ਕਰੀਬ 3 ਮਹੀਨੇ ਬਾਅਦ ਰੱਖੀ ਨਗਰ ਕੌਂਸਲ ਦੀ ਮੀਟਿੰਗ ਨਹੀਂ ਚੜ੍ਹੀ ਸਿਰੇ

03/27/2023 6:30:09 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀ ਅੱਜ ਹੋਣ ਵਾਲੀ ਮੀਟਿੰਗ ਨਹੀਂ ਹੋ ਸਕੀ। ਨਗਰ ਕੌਸਲ ਦੇ ਮੀਟਿੰਗ ਵਿਚ ਇਕ ਵੀ ਕੌਂਸਲਰ ਨਹੀਂ ਪਹੁੰਚਿਆ। ਮੀਟਿੰਗ ਵਿਚ ਕਿਸੇ ਵੀ ਕੌਂਸਲਰ ਦੇ ਨਾ ਪਹੁੰਚਣ ਦੇ ਚੱਲਦਿਆਂ ਆਖਰ ਮੀਟਿੰਗ ਸਿਰੇ ਨਹੀਂ ਚੜ੍ਹੀ। ਦੱਸਦੇਈਏ ਕਿ ਪਹਿਲਾਂ ਹੀ ਲੰਮੇ ਵਕਫ਼ੇ ਨਾਲ ਹੋ ਰਹੀਆਂ ਮੀਟਿੰਗਾਂ ਦੇ ਚੱਲਦਿਆ ਸ਼ਹਿਰ ਵਿਚ ਬਹੁਤ ਸਾਰੇ ਵਿਕਾਸ ਦੇ ਕਾਰਜ ਰੁਕੇ ਹੋਏ ਹਨ। ਪਿਛਲੀ ਮੀਟਿੰਗ ਦਸੰਬਰ 2022 ਵਿਚ ਹੋਈ ਸੀ ਜਿਸ ਤੋਂ ਕਰੀਬ 3 ਮਹੀਨੇ ਬਾਅਦ ਹੁਣ 27 ਮਾਰਚ ਦਿਨ ਸੋਮਵਾਰ ਦੀ ਮੀਟਿੰਗ ਰੱਖੀ ਗਈ ਸੀ ਅਤੇ ਮੀਟਿੰਗ ਸਬੰਧੀ ਨਗਰ ਕੌਂਸਲਰਾਂ ਨੂੰ ਏਜੰਡਾ ਅਤੇ ਪੱਤਰ ਭੇਜ ਕੇ ਸੂਚਿਤ ਕੀਤਾ ਗਿਆ ਸੀ ਪਰ ਇਸਦੇ ਬਾਵਜੂਦ ਵੀ ਕੋਈ ਕੌਂਸਲਰ ਨਗਰ ਕੌਂਸਲ ਦੀ ਮੀਟਿੰਗ ਵਿਚ ਨਹੀਂ ਪਹੁੰਚਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਡੀ ਗਿਣਤੀ ਵਿਚ ਕੌਂਸਲਰ ਨਗਰ ਕੌਂਸਲ ਪ੍ਰਧਾਨ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ, ਜਿਸਦਾ ਨਤੀਜਾ ਅੱਜ ਸਾਹਮਣੇ ਵੇਖਣ ਨੂੰ ਮਿਲਿਆ ਹੈ। ਦੱਸ ਦੇਈਏ ਕਿ ਕਾਂਗਰਸ ਨਾਲ ਸਬੰਧਿਤ ਨਗਰ ਕੌਂਸਲ ਦੇ ਪ੍ਰਧਾਨ ਨਾਲ ਕਾਂਗਰਸੀ ਕੌਂਸਲਰਾਂ ਦੀ ਨਰਾਜ਼ਗੀ ਹੀ ਵੱਡੇ ਪੱਧਰ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਨਗਰ ਕੌਂਸਲ ਦੀ ਜਗ੍ਹਾ ਇਕ ਕੌਫੀ ਹਾਊਸ ਵਿਚ ਇਕੱਤਰ ਹੋਏ ਕਾਂਗਰਸ ਅਤੇ ‘ਆਪ’ ਦੇ ਕੌਂਸਲਰ

