ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਵਿਰੁੱਧ ਮਾਮਲਾ ਦਰਜ, ਪੁਲਸ ਜਾਂਚ ਜਾਰੀ

06/15/2024 6:14:35 PM

ਮੋਗਾ (ਆਜ਼ਾਦ) : ਮੋਗਾ ਨਿਵਾਸੀ ਇਕ ਵਿਅਕਤੀ ਨੇ ਪਿੰਡ ਗੱਜਣਵਾਲਾ ਦੇ ਲੜਕੇ ’ਤੇ ਉਸ ਦੀ ਨਾਬਾਲਗ 15 ਸਾਲਾ ਲੜਕੀ ਨੂੰ ਵਰਗਲਾ ਕੇ ਲਿਜਾਣ ਦਾ ਦੋਸ਼ ਲਗਾਇਆ ਹੈ। ਇਸ ਸਬੰਧ ਵਿਚ ਪੁਲਸ ਨੇ ਕਥਿਤ ਮੁਲਜ਼ਮ ਅਭੀ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਥਾਣਾ ਸਿਟੀ ਸਾਊਥ ਮੋਗਾ ਵਿਚ ਮਾਮਲਾ ਦਰਜ ਕਰਕੇ ਲੜਕੀ ਅਤੇ ਲੜਕੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਇੰਸਪੈਕਟਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੋਗਾ ਨਿਵਾਸੀ ਇਕ ਵਿਅਕਤੀ ਨੇ ਪੁਲਸ ਨੂੰ ਦਿੱਤੇ ਇਕ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਉਸ ਦੀ ਇਕ 15 ਸਾਲਾ ਬੇਟੀ ਜੋ ਦਸਵੀਂ ਦੇ ਪੇਪਰ ਦੇਣ ਦੇ ਬਾਅਦ ਘਰ ਰਹਿ ਰਹੀ ਸੀ। 

ਬੀਤੀ 14 ਜੂਨ ਨੂੰ ਸ਼ਾਮ ਸਮੇਂ ਆਪਣੀ ਸਹੇਲੀ ਦੇ ਘਰ ਨਾਨਕ ਨਗਰੀ ਉਸ ਨੂੰ ਮਿਲਣ ਲਈ ਗਈ ਸੀ ਪਰ ਵਾਪਸ ਨਾ ਆਈ। ਅਸੀਂ ਜਦੋਂ ਉਸ ਦੀ ਸਹੇਲੀ ਦੇ ਘਰ ਜਾ ਕੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਤੁਹਾਡੀ ਲੜਕੀ ਅਭੀ ਨਾਮ ਦੇ ਲੜਕੇ ਨਾਲ ਸਕੂਟਰੀ ’ਤੇ ਬੈਠ ਕੇ ਕਿਧਰੇ ਗਈ ਹੈ। ਇਸ ਤਰ੍ਹਾਂ ਕਥਿਤ ਮੁਲਜ਼ਮ ਮੇਰੀ ਨਾਬਾਲਗ ਧੀ ਨੂੰ ਵਰਗਲਾ ਕੇ ਕਿਧਰੇ ਲੈ ਗਿਆ ਹੈ। ਅਸੀਂ ਆਪਣੇ ਤੌਰ ’ਤੇ ਉਸ ਦੀ ਬਹੁਤ ਤਲਾਸ਼ੀ ਕੀਤੀ ਪਰ ਕੋਈ ਸੁਰਾਗ ਨਾ ਮਿਲਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲ ਰਹੇ ਹਨ। ਜਲਦ ਹੀ ਲੜਕੀ ਅਤੇ ਲੜਕੇ ਦਾ ਸੁਰਾਗ ਮਿਲਣ ਦੀ ਸੰਭਾਵਨਾ ਹੈ।


Gurminder Singh

Content Editor

Related News