ਨਕਲੀ ਕੀਟਨਾਸ਼ਕ ਦਵਾਈਆਂ ਦਾ ਧੰਦਾ ਕਰਨ ਵਾਲੇ 2 ਕਾਬੂ

9/24/2020 1:45:35 PM

ਮੋਗਾ (ਆਜ਼ਾਦ) : ਮੋਗਾ ਪੁਲਸ ਅਤੇ ਖੇਤੀਬਾੜੀ ਵਿਭਾਗ ਵਲੋਂ ਕੀਤੇ ਗਏ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਨਕਲੀ ਕੀਟਨਾਸ਼ਕ ਦਵਾਈਆਂ ਦਾ ਧੰਦਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਦੀ ਕਾਰ ਵਿਚੋਂ ਭਾਰੀ ਮਾਤਰਾ ਵਿਚ ਨਕਲੀ ਕੀਟਨਾਸ਼ਕ ਦਵਾਈਆਂ ਬਰਾਮਦ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਮੌਕੇ ਚੀਫ ਐਗਰੀਕਲਚਰ ਅਫਸਰ ਬਲਵਿੰਦਰ ਸਿੰਘ, ਐਗਰੀਕਲਚਰ ਅਫਸਰ ਜਸਵਿੰਦਰ ਸਿੰਘ ਬਰਾੜ, ਸੀ. ਆਈ. ਏ. ਮੋਗਾ ਦੇ ਇੰਚਾਰਜ ਇੰਸਪੈਕਟਰ ਤ੍ਰਲੋਚਨ ਸਿੰਘ, ਥਾਣਾ ਸਿਟੀ ਸਾਉਥ ਦੇ ਇੰਚਾਰਜ ਸੰਦੀਪ ਸਿੰਘ ਸਿੱਧੂ ਅਤੇ ਖੇਤੀਬਾੜੀ ਅਤੇ ਪੁਲਸ ਦੇ ਹੋਰ ਮੁਲਾਜ਼ਮ ਹਾਜ਼ਰ ਸਨ। 

ਇਹ ਵੀ ਪੜ੍ਹੋ: ਤੇਲ ਪੁਆ ਕੇ ਭੱਜਦੇ ਲੁਟੇਰਿਆਂ ਨੇ ਪੰਪ ਦੇ ਕਰਿੰਦਿਆਂ 'ਤੇ ਚੜਾਈ ਕਾਰ

ਡੀ. ਐੱਸ. ਪੀ. ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮੋਗਾ ਪੁਲਸ ਨੂੰ ਬਲਵਿੰਦਰ ਸਿੰਘ ਚੀਫ ਐਗਰੀਕਲਚਰ ਨੇ ਸੂਚਿਤ ਕੀਤਾ ਸੀ ਕਿ ਸਾਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਮੋਗਾ ਅਤੇ ਆਸ-ਪਾਸ ਦੇ ਖੇਤਰ ਵਿਚ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ 'ਤੇ ਕੁਝ ਵਿਅਕਤੀ ਬਾਹਰ ਤੋਂ ਆ ਕੇ ਭਾਰੀ ਮਾਤਰਾ ਵਿਚ ਨਕਲੀ ਦਵਾਈਆਂ ਲਿਆ ਕੇ ਵਿੱਕਰੀ ਕਰਨ ਦਾ ਧੰਦਾ ਕਰਨ ਰਹੇ ਹਨ, ਜਿਸ ਕਾਰਣ ਜਿਥੇ ਫਸਲਾਂ ਨੂੰ ਨੁਕਸਾਨ ਹੁੰਦਾ ਹੈ, ਉਥੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਮਾਮਲਾ ਜ਼ਿਲ੍ਹਾ ਪੁਲਸ ਮੁਖੀ ਦੇ ਧਿਆਨ 'ਚ ਲਿਆਉਣ ਦੇ ਬਾਅਦ ਪੁਲਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਦੱਸੀ ਗਈ ਜਗ੍ਹਾ 'ਤੇ ਨਾਕਾਬੰਦੀ ਕਰ ਕੇ ਜਦ ਇਕ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਅਤੇ ਤਲਾਸ਼ੀ ਲੈਣ 'ਤੇ ਕਾਰ 'ਚੋਂ ਕੀਟਨਾਸ਼ਕ ਦਵਾਈਆਂ ਪਾਈਆਂ ਗਈਆਂ, ਜਿਸ 'ਤੇ ਕਾਰ ਸਵਾਰ ਦੋਨੋਂ ਵਿਅਕਤੀਆਂ ਵਿਕਾਸ ਸ਼ਰਮਾ ਅਤੇ ਏਕਦੀਪ ਸਿੰਘ ਦੋਨੋਂ ਨਿਵਾਸੀ ਲੁਧਿਆਣਾ ਨੂੰ ਹਿਰਾਸਤ 'ਚ ਲੈ ਕੇ ਜਦ ਕਾਰ ਦੀ ਚੰਗੀ ਤਰ੍ਹਾਂ ਨਾਲ ਤਲਾਸ਼ੀ ਲਈ ਗਈ ਤਾਂ ਕਾਰ 'ਚੋਂ ਕੀਟਨਾਸ਼ਕ ਦਵਾਈਆਂ ਦੇ 10 ਬਕਸੇ ਜਿਸ 'ਚ ਚਾਰ ਤਰ੍ਹਾਂ ਦੀਆਂ ਦਵਾਈਆਂ ਸੀ, ਬਰਾਮਦ ਕੀਤੀ ਗਈਆਂ।