ਨਗਰ ਕੌਂਸਲ ਦੀ ਮੀਟਿੰਗ ਵਿਚ ਜਾਣ ਦੀ ਬਜਾਏ ਕਰੀਬ 17 ਕੌਂਸਲਰਾਂ ਨੇ ਸ੍ਰੀ ਮਕੁਤਸਰ ਸਾਹਿਬ ਦੇ ਇਕ ਕੌਫੀ ਹਾਊਸ ਵਿਚ ਮੀਟਿੰਗ ਕੀਤੀ। ਦਰਅਸਲ ਕੌਂਸਲਰਾਂ ਦੀ ਮੰਨੀਏ ਤਾਂ ਨਗਰ ਕੌਂਸਲ ਦੀ ਮੀਟਿੰਗ ਦੌਰਾਨ ਪਾਏ ਜਾਣ ਵਾਲੇ ਕੰਮਾਂ ਦੇ ਮਤੇ ਸਬੰਧੀ ਉਨ੍ਹਾਂ ਦੇ ਵਾਰਡਾਂ ਵਿਚ ਹੋਣ ਵਾਲੇ ਕੰਮ ਉਨ੍ਹਾਂ ਦੀ ਪੁੱਛਗਿੱਛ ਤੋਂ ਬਿਨਾਂ ਹੀ ਪਾਏ ਜਾਂਦੇ ਹਨ ਜੇਕਰ ਉਹ ਆਪਣੇ ਵਾਰਡਾਂ ਵਿਚ ਕੰਮ ਹੀ ਨਹੀਂ ਕਰਵਾ ਸਕਦੇ ਤਾਂ ਉਨ੍ਹਾਂ ਲਈ ਅਜਿਹੀਆਂ ਮੀਟਿੰਗਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਇਕੱਤਰ ਕੌਂਸਲਰਾਂ ਦਾ ਕਹਿਣਾ ਸੀ ਕਿ ਸ਼ਹਿਰ ਦੇ ਵਿਕਾਸ ਦੇ ਕੰਮ ਬਿਨ੍ਹਾਂ ਕਿਸੇ ਭੇਦ ਭਾਵ ਦੇ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਵਾਰਡ ਦੇ ਲੋਕਾਂ ਨੇ ਉਨ੍ਹਾਂ ਨੂੰ ਕੌਂਸਲਰ ਚੁਣਿਆ ਹੈ ਤਾਂ ਉਹ ਵਾਰਡ ਵਾਸੀਆਂ ਲਈ ਜਵਾਬਦੇਹ ਹਨ। ਉਨ੍ਹਾਂ ਦੱਸਿਆ ਕਿ ਟਾਈਡ ਫੰਡ ਤੇ ਸਫ਼ਾਈ ਅਤੇ ਹੋਰ ਕਾਰਜਾਂ ਲਈ ਆਏ ਕਰੀਬ 6 ਕਰੋੜ ਰੁਪਏ ਕੰਮਾਂ ਦੇ ਵਰਨਣ ਬਿਨ੍ਹਾਂ ਸਿੱਧੇ ਤੌਰ ’ਤੇ ਹੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਦੇਣ ਦਾ ਮਤਾ ਅੱਜ ਦੀ ਮੀਟਿੰਗ ਦੇ ਏਜੰਡੇ ਵਿਚ ਸੀ, ਕੰਮਾਂ ਦੇ ਵਰਨਣ ਤੋਂ ਬਿਨ੍ਹਾਂ ਹੀ ਇਸ ਤਰ੍ਹਾਂ ਫੰਡ ਦੇਣੇ ਬਿਲਕੁਲ ਵਾਜਬ ਨਹੀਂ ਹੈ। ਇਸ ਮੌਕੇ ਕੌਂਸਲਰ ਗੁਰਿੰਦਰ ਸਿੰਘ ਬਾਵਾ ਕੋਕੀ, ਯਾਦਵਿੰਦਰ ਸਿੰਘ ਯਾਦੂ, ਤੇਜਿੰਦਰ ਸਿੰਘ ਜਿੰਮੀ, ਗੁਰਵਿੰਦਰ ਕੌਰ ਪਤੰਗਾ, ਜਗਮੀਤ ਸਿੰਘ ਜੱਗਾ, ਹਰਦੀਪ ਸਿੰਘ ਕਾਲਾ, ਗੁਰਸ਼ਰਨ ਸਿੰਘ ਸ਼ਰਨਾ, ਗੁਰਪ੍ਰੀਤ ਸਿੰਘ, ਮਹਿੰਦਰ ਚੌਧਰੀ, ਵਿਕਰਮਜੀਤ ਸਿੰਘ ਤੋਂ ਇਲਾਵਾ ਰਾਜਬੀਰ ਸਿੰਘ ਬਿੱਟਾ ਗਿੱਲ, ਗੁਰਮੀਤ ਸਿੰਘ ਜੀਤਾ, ਰਵੀ ਮੋਰੀਆ, ਇੰਦਰਜੀਤ ਸਿੰਘ ਗੋਰਾ ਆਦਿ ਹਾਜ਼ਰ ਸਨ।

ਅਕਾਲੀ ਕੌਂਸਲਰਾਂ ਦੇ ਵੱਖ-ਵੱਖ ਸੁਰ

ਉਧਰ ਮੀਟਿੰਗ ਤੋਂ ਪਾਸੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਦੇ ਵੱਖ-ਵੱਖ ਬਿਆਨ ਸਾਹਮਣੇ ਆ ਰਹੇ ਹਨ। ਕੁਝ ਕੌਂਸਲਰ ਇਸ ਗੱਲ ਤੋਂ ਨਾਰਾਜ਼ ਹਨ ਕਿ ਵਾਰਡਾਂ ਦੇ ਕੰਮ ਉਨ੍ਹਾਂ ਦੀ ਪੁੱਛਗਿੱਛ ਤੋਂ ਬਿਨ੍ਹਾਂ ਪੈ ਰਹੇ ਹਨ, ਜਦਕਿ ਕੁਝ ਕੌਸਲਰ ਮੀਟਿੰਗ ਮੁਲਤਵੀ ਦਾ ਪਹਿਲਾਂ ਹੀ ਫੋਨ ਆਉਣ ਦੀ ਗੱਲ ਆਖ ਰਹੇ ਹਨ।

