ਮੰਤਰੀ ਆਸ਼ੂ ਵੱਲੋਂ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਦਾ ਜ਼ਿਲ੍ਹਾ ਲੁਧਿਆਣਾ ’ਚ ਆਗਾਜ਼

8/13/2020 12:15:53 AM

ਲੁਧਿਆਣਾ,(ਹਿਤੇਸ਼)- ਪੰਜਾਬ ਸਰਕਾਰ ਵੱਲੋ ਸਰਕਾਰੀ ਸਕੂਲਾਂ ’ਚ ਪੜ੍ਹਦੇ ਬਾਰਵ੍ਹੀ ਜਮਾਤ ਦੇ ਬੱਚਿਆਂ ਨੂੰ ਸਮਾਰਟ ਫੋਨ ਵੰਡਣ ਸਬੰਧੀ ਯੋਜਨਾ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਦਾ ਅੱਜ ਜ਼ਿਲ੍ਹਾ ਲੁਧਿਆਣਾ ’ਚ ਵੀ ਆਗਾਜ਼ ਹੋ ਗਿਆ ਹੈ। ਇਸ ਯੋਜਨਾ ਤਹਿਤ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਸਥਾਨਕ ਬੱਚਤ ਭਵਨ ਵਿਖੇ ਹੋਏ ਸਮਾਗਮ ਦੌਰਾਨ 10 ਵਿਦਿਆਰਥੀਆਂ ਨੂੰ ਇਨ੍ਹਾਂ ਸਮਾਰਟ ਫੋਨਾਂ ਦੀ ਵੰਡ ਕੀਤੀ।
ਆਸ਼ੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਨੌਜਵਾਨਾਂ ਨੂੰ ਸਮੇ ਦੇ ਹਾਣੀ ਬਣਾਉਣ ਲਈ ਸਮਾਰਟ ਫੋਨ ਦੇਣ ਦਾ ਉਪਰਾਲਾ ਕੀਤਾ ਹੈ , ਇਹ ਸਕੀਮ ਸਮਾਰਟ ਫੋਨ ਜ਼ਰੀਏ ਨੌਜਵਾਨਾਂ ਦਾ ਡਿਜ਼ੀਟਲ ਸਸ਼ਕਤੀਕਰਨ ਵੱਲ ਮੀਲ ਪੱਥਰ ਸਾਬਤ ਹੋਵੇਗੀ। ਜਿਸ ਲਈ ਸਾਲ 2018-19 ਦੇ ਬਜ਼ਟ ’ਚ ਹੀ 100 ਕਰੋੜ ਰੁਪਏ ਵਿਸੇਸ਼ ਤੌਰ ’ਤੇ ਰੱਖੇ ਗਏ ਸਨ। ਜ਼ਿਲ੍ਹਾ ਲੁਧਿਆਣਾ ਦੇ 188 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ  16677 ਵਿਦਿਆਰਥੀਆਂ (8179 ਲੜਕੇ ਅਤੇ 8498 ਲੜਕੀਆਂ) ਨੂੰ ਪਹਿਲੇ ਫੇਸ ਵਿੱਚ ਸਮਾਰਟ ਫੋਨ ਵੰਡੇ ਜਾਣਗੇ। ਆਸ਼ੂ ਨੇ ਦੱਸਿਆ ਇਸ ਸਕੀਮ ਨੂੰ ਪਵਿੱਤਰ ਤਿਉਹਾਰ ਜਨਮ ਅਸ਼ਟਮੀ ਅਤੇ ਕੌਮਾਂਤਰੀ ਨੌਜਵਾਨ ਦਿਵਸ ਮੌਕੇ ਲਾਂਚ ਕਰਨ ਨਾਲ ਇਸ ਦੀ ਹੋਰ ਵੀ ਮਹੱਤਤਾ ਵੱਧ ਜਾਂਦੀ ਹੈ। ਸਮਾਰਟ ਫੋਨ ਦੇ ਨਾਲ ਬੱਚੇ ਆਧੁਨਿਕ ਸਿੱਖਿਆ, ਕਿੱਤੇ ਦੀ ਚੋਣ, ਕਿੱਤਾਮੁਖੀ ਸਿੱਖਿਆ, ਰੋਜ਼ਗਾਰ ਮੌਕਿਆਂ ਅਤੇ ਹੋਰ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਣਗੇ। ਇਸ ਮੋਬਾਇਲ ਵਿੱਚ ਸਿੱਖਿਆ ਨਾਲ ਸਬੰਧਤ ਸਾਰੇ ਐਪ, ਐਮ-ਸੇਵਾ, ਕੈਪਟਨ 
