ਹਲਕਾ ਦਾਖਾ ’ਚ ਮਾਮੂਲੀ ਤਕਰਾਰ ਦੀਅਾਂ ਇਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨ-ਅਮਾਨ ਨਾਲ ਹੋਈਅਾਂ ਚੋਣਾਂ
Thursday, Sep 20, 2018 - 06:55 AM (IST)

ਹੰਬਡ਼ਾਂ, ਇਆਲੀ, ਪ੍ਰਤਾਪ ਸਿੰਘ ਵਾਲਾ, (ਸਤਨਾਮ, ਅਮਨਦੀਪ)- ਹਲਕਾ ਦਾਖਾ ਤੇ ਹਲਕਾ ਗਿੱਲ ਅੰਦਰ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਵੋਟਰਾਂ ਨੇ ਬਹੁਤੀ ਦਿਲਚਸਪੀ ਨਹੀਂ ਦਿਖਾਈ, ਸੱਤਾਧਾਰੀ ਪਾਰਟੀ ਤੇ ਅਕਾਲੀ ਦਲ ਦੇ ਸਮਰਥਕਾਂ ਵਿਚਕਾਰ ਇਨ੍ਹਾਂ ਚੋਣਾਂ ਨੂੰ ਲੈ ਕੇ ਮਾਮੂਲੀ ਤਕਰਾਰ ਦੀਆਂ ਇੱਕਾ-ਦੁੱਕਾ ਘਟਨਾਵਾਂ ਹੋਈਅਾਂ ਪਰ ਫਿਰ ਵੀ ਪੂਰੇ ਦੋਨੋਂ ਹਲਕਿਆਂ ਅੰਦਰ ਚੋਣਾਂ ਅਮਨ-ਅਮਾਨ ਨਾਲ ਸਿਰੇ ਚਡ਼੍ਹ ਗਈਅਾਂ।
ਹੰਬਡ਼ਾਂ ਇਲਾਕੇ ਅੰਦਰ ਕਰੀਬ 37-40 ਫ਼ੀਸਦੀ ਪੋਲਿੰਗ ਹੋਈ
ਜਾਣਕਾਰੀ ਅਨੁਸਾਰ ਵੋਟਰਾਂ ਅੰਦਰ ਵੋਟ ਪਾਉਣ ਦਾ ਰੁਝਾਨ ਇਸ ਵਾਰ ਘੱਟ ਹੀ ਰਿਹਾ। ਸਰਕਾਰੀ ਸਕੂਲ ਪਿੰਡ ਇਆਲੀ ਖੁਰਦ ਵਿਖੇ ਤਾਇਨਾਤ ਰਿੰਟਰਨਿੰਗ ਅਫ਼ਸਰ ਅਵਤਾਰ ਸਿੰਘ ਨੇ ਦੱਸਿਆ ਕਿ ਸਵੇਰੇ 9 ਵਜੇ ਤੱਕ 25 ਮਰਦਾਂ ਤੇ 17 ਅੌਰਤਾਂ ਨੇ ਵੋਟਾਂ ਪਾਈਆਂ। ਸਕੂਲ ਬਸੰਤ ਨਗਰ ’ਚ 11 ਵਜੇ ਤੱਕ ਕਰੀਬ 30 ਫ਼ੀਸਦੀ ਵੋਟਾਂ ਪਈਆਂ। ਮਲਕਪੁਰ ਬੇਟ ’ਚ ਤਾਇਨਾਤ ਅਧਿਕਾਰੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਕਰੀਬ 12 ਵਜੇ ਤੱਕ 23 ਫ਼ੀਸਦੀ ਵੋਟਾਂ ਪਈਆਂ। ਪਿੰਡ ਬੀਰਮੀ ’ਚ ਤਾਇਨਾਤ ਅਧਿਕਾਰੀ ਇੰਦਰ ਪ੍ਰਕਾਸ਼ ਤੇ ਪਰਮਜੀਤ ਸਿੰਘ ਪੰਮੀ ਨੇ ਦੱਸਿਆ ਕਿ 12.20 ਤੱਕ ਮਰਦ-190 ਤੇ 138 ਅੌਰਤਾਂ ਨੇ ਵੋਟਾਂ ਪਈਆਂ। ਪਿੰਡ ਚੱਕ ਕਲਾਂ ’ਚ 1 ਵਜੇ ਇਕ ਬੂਥ ਅੰਦਰ 786 ’ਚੋਂ 245 ਤੇ ਦੂਸਰੇ ਬੂਥ ’ਚ 821 ’ਚੋਂ 326 ਵੋਟਾਂ ਪੋਲ ਹੋਈਆਂ। ਰਿਟਰਨਿੰਗ ਅਫ਼ਸਰ ਚਰਨ ਸਿੰਘ ਨੇ ਦੱਸਿਆ ਕਿ ਭੱਠਾ ਧੂੰਆ ’ਚ 1093 ’ਚੋਂ 2 ਵਜੇ ਤੱਕ 127 ਵੋਟਾਂ ਮਹਿਲਾਵਾਂ ਨੇ ਪਈਅਾਂ ਤੇ 153 ਵੋਟਾਂ ਮਰਦਾਂ ਨੇ ਪਈਅਾਂ।
ਇਸੇ ਤਰ੍ਹਾਂ ਭੂੰਦਡ਼ੀ ’ਚ ਬੂਥ ਨੰਬਰ 49 ਤੋਂ ਮੋਹਨ ਸ਼ਰਮਾ ਅਨੁਸਾਰ 3 ਵਜੇ ਤੱਕ 794 ’ਚੋਂ 320, ਬੂਥ ਨੰਬਰ 48 ਤੋਂ ਬਲਜਿੰਦਰ ਸਿੰਘ ਅਨੁਸਾਰ 717 ਵੋਟਾਂ ’ਚੋਂ 307 ਤੇ ਬੂਥ ਨੰਬਰ 47 ਤੋਂ ਅਵਤਾਰ ਸਿੰਘ ਅਨੁਸਾਰ 742 ਵੋਟਾਂ ’ਚੋਂ 288 ਪਈਆਂ। ਪਿੰਡ ਆਲੀਵਾਲ ’ਚ 750 ’ਚੋਂ 378 ਵੋਟਾਂ ਪਈਆ। ਪਿੰਡ ਵਲੀਪੁਰ ਖੁਰਦ ਵਿਖੇ ਤਾਇਨਾਤ ਅਧਿਕਾਰੀ ਸੰਜੀਵ ਕੁਮਾਰ ਤੇ ਮੈਡਮ ਪਰਮਜੀਤ ਕੌਰ ਸਲੇਮਪੁਰ ਨੇ ਦੱਸਿਆ ਕਿ ਕਰੀਬ 55 ਫ਼ੀਸਦੀ ਵੋਟਾਂ ਪੋਲਿੰਗ ਹੋਈਆਂ। ਹੰਬਡ਼ਾਂ ਵਿਖੇ ਬੂਥ ਨੰਬਰ 77 ਤੋਂ ਵਿਸ਼ਵਜੀਤ, ਬੂਥ ਨੰਬਰ 78 ਤੋਂ ਸੁਰਿੰਦਰ ਕੁਮਾਰ ਤੇ ਸੁਖਵਿੰਦਰ ਸਿੰਘ ਅਨੁਸਾਰ 3.30 ਤੱਕ ਕਰੀਬ 45 ਫ਼ੀਸਦੀ ਪੋਲਿੰਗ ਹੋਈ। ਉਧਰ ਪਿੰਡ ਸਲੇਮਪੁਰ ’ਚ 51 ਫ਼ੀਸਦੀ ਤੇ ਗੌਂਸਪੁਰ ’ਚ ਕਰੀਬ 54 ਫੀਸਦੀ ਪੋਲਿੰਗ 3.20 ਤੱਕ ਹੋਈ। ਕੁਲ ਮਿਲਾ ਕੇ ਤਕਰੀਬਨ ਇਲਾਕੇ ਅੰਦਰ 38 ਤੋਂ 42 ਫ਼ੀਸਦੀ ਪੋਲਿੰਗ ਹੋਣ ਦੀ ਉਮੀਦ ਹੈ ਤੇ ਇਸ ਵਾਰ ਭਾਵੇਂ ਅੌਰਤਾਂ ’ਚ 