ਸਰਕਾਰੀ ਕਾਲਜ ਫਾਰ ਗਰਲਜ਼ ''ਚ ਐੱਮ.ਪੀ. ਸੰਜੀਵ ਅਰੋੜਾ ਨੇ 750 ਵਿਦਿਆਰਥਣਾਂ ਨੂੰ ਵੰਡੀਆਂ ਡਿਗਰੀਆਂ
Wednesday, Nov 16, 2022 - 09:37 PM (IST)

ਲੁਧਿਆਣਾ (ਜੋਸ਼ੀ) : ਸੰਜੀਵ ਅਰੋੜਾ ਐੱਮ.ਪੀ. (ਰਾਜ ਸਭਾ) ਨੇ ਪ੍ਰਿੰਸੀਪਲ ਸੁਮਨ ਲਤਾ ਨੂੰ ਸਰਕਾਰੀ ਕਾਲਜ ਫਾਰ ਗਰਲਜ਼, ਲੁਧਿਆਣਾ 'ਚ ਸਾਲਾਨਾ ਡਿਗਰੀ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਸ਼ਾਨਦਾਰ ਮਾਣਕ ਨੂੰ ਬਣਾਈ ਰੱਖਣ ਵਿਚ ਬੇਮਿਸਾਲ ਕੰਮਾਂ ਲਈ ਵਧਾਈ ਦਿੱਤੀ। ਉਹ ਡਿਗਰੀ ਵੰਡ ਸਮਾਗਮ ਵਿਚ ਮੁੱਖ ਮਹਿਮਾਨ ਸਨ, ਜਿਸ ਵਿਚ ਉਨ੍ਹਾਂ ਨੇ 750 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ਅਤੇ ਅਮਿਤ ਥਾਪਰ ਸੀ.ਆਈ.ਆਈ. (ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਟਰੀਜ਼) ਪੰਜਾਬ ਦੇ ਚੇਅਰਮੈਨ ਵਿਸ਼ੇਸ਼ ਮਹਿਮਾਨ ਸਨ।
ਇਹ ਵੀ ਪੜ੍ਹੋ : ਜ਼ੀਰਕਪੁਰ 'ਚ ਕਾਰ ਛੱਡ ਕੇ ਭੱਜਿਆ ਨੌਜਵਾਨ, ਖੋਲ੍ਹ ਕੇ ਵੇਖੀ ਤਾਂ ਪਈਆਂ ਭਾਜੜਾਂ
ਡਿਗਰੀਧਾਰਕਾਂ ਨੂੰ ਵਧਾਈ ਦਿੰਦਿਆਂ ਅਰੋੜਾ ਨੇ ਕਿਹਾ ਕਿ ਇਕ ਦੇਸ਼ ਦੀ ਚੰਗੀ ਉਸਾਰੀ ਲਈ ਮਹਿਲਾ ਸਸ਼ਕਤੀਕਰਨ ਦੀ ਲੋੜ ਹੈ। ਉਨ੍ਹਾਂ ਨੇ ਡਿਗਰੀਧਾਰਕਾਂ ਨੂੰ ਕਿਹਾ ਕਿ ਉਹ ਵਿਆਹ ਤੋਂ ਬਾਅਦ ਵੀ ਸਿਰਫ ਘਰੇਲੂ ਔਰਤਾਂ ਨਾ ਬਣਨ, ਸਗੋਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਸਿੱਖਿਆ ਦੀ ਪੂਰੀ ਵਰਤੋਂ ਕਰਨ ਲਈ ਹਰ ਸੰਭਵ ਯਤਨ ਕਰਨ। ਉਨ੍ਹਾਂ ਨੇ ਲੜਕੀਆਂ ਨੂੰ ਗੁਣਕਾਰੀ ਸਿੱਖਿਆ ਦੇਣ ਲਈ ਕਾਲਜ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਕਾਲਜ ਦੀ ਸ਼ੁਰੂਆਤ ਮਹਿਜ਼ 25 ਲੜਕੀਆਂ ਨਾਲ ਹੋਈ ਸੀ। ਅੱਜ ਵਿਦਿਆਰਥੀਆਂ ਦੀ ਗਿਣਤੀ ਵਧ ਕੇ 3000 ਹੋ ਗਈ ਹੈ। ਉਨ੍ਹਾਂ ਨੇ ਡਿਗਰੀਧਾਰਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਜੀਵਨ ਵਿਚ ਦੂਜਿਆਂ ਦਾ ਅਨੁਸਰਣ ਨਾ ਕਰਨ ਅਤੇ ਵਿਦੇਸ਼ ਵਿਚ ਵਸਣ ਦਾ ਨਿਰਣਾ ਲੈਣ ਤੋਂ ਪਹਿਲਾਂ ਸੋਚਣ। ਲੋਕ ਵਿਦੇਸ਼ਾਂ ਤੋਂ ਆਪਣੀ ਮਾਤ ਭੂਮੀ ਵੱਲ ਵਾਪਸ ਪਰਤ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਥੇ ਬਿਹਤਰ ਮੌਕੇ ਮਿਲ ਰਹੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਮੌਜੂਦਾ ਅਤੇ ਸੰਭਾਵੀ ਪੀੜ੍ਹੀਆਂ ਦੇ ਲਈ ਵਾਤਾਵਰਣ 'ਚ ਸੁਧਾਰ ਅਤੇ ਸੁਰੱਖਿਆ ਲਈ ਕੰਮ ਕਰਨ ਦੀ ਸਲਾਹ ਵੀ ਦਿੱਤੀ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਭੰਡਾਰੀ ਪੁਲ 'ਤੇ ਕਿਸਾਨਾਂ ਵੱਲੋਂ ਚੱਕਾ ਜਾਮ, ਲੋਕ ਪ੍ਰੇਸ਼ਾਨ, ਕਈ ਐਂਬੂਲੈਂਸਾਂ ਫਸੀਆਂ
ਅਮਿਤ ਥਾਪਰ ਅਤੇ ਪ੍ਰਿੰਸੀਪਲ ਨੇ ਕੈਂਸਰ ਚੈਰੀਟੇਬਲ ਟਰੱਸਟ ਦੇ ਰੂਪ ਵਿਚ ਕੀਤੇ ਗਏ ਅਰੋੜਾ ਦੀ ਨਿਮਰਤਾ ਅਤੇ ਪਰਉਪਕਾਰੀ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਾਲਜ ਪ੍ਰਿੰਸੀਪਲ ਸੁਮਨ ਲਤਾ ਅਤੇ ਸਟਾਫ ਦੀ ਮੰਗ ਦਾ ਹਵਾਲਾ ਦਿੰਦਿਆਂ ਐੱਮ.ਪੀ. ਲੈਂਡ ਫੰਡ 'ਚੋਂ 50 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਫੰਡ ਕਾਲਜ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਮੌਜੂਦਾ ਅਤੇ ਅਗਲੇ ਵਿੱਤੀ ਸਾਲ ਦੌਰਾਨ 2 ਕਿਸ਼ਤਾਂ ਵਿਚ ਦਿੱਤਾ ਜਾਵੇਗਾ। ਇਸ ਮੌਕੇ ਬੋਲਦਿਆਂ ਡਿਗਰੀ ਵੰਡ ਸਮਾਗਮ ਦੇ ਮੁੱਖ ਮਹਿਮਾਨ ਅਤੇ ਸੀ.ਆਈ.ਆਈ. ਪੰਜਾਬ ਦੇ ਚੇਅਰਮੈਨ ਅਮਿਤ ਥਾਪਰ ਨੇ ਅਰੋੜਾ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਅਰੋੜਾ ਦੀ ਨਿਮਰਤਾ ਇਸੇ ਗੱਲ ਤੋਂ ਦੇਖੀ ਜਾ ਸਕਦੀ ਸੀ ਕਿ ਉਹ ਵ੍ਹੀਲਚੇਅਰ ’ਤੇ ਬੈਠੀ ਵਿਦਿਆਰਥਣ ਉਰਵਸ਼ੀ ਸ਼ਰਮਾ ਨੂੰ ਡਿਗਰੀ ਦੇਣ ਲਈ ਮੰਚ ਤੋਂ ਥੱਲੇ ਉੱਤਰੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਲਜ ਦੀ ਵਾਈਸ ਪ੍ਰਿੰਸੀਪਲ ਗੁਰਜਿੰਦਰ ਕੌਰ ਅਤੇ ਰਜਿਸਟਰਾਰ ਡਾ. ਸ਼ਰਨਜੀਤ ਕੌਰ ਪਰਮਾਰ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।