ਮੇਰੀ ਪਰਿਵਾਰਕ ਸਮੱਸਿਆ ਕਾਰਨ ਮੀਟਿੰਗ ਵਿਚ ਨਹੀਂ ਆਇਆ : ਪ੍ਰਧਾਨ

ਉਧਰ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮ੍ਹੀ ਤੇਰ੍ਹੀਆ ਨੇ ਕਿਹਾ ਕਿ ਸੋਮਵਾਰ 27 ਮਾਰਚ ਦੀ ਮੀਟਿੰਗ ਰੱਖੀ ਗਈ ਸੀ ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੇ ਬਿਮਾਰ ਹੋਣ ਕਾਰਨ ਉਹ ਮੀਟਿੰਗ ਵਿਚ ਨਹੀਂ ਪਹੁੰਚ ਸਕੇ। ਉਧਰ ਸੂਤਰਾਂ ਦੀ ਮੰਨੀਏ ਤਾਂ ਬੀਤੀ ਦੇਰ ਰਾਤ ਹੀ ਨਗਰ ਕੌਂਸਲ ਪ੍ਰਧਾਨ ਨੂੰ ਇਸ ਗੱਲ ਦਾ ਇਲਮ ਹੋ ਗਿਆ ਸੀ ਕਿ ਨਗਰ ਕੌਂਸਲ ਦੇ ਬਹੁਤੇ ਕੌਂਸਲਰ ਮੀਟਿੰਗ ਵਿਚ ਨਹੀਂ ਪਹੁੰਚਣ ਵਾਲੇ ਹਨ।

ਕਾਂਗਰਸ ਦੀ ਅਗਵਾਈ ਵਾਲੀ ਹੈ ਨਗਰ ਕੌਂਸਲ

ਨਗਰ ਕੌਂਸਲਰ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮ੍ਹੀ ਤੇਰ੍ਹੀਆ ਹਨ ਜੋ ਕਿ ਕਾਂਗਰਸ ਨਾਲ ਸਬੰਧਤ ਹਨ। ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਵਿਚ ਕਾਂਗਰਸ ਦੇ 17, ਸ਼੍ਰੋਮਣੀ ਅਕਾਲੀ ਦਲ ਦੇ 10, ਭਾਜਪਾ ਦਾ ਇਕ, ਆਮ ਆਦਮੀ ਪਾਰਟੀ ਦੇ ਦੋ ਅਤੇ ਇਕ ਆਜ਼ਾਦ ਕੌਂਸਲਰ ਹੈ। ਕਾਂਗਰਸ ਸਰਕਾਰ ਸਮੇਂ ਨਗਰ ਕੌਂਸਲ ਦਾ ਸੀਨੀਅਰ ਮੀਤ ਪ੍ਰਧਾਨ ਵੀ ਕਾਂਗਰਸ ਨਾਲ ਸਬੰਧਿਤ ਰਿਹਾ ਹੈ ਪਰ ਹੁਣ ਸੀਨੀਅਰ ਮੀਤ ਪ੍ਰਧਾਨ ਦੀ ਇਕ ਸਾਲ ਦੀ ਟਰਮ ਪੂਰੀ ਹੋਣ ਉਪਰੰਤ ਮੁੜ ਤੋਂ ਸੀਨੀਅਰ ਮੀਤ ਪ੍ਰਧਾਨ ਵੀ ਨਹੀਂ ਚੁਣਿਆ ਗਿਆ। ਕਾਂਗਰਸ ਦੇ 17 ਕੌਂਸਲਰਾਂ ਵਿਚੋਂ 2 ਕੌਂਸਲਰ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ।

15 ਮਿੰਟ ਪਹਿਲਾਂ ਪ੍ਰਧਾਨ ਦਾ ਫੋਨ ਆਇਆ : ਕਾਰਜ ਸਾਧਕ ਅਫ਼ਸਰ

ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਦਾ ਕਹਿਣਾ ਹੈ ਕਿ ਮੀਟਿੰਗ ਦਾ ਸਮਾਂ 11 ਵਜੇ ਸੀ ਕਰੀਬ 15 ਮਿੰਟ ਪਹਿਲਾਂ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮ੍ਹੀ ਤੇਰ੍ਹੀਆ ਦਾ ਫੋਨ ਆਇਆ ਕਿ ਪਰਿਵਾਰਕ ਮੈਂਬਰ ਬਿਮਾਰ ਹੈ ਅਤੇ ਐਮਰਜੈਂਸੀ ਹੈ ਜਿਸ ਕਾਰਨ ਮੀਟਿੰਗ ਨਹੀਂ ਕਰ ਸਕਣਗੇ। 


Gurminder Singh

Content Editor

Related News