ਨਾਬਾਲਗ ਲੜਕੀ ਨਾਲ ਕੀਤੀ ਛੇੜਛਾੜ, ਦਿੱਤੀਆਂ ਧਮਕੀਆਂ
Wednesday, Oct 04, 2023 - 06:43 PM (IST)

ਮਲੋਟ (ਜੁਨੇਜਾ) : ਥਾਣਾ ਲੰਬੀ ਦੀ ਪੁਲਸ ਨੇ ਇਕ ਨਾਬਾਲਿਗ ਲੜਕੀ ਨਾਲ ਛੇੜਛਾੜ ਕਰਨ ਅਤੇ ਉਸ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਕਥਿਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪੀੜਤਾ ਨੇ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਕਿ ਪ੍ਰਦੀਪ ਸਿੰਘ ਪੁੱਤਰ ਭਲਿੰਦਰ ਸਿੰਘ ਵਾਸੀ ਫੱਤਾਕੇਰਾ ਉਸ ਨੂੰ 3 ਸਾਲਾਂ ਤੋਂ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਉਸ ਦੇ ਭਰਾ ਨੂੰ ਮਾਰਨ ਦੀਆਂ ਧਮਕੀਆਂ ਦੇ ਕੇ ਪੀੜਤਾ ਨੂੰ ਆਪਣੇ ਨਾਲ ਗੱਲਬਾਤ ਕਰਨ ਲਈ ਦਬਾਅ ਪਾ ਰਿਹਾ ਸੀ। ਲਗਭਗ 3 ਮਹੀਨੇ ਪਹਿਲਾਂ ਵੀ ਸਕੂਲ ਤੋਂ ਵਾਪਸ ਆ ਰਹੀ ਸੀ ਤਾਂ ਉਕਤ ਮੁਲਜ਼ਮ ਨੇ ਉਸ ਨੂੰ ਰਸਤੇ ਵਿਚ ਰੋਕ ਕੇ ਉਸ ਨਾਲ ਜ਼ਬਰੀ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਉਹ ਕਿਸੇ ਤਰ੍ਹਾਂ ਖੁਦ ਨੂੰ ਛੁਡਾ ਕੇ ਉਥੋਂ ਭੱਜ ਨਿਕਲੀ। ਇਸ ਡਰ ਕਾਰਨ ਪੀੜਤਾ ਨੇ ਸਕੂਲ ਜਾਣਾ ਬੰਦ ਕਰ ਦਿੱਤਾ। ਜਦ ਪਰਿਵਾਰ ਨੇ ਕਾਰਨ ਪੁੱਛਿਆ ਤਾਂ ਉਸ ਨੇ ਸਾਰੀ ਗੱਲ ਆਪਣੇ ਮਾਂ ਬਾਪ ਨੂੰ ਦੱਸੀ।
ਸ਼ਿਕਾਇਤ ’ਚ ਦੱਸਿਆ ਗਿਆ ਕਿ ਪੀੜਤਾ ਦੇ ਭਰਾ ਨੇ ਜਦੋਂ ਪ੍ਰਦੀਪ ਸਿੰਘ ਨੂੰ ਉਸ ਦੀਆਂ ਹਰਕਤਾਂ ਤੋਂ ਰੋਕਿਆ ਤਾਂ ਰੰਜ਼ਿਸ਼ ’ਚ ਪ੍ਰਦੀਪ ਸਿੰਘ ਨੇ ਆਪਣੇ ਸਾਥੀ ਜੀਤ ਸਿੰਘ ਪੁੱਤਰ ਲਛਮਣ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਪੀੜਤਾ ਦੇ ਭਰਾ ਨੂੰ ਅਗਵਾ ਕਰ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਉਸ ਮਾਮਲੇ ਵਿਚ ਉਕਤ ਵਿਅਕਤੀਆਂ ਵਿਰੁੱਧ ਥਾਣਾ ਲੰਬੀ ਵਿਖੇ ਅਗਵਾ ਕਰ ਕੇ ਨਜਾਇਜ਼ ਹਿਰਾਸਤ ਵਿਚ ਰੱਖਣ ਅਤੇ ਕੁੱਟਮਾਰ ਕਰਨ ਦਾ ਮਾਮਲਾ ਵੀ ਦਰਜ ਹੈ। ਪੀੜਤਾ ਨੇ ਬਿਆਨਾਂ ’ਚ ਕਿਹਾ ਕਿ ਉਹ ਪਹਿਲਾਂ ਆਪਣੀ ਇੱਜਤ ਕਾਰਨ ਚੁੱਪ ਰਹੀ ਪਰ ਹੁਣ ਪਤਾ ਲੱਗਾ ਹੈ ਕਿ ਪ੍ਰਦੀਪ ਸਿੰਘ ਨੇ ਸਾਰੇ ਪਿੰਡ ਵਿਚ ਉਸ ਦੀ ਬਦਨਾਮੀ ਕਰ ਦਿੱਤੀ ਹੈ। ਜਿਸ ਤੋਂ ਬਾਅਦ ਉਸ ਨੇ ਪੁਲਸ ਕੋਲ ਆਪਣੀ ਸ਼ਿਕਾਇਤ ਦਰਜ ਕਰਾਈ। ਸ਼ਿਕਾਇਤ ਦੇ ਆਧਾਰ ’ਤੇ ਲੰਬੀ ਪੁਲਸ ਨੇ ਪ੍ਰਦੀਪ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।