6 ਮਹੀਨੇ ’ਚ ਬੰਦ ਪਈਆਂ 50 ਸਟਰੀਟ ਲਾਈਟਾਂ ਵੀ ਠੀਕ ਨਹੀਂ ਕਰਵਾ ਸਕਿਆ ਨਗਰ ਨਿਗਮ

Thursday, Oct 25, 2018 - 04:52 AM (IST)

6 ਮਹੀਨੇ ’ਚ ਬੰਦ ਪਈਆਂ 50 ਸਟਰੀਟ ਲਾਈਟਾਂ ਵੀ ਠੀਕ ਨਹੀਂ ਕਰਵਾ ਸਕਿਆ ਨਗਰ ਨਿਗਮ

ਬਠਿੰਡਾ, (ਜ. ਬ.)- ਸਟਰੀਟ ਲਾਈਟਾਂ ਦੀ ਦੇਖ-ਰੇਖ ’ਤੇ ਕਰੋਡ਼ਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਨਿਗਮ  ਲਾਈਟਾਂ ਨੂੰ ਠੀਕ ਨਹੀਂ ਕਰਵਾ ਸਕਿਆ, ਜਿਨ੍ਹਾਂ ਦੀ ਕੰਪਲੇਟ ਅਪ੍ਰੈਲ 2018 ਦੌਰਾਨ ਅਧਿਕਾਰੀਆਂ ਕੋਲ ਕੀਤੀ ਗਈ ਸੀ। ‘ਗਾਹਕ ਜਾਗੋ’ ਦੇ ਸੰਜੀਵ ਗੋਇਲ ਵਾਸੀ ਬਠਿੰਡਾ ਨੇ ਇਸ ਸਬੰਧ ’ਚ ਕਈ ਵਾਰ ਸ਼ਿਕਾਇਤ ਦਰਜ ਕਰਵਾਈ ਹੈ ਪਰ ਕੋਈ ਕਾਰਵਾਈ ਨਹੀਂ ਹੋ ਸਕੀ। ਸੰਜੀਵ ਗੋਇਲ ਨੇ ਦੱਸਿਆ ਕਿ ਮੁੱਖ ਸਡ਼ਕ ’ਤੇ ਕਾਲੀ ਮਾਤਾ ਮੰਦਰ ਤੋਂ ਲੈ ਕੇ ਰੋਜ਼ ਗਾਰਡਨ ਤੱਕ 50 ਲਾਈਟਾਂ ਖਰਾਬ ਹੋਣ ਦੀ ਸ਼ਿਕਾਇਤ ਉਨ੍ਹਾਂ ਨੇ 10 ਅਪ੍ਰੈਲ 2018 ਨੂੰ ਨਗਰ ਨਿਗਮ ਬਠਿੰਡਾ ਵਿਚ ਦਰਜ ਕਰਵਾਈ ਸੀ। ਇਸ ਤੋਂ ਬਾਅਦ ਮਹੀਨੇ ਭਰ ਵਿਚ ਵੀ ਲਾਈਟ ਠੀਕ ਨਾ ਹੋਣ ’ਤੇ ਉਨ੍ਹਾਂ ਨੇ ਸ਼ਿਕਾਇਤ ਈ-ਮੇਲ ਰਾਹੀਂ ਮੁੱਖ ਮੰਤਰੀ ਪੰਜਾਬ, ਪ੍ਰਿੰਸੀਪਲ ਸਕੱਤਰ ਲੋਕਲ ਬਾਡੀਜ਼ ਪੰਜਾਬ, ਮਾਣਯੋਗ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਕਮਿਸ਼ਨਰ ਨਗਰ ਨਿਗਮ ਨਾਲ ਕੀਤੀ ਸੀ।
ਨਿਗਮ ਨੂੰ ਨਹੀਂ ਪਤਾ ਲਾਈਟਾਂ ਦੀ ਗਿਣਤੀ