ਇਹ ਵੀ ਪੜ੍ਹੋ: ਨਵ-ਵਿਆਹੁਤਾ 'ਤੇ ਸੁਹਰਿਆਂ ਨੇ ਢਾਹਿਆ ਤਸ਼ੱਦਦ, ਪੀੜਤਾ ਦਾ ਦੁੱਖੜਾ ਸੁਣ ਕੰਬ ਜਵੇਗਾ ਕਲੇਜਾ (ਵੀਡੀਓ)

ਪੁਲਸ ਪਾਰਟੀ ਨੇ ਉਨ੍ਹਾਂ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ, ਪੁੱਛ-ਗਿਛ ਕਰਨ 'ਤੇ ਪਤਾ ਲੱਗਾ ਕਿ ਦੋਸ਼ੀ ਦਿੱਲੀ ਤੋਂ ਕੀਟਨਾਸ਼ਕ ਦਵਾਈਆਂ ਲਿਆ ਕੇ 10 ਫੀਸਦੀ ਮੁਨਾਫ਼ਾ ਲੈ ਕੇ ਵਿੱਕਰੀ ਕਰ ਰਹੇ ਸਨ। ਜਦ ਇਸ ਸਬੰਧ ਵਿਚ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਜਸਵਿੰਦਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਕਲੀ ਦਵਾਈਆਂ ਦੀ ਵਿੱਕਰੀ ਹੋਣ ਦੀ ਜਾਣਕਾਰੀ ਇਕ ਦਵਾਈ ਵਿਕਰੇਤਾ ਨੇ ਹੀ ਦਿੱਤੀ ਸੀ, ਜਿਸ 'ਤੇ ਅਸੀਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਸ਼ੀਆਂ ਨੂੰ ਕਾਬੂ ਕਰਨ ਲਈ ਜਾਲ ਵਿਛਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੋਸ਼ੀ ਵਿਅਕਤੀ ਉਕਤ ਦਵਾਈਆਂ ਦਾ ਕੋਈ ਰਿਕਾਰਡ ਪੇਸ਼ ਨਹੀਂ ਕਰ ਸਕੇ। ਅਸੀਂ ਉਕਤ ਦਵਾਈਆਂ ਦੇ ਸੈਂਪਲ ਲੈ ਲਏ ਹਨ ਅਤੇ ਲੈਬਾਰਟਰੀ ਨੂੰ ਜਾਂਚ ਲਈ ਭੇਜੇ ਗਏ ਹਨ। ਜਦ ਇਸ ਸਬੰਧ ਵਿਚ ਥਾਣਾ ਸਿਟੀ ਸਾਉਥ ਮੋਗਾ ਦੇ ਇੰਚਾਰਜ ਸੰਦੀਪ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਇਹ ਵੀ ਜਾਨਣ ਦਾ ਯਤਨ ਕਰ ਰਹੀ ਹੈ ਕਿ ਉਕਤ ਨਕਲੀ ਦਵਾਈਆਂ ਕਿਥੇ ਬਣਾਈ ਜਾਂਦੀਆਂ ਹਨ ਅਤੇ ਕਿਥੇ ਪੈਕਿੰਗ ਕੀਤੀ ਜਾਂਦੀ ਹੈ ਅਤੇ ਕਿੱਥੇ-ਕਿੱਥੇ ਸਪਲਾਈ ਹੁੰਦੀ ਹੈ? ਉਨ੍ਹਾਂ ਕਿਹਾ ਕਿ ਐਗਰੀਕਲਚਰ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜਿਸ਼ਮਫਰੋਸੀ ਦੇ ਧੰਦੇ ਦਾ ਪਰਦਾਫ਼ਾਸ਼, ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਜੋੜੇ


Baljeet Kaur

Content Editor Baljeet Kaur