50 ਫ਼ੀਸਦੀ ਰਾਖਵਾਂਕਰਨ ਹੈ ਪਰ ਅੌਰਤਾਂ ਨੇ ਕਰੀਬ 75-80 ਫ਼ੀਸਦੀ ਵੋਟਾਂ ਦਾ ਮਸਾਂ ਇਸਤੇਮਾਲ ਕੀਤਾ। ਵਲੀਪੁਰ ਖੁਰਦ ਵਿਖੇ ਸੱਭ ਤੋਂ ਵੱਧ ਵੋਟਾਂ ਪੋਲਿੰਗ ਹੋੲੀ ਜੋ ਕਿ 60 ਫੀਸਦੀ ਹੋਈਆਂ, ਬਸੰਤ ਨਗਰ ਵਿਖੇ 2205 ਵੋਟਾਂ ’ਚੋਂ 1160 ਵੋਟਾਂ ਪੋਲ ਹੋਈਆਂ, ਪ੍ਰਤਾਪ ਸਿੰਘ ਵਾਲਾ ਵਿਖੇ 2100 ’ਚੋਂ 932 ਵੋਟਾਂ ਪੋਲ ਹੋਈਆਂ, ਮਲਕਪੁਰ ਬੇਟ ਵਿਖੇ ਸ਼ਾਮ ਤੱਕ ਸਿਰਫ 48 ਫੀਸਦੀ ਵੋਟਾਂ ਹੀ ਪੋਲ ਹੋਈਆਂ।
ਦੱਸਣਯੋਗ ਹੈ ਕਿ ਪਿੰਡ ਪ੍ਰਤਾਪ ਸਿੰਘ ਵਾਲਾ, ਭੱਠਾ ਧੂਹਾ ਤੇ ਭੂੰਦਡ਼ੀ ਆਦਿ ਪਿੰਡਾਂ ਅੰਦਰ ਬੂਥਾਂ ’ਤੇ ਨਾਜਾਇਜ਼ ਵੋਟਾਂ ਭੁਗਤਾਨ ਸਬੰਧੀ ਰੌਲਾ ਪਿਆ। ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਤੇ ਉੱਚ ਅਧਿਕਾਰੀਆ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਉੱਪਰ ਕਾਬੂ ਪਾਇਆ। ਲੋਕਾਂ ਨੇ ਦੱਸਿਆ ਕਿ ਅੰਗਹੀਣ ਵੋਟਰਾਂ ਨੂੰ ਵੋਟਾਂ ਭੁਗਤਾਨ ’ਚ ਕੁਝ ਪ੍ਰੇਸ਼ਾਨੀਅਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਸ ਵਾਰ ਵੀਲ੍ਹ ਚੇਅਰਾਂ ਦਾ ਪ੍ਰਬੰਧ ਨਹੀਂ ਸੀ। ਉਧਰ ਕੁਝ ਥਾਵਾਂ ’ਤੇ ਵੋਟਰਾਂ ’ਚ ਉਦੋਂ ਰੋਸ ਪਾਇਆ ਗਿਆ ਜਦੋਂ ਵੋਟਰ ਸੂਚੀਆਂ ’ਚੋਂ ਨਾਂ ਹੀ ਗਾਇਬ ਸਨ ਤੇ ਕੁਝ ਵੋਟਰਾਂ ਦੇ ਨਾਂ 2 ਥਾਵਾਂ ’ਤੇ ਲਿਖੇ ਹੋਣ ਕਰ ਕੇ ਪ੍ਰੇਸ਼ਾਨੀਆਂ ਪੇਸ਼ ਆਈਆਂ, ਲੋਕਾਂ ਨੇ ਦੁਬਾਰਾ ਵੋਟਰ ਸੂਚੀਆਂ ਬਣਾਉਣ ਦੀ ਮੰਗ ਵੀ ਰੱਖੀ। ਕੁਲ ਮਿਲਾ ਕੇ ਅਮਨ -ਸ਼ਾਂਤੀ ਰਹੀ।