 ਗਾਹਕ ਜਾਗੋ ਦੇ ਪ੍ਰਤੀਨਿਧੀ ਨੇ ਦੱਸਿਆ ਕਿ ਨਗਰ ਨਿਗਮ ਦੀ ਵੈੱਬਸਾਈਟ ਵੀ ਅਪਡੇਟ ਨਹੀਂ ਕੀਤੀ ਜਾਂਦੀ ਤੇ ਵੈੱਬਸਾਇਟ ’ਤੇ ਮਹਾਨਗਰ ’ਚ ਲੱਗੀਆਂ ਲਾਈਟਾਂ ਦੀ ਗਿਣਤੀ ਬਹੁਤ ਘੱਟ ਲਿਖੀ ਹੋਈ ਹੈ। ਇਸ ਨਾਲ ਵੀ ਪ੍ਰਤੀਤ ਹੁੰਦਾ ਹੈ ਕਿ ਨਗਰ ਨਿਗਮ ਨੂੰ ਮਹਾਨਗਰ ’ਚ ਲੱਗੀਅਾਂ ਸਟਰੀਟ ਲਾਈਟਾਂ ਦੀ ਪੂਰੀ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵੈੱਬਸਾਈਟ ’ਤੇ ਸਟਰੀਟ ਲਾਈਟਾਂ ਦੀ ਗਿਣਤੀ 14000 ਦੇ ਕਰੀਬ ਲਿਖੀ ਹੋਈ ਹੈ। ਜਦੋਂ ਉਨ੍ਹਾਂ ਨੇ ਆਰ. ਟੀ. ਆਈ. ਤਹਿਤ ਲਾਈਟਾਂ ਦੀ ਗਿਣਤੀ ਬਾਰੇ ਜਾਣਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸ਼ਹਿਰ ’ਚ ਲੱਗੀ ਸਟਰੀਟ ਲਾਈਟਾਂ ਦੀ ਗਿਣਤੀ 23254 ਹੈ। 
 ਬਿਆਨ ਦਰਜ ਹੋਏ ਪਰ ਨਹੀਂ ਹੋਈ ਕਾਰਵਾਈ
 ਸੰਜੀਵ ਜਿੰਦਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਸ਼ਿਕਾਇਤ ਨੂੰ ਜਾਂਚ ਲਈ ਨਾਇਬ ਤਹਿਸੀਲਦਾਰ ਬਠਿੰਡਾ ਕੋਲ ਭੇਜ ਦਿੱਤਾ। ਪਡ਼ਤਾਲ ਲਈ ਨਾਇਬ ਤਹਿਸੀਲਦਾਰ ਬਠਿੰਡਾ ਦੀ ਕੋਰਟ ਵਿਚ ਉਨ੍ਹਾਂ ਨੂੰ 21 ਜੂਨ 2018 ਨੂੰ ਬੁਲਾਇਆ ਗਿਆ। ਉਨ੍ਹਾਂ ਦੇ ਬਿਆਨ ਲੈਂਦੇ ਗਏ ਪਰ ਇਸਦੇ ਬਾਵਜੂਦ  ਸ਼ਿਕਾਇਤ ’ਤੇ ਅੱਜ ਤੱਕ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਉਕਤ ਲਾਈਟਾਂ ਅੱਜ ਵੀ ਉਸੇ ਤਰ੍ਹਾਂ ਬੰਦ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸ਼ਹਿਰ ਦੇ ਕਈ ਹੋਰ ਹਿੱਸਿਆਂ ’ਚ ਵੀ ਸਟਰੀਟ ਲਾਈਟਾਂ ਦੀ ਗਿਣਤੀ ਹੁਣ 50 ਤੋਂ ਵੱਧ ਕੇ 80’ਤੇ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਲਗਭਗ 75 ਲੱਖ ਦਾ ਠੇਕਾ ਸਿਰਫ ਸਟਰੀਟ ਲਾਈਟਾਂ ਲਈ ਲੇਬਰ ਸਪਲਾਈ ਦਾ ਹੈ। ਇੰਨੇ ਪੈਸੇ ਖਰਚ ਕਰਨ ਤੋਂ ਬਾਅਦ ਵੀ ਸਟਰੀਟ ਲਾਈਟਾਂ ਦੀ ਵਿਵਸਥਾ ਗਡ਼ਬਡ਼ਾਈ ਹੈ।
 


Related News