨੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News