ਵਿਧਾਇਕ ਰਮਿੰਦਰ ਆਵਲਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
Monday, Jun 15, 2020 - 08:05 PM (IST)
ਜਲਾਲਾਬਾਦ,(ਸੇਤੀਆ,ਟੀਨੂੰ,ਸੁਮਿਤ) : ਹਲਕਾ ਵਿਧਾਇਕ ਰਮਿੰਦਰ ਆਵਲਾ ਨੇ ਸੋਮਵਾਰ ਨੂੰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ। ਜਿੰਨ੍ਹਾਂ 'ਚ ਪੰਚਾਇਤ ਸੈਕਟਰੀ, ਪਟਵਾਰੀ, ਵਾਟਰ ਵਰਕਸ ਜੇਈ ਤੇ ਹੋਰ ਸ਼ਾਮਲ ਸਨ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਸੁਭਾਸ਼ ਖੱਟਕ, ਤਹਿਸੀਲਦਾਰ ਡੀ.ਪੀ. ਪਾਂਡੇ, ਬਲਦੇਵ ਸਿੰਘ ਨਾਇਬ ਤਹਿਸੀਲਦਾਰ, ਜੋਨੀ ਆਵਲਾ, ਸਚਿਨ ਆਵਲਾ, ਰੋਮਾ ਆਵਲਾ, ਰਾਜ ਬਖਸ਼ ਕੰਬੋਜ, ਹਰਕੰਵਲ ਚੇਅਰਮੈਨ, ਐਸ.ਐਚ.ਓ. ਅਮਰਿੰਦਰ ਸਿੰਘ, ਵਜੀਰ ਸਿੰਘ ਪਟਵਾਰੀ, ਵਰਿੰਦਰ ਕੁਮਾਰ ਸੈਕਟਰੀ, ਬਲਦੇਵ ਸਿੰਘ ਪਟਵਾਰੀ, ਕੇਵਲ ਕ੍ਰਿਸ਼ਨ, ਅਸ਼ਵਨੀ ਕੁਮਾਰ ਕਾਨੂੰਨਗੋ ਆਦਿ ਮੌਜੂਦ ਸਨ। ਸਭ ਤੋਂ ਪਹਿਲਾਂ ਵਿਧਾਇਕ ਰਮਿੰਦਰ ਆਵਲਾ ਨੇ ਮਨਰੇਗਾ ਨਾਲ ਸਬੰਧਿਤ ਪੰਚਾਇਤ ਸੈਕਟਰੀਆਂ ਨੂੰ ਪਿੰਡਾਂ 'ਚ ਕੰਮ ਚਲਾਉਣ ਸਬੰਧੀ ਉਚਿਤ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮਨਰੇਗਾ ਅਧੀਨ ਪਿੰਡਾਂ 'ਚ ਕੰਮ ਚਲਾਇਆ ਜਾਵੇ ਤਾਂ ਜੋ ਸਰਕਾਰ ਵਲੋਂ ਭੇਜੇ ਗਏ ਇਸ ਫੰਡ ਦਾ ਸਹੀ ਤਰੀਕੇ ਨਾਲ ਇਸਤੇਮਾਲ ਤੇ ਲੋਕਾਂ ਨੂੰ ਕੰਮ ਮਿਲ ਸਕੇ।
ਇਸ ਤੋਂ ਇਲਾਵਾ ਉਨ੍ਹਾਂ ਵਾਟਰ ਸਪਲਾਈ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਜਿੱਥੇ-ਜਿੱਥੇ ਵੀ ਪੀਣ ਵਾਲੇ ਪਾਣੀ ਜਾਂ ਵਾਟਰ ਸਪਲਾਈ ਨੂੰ ਲੈ ਕੇ ਸਮੱਸਿਆ ਆ ਰਹੀ ਹੈ, ਉਸ ਦਾ ਤੁਰੰਤ ਹੱਲ ਕੀਤਾ ਜਾਵੇ। ਇਸ ਤੋਂ ਇਲਾਵਾ ਪਟਵਾਰੀ, ਕਾਨੂੰਨਗੋ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਹਿਦਾਇਤ ਕੀਤੀ ਗਈ ਕਿ ਉਨ੍ਹਾਂ ਕੋਲ ਕੰਮ-ਕਾਜ ਨੂੰ ਲੈ ਕੇ ਆਉਣ ਵਾਲੇ ਲੋਕਾਂ ਦੇ ਪਹਿਲ ਦੇ ਆਧਾਰ 'ਤੇ ਕੰਮ ਕੀਤੇ ਜਾਣ ਅਤੇ ਕਿਸੇ ਨੂੰ ਵੀ ਖੱਜਲ ਖੁਆਰ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਬੰਧਿਤ ਕੰਮ ਕਰਨਾ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀ ਜਿੰਮੇਵਾਰੀ ਹੈ ਅਤੇ ਲੋਕਾਂ 'ਚ ਵੀ ਵਿਸ਼ਵਾਸ ਬਣਾਉਣ ਦੀ ਲੋੜ ਹੈ ਕਿ ਉਨ੍ਹਾਂ ਦੇ ਕੰਮ ਬਿਨਾ ਕਿਸੇ ਲਾਲਚ ਦੇ ਦਫਤਰਾਂ 'ਚ ਹੋਣਗੇ। ਇਸ ਮੌਕੇ ਵਿਧਾਇਕ ਆਵਲਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦੀ ਜਿੰਮੇਵਾਰੀ ਹੈ ਅਤੇ ਜੋ ਸਬੰਧਿਤ ਮਹਿਕਮੇ ਹਨ, ਉਨ੍ਹਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਕਿਸੇ ਪ੍ਰਕਾਰ ਵੀ ਮੁਸ਼ਕਲ ਨਾ ਆਉਣ ਦੇਣ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਸੰਕਟ 'ਚ ਸਮੁੱਚੇ ਵਿਭਾਗਾਂ ਨੇ ਆਪਣਾ ਕੰਮ ਪੂਰੀ ਜਿੰਮੇਵਾਰੀ ਨਾਲ ਨਿਭਾਇਆ ਹੈ ਅਤੇ ਇਸੇ ਤਰ੍ਹਾਂ ਜਨਤਾ ਦੇ ਕੰਮ ਵੀ ਜ਼ਰੂਰ ਹੋਣੇ ਚਾਹੀਦੇ ਹਨ।