ਕੁਨੈਕਟ ਅਤੇ ਹੋਰ ਫੀਚਰ ਪਹਿਲਾਂ ਹੀ ਇੰਨਸਟਾਲ ਹਨ।
ਇਸ ਮੌਕੇ ਸਮਾਰਟ ਫੋਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਪਰਨੀਤ ਕੌਰ, ਹਰਪ੍ਰੀਤ ਕੌਰ, ਸਿਮਰਨਦੀਪ ਕੌਰ, ਖੁਸ਼ੀ ਰਾਵਤ ਅਤੇ ਜਸਪ੍ਰੀਤ ਕੌਰਦਾ ਕਹਿਣਾ ਸੀ ਕਿ ਅੱਜ ਇਸ ਤਕਨੀਕ ਦੇ ਯੁੱਗ ਵਿੱਚ ਬਿਨ੍ਹਾਂ ਮੋਬਾਇਲ ਫੋਨ ਅਤੇ ਇੰਟਰਨੈਟ ਸੁਵਿਧਾ ਤੋ ਸਮੇ ਦੇ ਹਾਣੀ ਬਣਨ ਵਿੱਚ ਕਾਫੀ ਮੁਸ਼ਕਿਲਾਂ ਪੇਸ਼ ਆਉਦੀਆਂ ਹਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਇਸ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਅੱਜ ਦੀ ਲੋੜ ਮੋਬਾਇਲ ਫੋਨ ਦੇ ਕੇ ਆਪਣੀ ਪੜ੍ਹਾਈ ਅੱਗੇ ਤੋਰਨ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਹੈ, ਜਿਸਦਾ ਪੰਜਾਬ ਦਾ ਵਿਦਿਆਰਥੀ ਵਰਗ ਉਨ੍ਹਾ ਦਾ ਬਹੁਤ ਰਿਣੀ ਰਹੇਗਾ। ਸਚਿਨ ਕੁਮਾਰ, ਵਨੀਤ, ਅਰਵਿੰਦ, ਅਮਿਤ ਅਤੇ  ਅਰਵਿੰਦ ਕੁਮਾਰ ਨੇ ਕਿਹਾ ਕਿ  ਸਮਾਰਟ ਫੋਨ ਕੋਵਿਡ ਮਹਾਂਮਾਰੀ ਦੌਰਾਨ ਆਨਲਾਈਨ ਪੜ੍ਹਾਈ ਲਈ ਸਹਾਈ ਸਿੱਧ ਹੋਣਗੇ।
ਇਸ ਮੌਕੇ  ਵਿਧਾਇਕ ਸੁਰਿੰਦਰ ਡਾਵਰ, ਕੁਲਦੀਪ ਸਿੰਘ ਵੈਦ, ਮੇਅਰ ਬਲਕਾਰ ਸੰਧੂ, ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ,  ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਦਾਖਾ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਬਿੰਦਰਾ ,ਸੀਨੀਅਰ ਕਾਂਗਰਸੀ ਆਗੂ ਕਰਨਜੀਤ ਸਿੰਘ ਸੋਨੀ ਗਾਲਿਬ, ਅਸ਼ਵਨੀ ਸ਼ਰਮਾ,  ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਐਸ.ਡੀ.ਐਮ ਅਮਰਿੰਦਰ ਮੱਲ੍ਹੀ, ਡੀ.ਈ.ਓ. (ਸੈਕੰਡਰੀ)  ਸਵਰਨਜੀਤ ਕੌਰ ਹਾਜ਼ਰ ਸਨ।
 


Deepak Kumar

Content Editor Deepak Kumar