ਮਾਮਲਾ ਰੱਖ-ਰਖਾਅ ਦੇ ਪ੍ਰਬੰਧਾਂ ਦੀ ਘਾਟ ਦਾ : ਵਿਧਾਇਕਾ ਭਰਾਜ ਨੇ ਟੋਲ ਪਲਾਜ਼ਾ ਪੁੱਜ ਅਧਿਕਾਰੀਆਂ ਦੀ ਲਾਈ 'ਕਲਾਸ'

Tuesday, Apr 18, 2023 - 11:06 AM (IST)

ਮਾਮਲਾ ਰੱਖ-ਰਖਾਅ ਦੇ ਪ੍ਰਬੰਧਾਂ ਦੀ ਘਾਟ ਦਾ : ਵਿਧਾਇਕਾ ਭਰਾਜ ਨੇ ਟੋਲ ਪਲਾਜ਼ਾ ਪੁੱਜ ਅਧਿਕਾਰੀਆਂ ਦੀ ਲਾਈ 'ਕਲਾਸ'

ਭਵਾਨੀਗੜ੍ਹ (ਵਿਕਾਸ) : ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਪਿੰਡ ਕਾਲਾਝਾੜ ਨੇੜੇ ਬਠਿੰਡਾ-ਚੰਡੀਗੜ੍ਹ ਹਾਈਵੇ ’ਤੇ ਲੱਗੇ ਟੋਲ ਪਲਾਜ਼ਾ ਚਲਾਉਣ ਵਾਲੀ ਕੰਪਨੀ ਨੂੰ ਆਪਣੇ ਅਧੂਰੇ ਪ੍ਰਬੰਧਾਂ ਨੂੰ 10 ਦਿਨਾਂ 'ਚ ਮੁਕੰਮਲ ਕਰ ਲੈਣ ਦੇ ਦਿੱਤੇ ਅਲਟੀਮੇਟਮ ਤੋਂ ਬਾਅਦ ਵੀ ਟੋਲ ਪ੍ਰਬੰਧਕਾਂ ਦੇ ਕੰਨ ’ਤੇ ਜੂੰ ਨਹੀਂ ਸਰਕੀ, ਜਿਸ ਤੋਂ ਤਲਖ ਹੋਏ ਵਿਧਾਇਕਾ ਪਾਰਟੀ ਵਾਲੰਟੀਅਰਾਂ ਤੇ ਇਲਾਕੇ ਦੇ ਲੋਕਾਂ ਨਾਲ ਟੋਲ ਨੂੰ ਪਰਚੀ ਮੁਕਤ ਕਰਵਾਉਣ ਲਈ ਟੋਲ ’ਤੇ ਪਹੁੰਚੇ। ਹਾਲਾਂਕਿ ਵਿਧਾਇਕ ਦੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਸਮਰਥਕਾਂ ਨੇ ਟੋਲ ਨਾਕਾ ਆਮ ਵਾਹਨਾਂ ਲਈ ਖੁੱਲ੍ਹਵਾ ਦਿੱਤਾ, ਜਿਸ ਤੋਂ ਬਾਅਦ ਟੋਲ ਪਰਚੀ ਕੱਟ ਰਹੇ ਕਰਮਚਾਰੀ ਆਪਣੇ-ਆਪਣੇ ਕੈਬਿਨਾਂ ’ਚੋਂ ਚੁੱਪ-ਚਪੀਤੇ ਖਿਸਕ ਗਏ।

