ਹਸਪਤਾਲ ’ਚ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਵਲੋਂ ਚਾਰਜਿੰਗ ’ਤੇ ਲਗਾਏ ਮੋਬਾਇਲ ਚੋਰੀ ਕਰਨ ਵਾਲਾ ਚੜਿਆ ਪੁਲਸ ਦੇ ਹੱਥੀਂ

04/14/2022 3:01:49 PM

ਲੁਧਿਆਣਾ (ਰਿਸ਼ੀ) : DMC ਹਸਪਤਾਲ ’ਚ ਦਾਖਲ ਮਰੀਜ਼ਾਂ ਦੇ ਪਰਿਵਾਰਾਂ ਦੇ ਚਾਰਜਿੰਗ ’ਤੇ ਲੱਗੇ ਮੋਬਾਇਲ ਫੋਨ ਚੋਰੀ ਕਰ ਕੇ ਵੇਚਣ ਵਾਲਾ ਸ਼ਾਤਰ ਚੋਰ ਡਵੀਜ਼ਨ ਨੰ. 8 ਦੀ ਪੁਲਸ ਹੱਥੇ ਚੜ੍ਹ ਗਿਆ। ਪੁਲਸ ਨੇ ਮੁਲਜ਼ਮ ਕੋਲੋਂ ਚੋਰੀ ਕੀਤੇ ਗਏ 6 ਮੋਬਾਇਲ ਫੋਨ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੱਤਰਕਾਰ ਸਮਾਗਮ ਦੌਰਾਨ ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਸਿਵਿਲ ਲਾਈਨ ਹਰੀਸ਼ ਬਹਿਲ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਸੋਨੂ ਵਰਮਾ (22) ਨਿਵਾਸੀ ਰਾਮ ਨਗਰ, ਮਿੱਲਰਗੰਜ ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਥਾਣਾ ਹੈਬੋਵਾਲ ਅਤੇ ਡਵੀਜ਼ਨ ਨੰ. 8 ਵਿਚ ਵਾਹਨ ਚੋਰੀ ਦੇ 2 ਕੇਸ ਦਰਜ ਹਨ। ਮੁਲਜ਼ਮ ਪਹਿਲਾਂ ਆਪਣੇ ਪਿਤਾ ਨਾਲ ਇਕ ਫੈਕਟਰੀ ਵਿਚ ਕੰਮ ਕਰਦਾ ਸੀ ਅਤੇ ਚਿੱਟੇ ਦਾ ਨਸ਼ਾ ਕਰਨ ਲੱਗ ਪਿਆ, ਜਿਸ ਤੋਂ ਬਾਅਦ ਕੰਮ ਛੱਡ ਦਿੱਤਾ।

ਇਹ ਵੀ ਪੜ੍ਹੋ : ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ

ਚੌਕੀ ਡੀ. ਐੱਮ. ਸੀ. ਇੰਚਾਰਜ ਸਤਨਾਮ ਮੁਤਾਬਕ ਮੁਲਜ਼ਮ ਡੀ. ਐੱਮ. ਸੀ. ਹਸਪਤਾਲ ਦੀ ਸਕਿਓਰਿਟੀ ਨੂੰ ਗੁੰਮਰਾਹ ਕਰਨ ਲਈ ਆਪਣੇ ਗਲੇ ਵਿਚ ਮਰੀਜ਼ਾਂ ਦੇ ਪਰਿਵਾਰਾਂ ਨੂੰ ਮਿਲਣ ਵਾਲਾ ਆਈ-ਕਾਰਡ ਪਾ ਕੇ ਹਸਪਤਾਲ ਕੰਪਲੈਕਸ ਵਿਚ ਦਾਖਲ ਹੁੰਦਾ ਸੀ, ਜਿਸ ਤੋਂ ਬਾਅਦ ਹਰ ਮੰਜ਼ਿਲ ’ਤੇ ਜਾ ਕੇ ਅਜਿਹਾ ਪੁਆਇੰਟ ਲੱਭਦਾ, ਜਿੱਥੇ ਲੋਕਾਂ ਨੇ ਆਪਣੇ ਮੋਬਾਇਲ ਚਾਰਜਿੰਗ ’ਤੇ ਲਗਾਏ ਹੁੰਦੇ, ਜਿਉਂ ਹੀ ਉਨ੍ਹਾਂ ਦਾ ਧਿਆਨ ਇਧਰ-ਉਧਰ ਹੁੰਦਾ, ਮੋਬਾਇਲ ਚੋਰੀ ਕਰ ਕੇ ਲੈ ਜਾਂਦਾ ਸੀ।

ਇਹ ਵੀ ਪੜ੍ਹੋ : ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ

ਪੁਲਸ ਮੁਤਾਬਕ ਮੁਲਜ਼ਮ ਡੇਢ ਮਹੀਨੇ ’ਚ ਲਗਭਗ 9 ਮੋਬਾਇਲ ਫੋਨ ਚੋਰੀ ਕਰ ਚੁੱਕਾ ਹੈ। ਸ਼ਾਤਰ ਚੋਰ ਮੋਬਾਇਲ ਕਿਸੇ ਦੁਕਾਨਦਾਰ ਨੂੰ ਨਹੀਂ ਵੇਚਦਾ, ਸਗੋਂ ਰੇਲਵੇ ਸਟੇਸ਼ਨ ’ਤੇ ਜਾ ਕੇ ਯੂ. ਪੀ. ਅਤੇ ਬਿਹਾਰ ਜਾਣ ਵਾਲੀ ਟ੍ਰੇਨ ਦੇ ਕੋਲ ਜਾ ਕੇ ਖੜ੍ਹਾ ਹੋ ਜਾਂਦਾ। ਉਸ ਵਿਚ ਬੈਠਣ ਵਾਲੀਆਂ ਸਵਾਰੀਆਂ ਨੂੰ 2 ਹਜ਼ਾਰ ਰੁਪਏ ਵਿਚ ਵੇਚ ਕੇ ਨਸ਼ਾ ਖਰੀਦ ਲੈਂਦਾ ਸੀ। ਉਨ੍ਹਾਂ ਲੋਕਾਂ ਨੂੰ ਮੋਬਾਇਲ ਇਸ ਲਈ ਵੇਚ ਦਿੰਦਾ ਸੀ ਤਾਂ ਕਿ ਜਦੋਂ ਤੱਕ ਪੁਲਸ ਜਾਂਚ ਕਰੇ ਤਾਂ ਮੋਬਾਇਲ ਪੰਜਾਬ ਤੋਂ ਬਾਹਰ ਜਾ ਚੁੱਕਾ ਹੋਵੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News