ਇਹ ਵੀ ਪੜ੍ਹੋ- ਮੁਕਤਸਰ ਦੇ ਥਾਣਾ ਲੱਖੋਵਾਲੀ 'ਚ ਚੱਲੀ ਗੋਲ਼ੀ, ਮੁੱਖ ਮੁਨਸ਼ੀ ਦੀ ਹੋਈ ਮੌਤ

ਕੀ ਹੈ ਮਾਮਲਾ 

ਦਰਅਸਲ ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ’ਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਲੰਘੀ 5 ਅਪ੍ਰੈਲ ਨੂੰ ਕਾਲਾਝਾੜ ਟੋਲ ਪਲਾਜ਼ਾ ਦਾ ਅਚਾਨਕ ਦੌਰਾ ਕਰ ਕੇ ਉੱਥੋਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ ਤੇ ਇਸ ਦੌਰਾਨ ਪ੍ਰਬੰਧਾਂ ਦੀ ਵੱਡੀ ਘਾਟ ਨੂੰ ਲੈ ਕੇ ਨਾਰਾਜ਼ ਹੁੰਦਿਆਂ ਭਰਾਜ ਨੇ ਟੋਲ ਪ੍ਰਬੰਧਕਾਂ ਨੂੰ 15 ਅਪ੍ਰੈਲ ਤਕ ਅਧੂਰੇ ਪ੍ਰਬੰਧਾਂ ਨੂੰ ਹਰ ਹਾਲ ’ਚ ਨੇਪਰੇ ਚਾੜ੍ਹਨ ਦੇ ਫੁਰਮਾਨ ਸੁਣਾਏ ਸਨ। ਹਾਲਾਂਕਿ ਵਿਧਾਇਕ ਦੀ ਘੁਰਕੀ ਤੋਂ ਬਾਅਦ ਅਗਲੇ ਦਿਨ ਟੋਲ ਕੰਪਨੀ ਹਾਈਵੇ ’ਤੇ ਪੈਚ ਵਰਕ ਤੇ ਹੋਰ ਅਧੂਰੇ ਕੰਮਾਂ ਨੂੰ ਪੂਰਾ ਕਰਨ ਵਿਚ ਜੁਟ ਗਈ ਸੀ ਪਰ ਇਸ ਸਭ ਨੂੰ ਨਾਕਾਫ਼ੀ ਦੱਸਦਿਆਂ ਸੋਮਵਾਰ ਨੂੰ ਵਿਧਾਇਕ ਭਰਾਜ ਵੱਡੇ ਇਕੱਠ ਨਾਲ ਕਾਲਾਝਾੜ ਟੋਲ ’ਤੇ ਜਾ ਪਹੁੰਚੇ।ਇਸ ਦੌਰਾਨ ਉਨ੍ਹਾਂ ਗੱਲਬਾਤ ਕਰਦਿਆਂ ਟੋਲ ਅਧਿਕਾਰੀਆਂ ਦੀ ਜੰਮ ਕੇ ਕਲਾਸ ਲਗਾਈ ਤੇ ਅਲਟੀਮੇਟਮ ਦੇ ਬਾਵਜੂਦ ਪ੍ਰਬੰਧਾਂ ਦੇ ਅਧੂਰੇ ਹੋਣ ਬਾਰੇ ਪੁੱਛਿਆ, ਜਿਸ ’ਤੇ ਅਧਿਕਾਰੀ ਵਿਧਾਇਕ ਨੂੰ ਕੋਈ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ ਤੇ ਬਾਅਦ ਵਿਚ ਪ੍ਰਬੰਧਕਾਂ ਨੂੰ ਇਸ ਲਈ 20 ਦਿਨਾਂ ਦਾ ਹੋਰ ਸਮਾਂ ਦਿੰਦਿਆਂ ਕੱਲ੍ਹ ਦੇ ਦਿਨ ਹਰੇਕ ਵਾਹਨ ਨੂੰ ਟੋਲ ਪਰਚੀ ਤੋਂ ਮੁਕਤ ਕਰਵਾਇਆ। 

ਇਹ ਵੀ ਪੜ੍ਹੋ- ਬਠਿੰਡਾ ਮਿਲਟਰੀ ਸਟੇਸ਼ਨ ’ਚ ਹੋਏ ਚਾਰ ਜਵਾਨਾਂ ਦੇ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਪੂਰਾ ਸੱਚ

ਇਸ ਉਪਰੰਤ ਵਿਧਾਇਕਾ ਭਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਉਨ੍ਹਾਂ ਦਾ ਇਹ ਐਕਸ਼ਨ ਸੰਕੇਤਕ ਸੀ ਪਰ ਹੁਣ ਅਲਟੀਮੇਟਮ ਤਹਿਤ ਕੰਪਨੀ ਨੂੰ ਪ੍ਰਬੰਧ ਪੂਰੇ ਕਰਨ ਲਈ 20 ਦਿਨਾਂ ਦਾ ਸਮਾਂ ਹੋਰ ਦਿੱਤਾ ਗਿਆ ਹੈ, ਜਿਸ ’ਤੇ ਟੋਲ ਅਧਿਕਾਰੀਆਂ ਨੇ ਉਨ੍ਹਾਂ ਨੂੰ ਲਿਖਤੀ ਭਰੋਸਾ ਦਿਵਾਇਆ ਹੈ ਕਿ ਹਾਈਵੇ ਦੀ ਮੇਨਟੀਨੈਂਸ ਸਬੰਧੀ ਕੋਈ ਵੀ ਲਾਪ੍ਰਵਾਹੀ ਨਹੀਂ ਦਿਖਾਈ ਜਾਵੇਗੀ। ਭਰਾਜ ਨੇ ਕਿਹਾ ਕਿ ਉਨ੍ਹਾਂ ਵੱਲੋਂ 20 ਦਿਨਾਂ ਬਾਅਦ ਫਿਰ ਤੋਂ ਲੋਕਾਂ ਨੂੰ ਨਾਲ ਲੈ ਕੇ ਟੋਲ ਦਾ ਦੌਰਾ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇਗਾ। ਇਸ ਦੌਰਾਨ ਵਿਧਾਇਕ ਨੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪ੍ਰੇਸ਼ਾਨੀ ਨਹੀਂ ਆਉਣ ਦੇਣ ਦਾ ਭਰੋਸਾ ਦਵਾਇਆ ਤੇ ਮੁੜ ਦੁਹਰਾਇਆ ਕਿ ਉਹ ਉਨ੍ਹਾਂ ਦੀਆਂ ਤਨਖ਼ਾਹਾਂ ਆਪਣੀ ਤਨਖ਼ਾਹ ’ਚੋਂ ਦੇਣਗੇ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News