ਅਲੋਪ ਹੋ ਰਹੇ ਰਵਾਇਤੀ ਧੰਦੇ, ਮਸ਼ੀਨੀ ਯੁੱਗ ਨੇ ਲੋਹੇ ਦੇ ਔਜ਼ਾਰ ਬਣਾਉਣ ਦੇ ਕਿੱਤੇ ਨੂੰ ਮਾਰੀ ਵੱਡੀ ਸੱਟ
Tuesday, May 17, 2022 - 12:00 AM (IST)
ਫਾਜ਼ਿਲਕਾ (ਸੁਖਵਿੰਦਰ ਥਿੰਦ) : ਆਧੁਨਿਕ ਮਸ਼ੀਨੀ ਯੁੱਗ ਨੇ ਦਸਤਗਿਰੀ ਨੂੰ ਭਾਰੀ ਸੱਟ ਮਾਰੀ ਹੈ। ਹੱਥੀਂ ਕਿਰਤ ਕਰਨ ਵਾਲੇ ਸਦੀਆਂ ਪੁਰਾਣੇ ਆਪਣੇ ਆਪਣੇ ਕਿੱਤੇ ਤੋਂ ਵਾਂਝੇ ਹੋ ਗਏ ਹਨ ਅਤੇ ਇਸ ਤਰੱਕੀ ਵਾਲੇ ਯੁੱਗ ਨੇ ਸਾਡੇ ਕੋਲੋਂ ਸਾਡਾ ਪਹਿਰਾਵਾ, ਵਿਰਾਸਤ, ਹੱਥੀਂ ਕੀਰਤ ਅਤੇ ਸਾਡੇ ਬਜ਼ੁਰਗਾਂ ਦੇ ਮਨਾਂ ਨੂੰ ਗਹਿਰੀ ਸੱਟ ਮਾਰੀ ਹੈ। ਜਿੱਥੇ ਪੁਰਾਣੇ ਜ਼ਮਾਨੇ ਦੇ ਚਿਤੌੜਗੜ੍ਹ ਦੇ ਲੋਹਾਰ ਅਲੋਪ ਹੁੰਦੇ ਵਿਖਾਈ ਦੇ ਰਹੇ ਹਨ, ਉਥੇ ਹੀ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਤੇਲੂਪੁਰਾ ਅੰਦਰ ਰਾਜਸਥਾਨ ਦੇ ਚਿਤੌੜਗੜ੍ਹ ਇਲਾਕੇ ਤੋਂ ਆ ਕੇ ਵਸੇ ਲੋਹਾਰ ਹੱਥੀਂ ਕਿਰਤ ਕਰਕੇ ਆਪਣੀ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰ ਰਹੇ ਹਨ।
ਇਸ ਸਬੰਧੀ ਜਦੋਂ 'ਜਗ ਬਾਣੀ/ਪੰਜਾਬ ਕੇਸਰੀ' ਦੇ ਰਿਪੋਰਟਰ ਨੇ ਅਬੋਹਰ ਦੇ ਪਿੰਡ ਤੇਲੁਪੂਰਾ ਦਾ ਦੌਰਾ ਕੀਤਾ ਤਾਂ ਵੇਖਣ 'ਚ ਆਇਆ ਕਿ ਇਕ ਲੋਹਾਰ ਰੁੱਖ ਦੀ ਸੰਘਣੀ ਛਾਂ ਹੇਠ ਆਪਣਾ ਅੱਡਾ ਲਾ ਕੇ ਲੋਹੇ ਦੇ ਔਜ਼ਾਰ ਤਿਆਰ ਕਰ ਰਿਹਾ ਸੀ, ਜਦੋਂ ਉਸ ਨਾਲ ਗੱਲ ਕੀਤੀ ਗਈ ਤਾਂ ਲੋਹਾਰ ਸੋਨੂੰ ਕੁਮਾਰ ਨੇ ਦੱਸਿਆ ਕਿ ਉਸ ਦਾ ਜਨਮ ਰਾਜਸਥਾਨ ਦੇ ਚਿਤੌੜਗੜ੍ਹ 'ਚ ਹੋਇਆ। ਉਸ ਦਾ ਪਿਤਾ ਸੁਰਜਾ ਰਾਮ ਤੇ ਦਾਦਾ ਭਾਨੀ ਰਾਮ ਚਿਤੌੜਗੜ੍ਹ 'ਚ ਲੋਹਾਰਾ ਕੰਮ ਕਰਦੇ ਸਨ ਤੇ ਇਲਾਕੇ 'ਚ ਉਨ੍ਹਾਂ ਦਾ ਬਹੁਤ ਨਾਂ ਸੀ। ਸੋਨੂੰ ਕੁਮਾਰ ਨੇ ਦੱਸਿਆ ਕਿ ਜਦੋਂ ਉਹ 12 ਸਾਲ ਦਾ ਹੋਇਆ ਤਾਂ ਉਸ ਦੇ ਦਾਦੇ ਨੇ ਉਸ ਨੂੰ ਵੀ ਲੋਹਾਰਾ ਕੰਮ ਸਿਖਾਉਣਾ ਸ਼ੁਰੂ ਕਰ ਦਿੱਤਾ। ਸਮੇਂ ਦੇ ਉਤਾਰ-ਚੜ੍ਹਾਅ ਅਤੇ ਬਦਲਦੇ ਦੌਰ 'ਚ ਚਿਤੌੜਗੜ੍ਹ ਛੱਡ ਉਹ ਪੰਜਾਬ ਆ ਵਸੇ ਅਤੇ ਹੌਲੀ-ਹੌਲੀ ਉਨ੍ਹਾਂ ਅਬੋਹਰ ਦੇ ਪਿੰਡ ਤੇਲੂਪੁਰਾ 'ਚ ਆਪਣਾ ਅੱਡਾ ਲਾਉਣਾ ਸ਼ੁਰੂ ਕਰ ਦਿੱਤਾ।
ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ
ਇਸ ਮਾਡਰਨ ਜ਼ਮਾਨੇ 'ਚ ਔਰਤ ਵੀ ਕਰਦੀ ਹੈ ਲੋਹਾਰਾ ਕੰਮ
ਇਕ ਸਮਾਂ ਸੀ ਜਦੋਂ ਔਰਤਾਂ ਵੀ ਹੱਥੀਂ ਕਿਰਤ ਕਰਨ ਨੂੰ ਤਰਜੀਹ ਦਿੰਦੀਆਂ ਸਨ ਪਰ ਜਿਵੇਂ-ਜਿਵੇਂ ਜ਼ਮਾਨੇ ਨੇ ਤਰੱਕੀ ਕੀਤੀ, ਸਾਡੇ ਸਮਾਜ ਅੰਦਰ ਔਰਤਾਂ ਨੇ ਹੱਥੀਂ ਕਿਰਤ ਕਰਨ ਨੂੰ ਤਰਜੀਹ ਦੇਣੀ ਬੰਦ ਕਰ ਦਿੱਤੀ। ਆਮ ਤੌਰ 'ਤੇ ਲੋਹਾਰ ਦਾ ਕੰਮ ਮਰਦ ਹੀ ਕਰਦੇ ਹਨ ਪਰ ਵੇਖਣ 'ਚ ਆਇਆ ਕਿ ਲੋਹਾਰ ਸੋਨੂੰ ਦੀ ਪਤਨੀ ਵੀ ਆਪਣੇ ਪਤੀ ਦੇ ਨਾਲ ਕੰਮ ਕਰਦੀ ਹੈ। ਉਹ ਲੋਹੇ ਤੋਂ ਕਈ ਤਰ੍ਹਾਂ ਦੇ ਔਜ਼ਾਰ ਤੇ ਘਰੇਲੂ ਵਰਤੋਂ ਦਾ ਸਾਮਾਨ ਖੁਦ ਤਿਆਰ ਕਰ ਲੈਂਦੀ ਹੈ, ਜਿਸ ਕਾਰਨ ਇਲਾਕੇ 'ਚ ਉਸ ਦੀ ਵੱਖਰੀ ਪਛਾਣ ਹੈ। ਦੋਵਾਂ ਪਤੀ-ਪਤਨੀ ਨੇ ਕਿਹਾ ਕਿ ਵਧਦੀ ਮਹਿੰਗਾਈ ਅਤੇ ਰੁਜ਼ਗਾਰ 'ਚ ਕਮੀ ਆਉਣ ਕਾਰਨ ਉਨ੍ਹਾਂ ਦੀ ਰੋਟੀ ਪੂਰੀ ਨਹੀਂ ਹੋ ਰਹੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਕੋਲ ਕਾਫ਼ੀ ਤਕਨੀਕੀ ਹੁਨਰ ਹੈ, ਇਸ ਲਈ ਕਿਸੇ ਮਹਿਕਮੇ ਅੰਦਰ ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾਵੇ।
ਇਹ ਵੀ ਪੜ੍ਹੋ : ਅੰਮ੍ਰਿਤਸਰ-ਜੰਮੂ ਰੇਲਵੇ ਟ੍ਰੈਕ ਤੱਕ ਪਹੁੰਚੀ ਖੇਤਾਂ ’ਚ ਲਗਾਈ ਅੱਗ, ਗੇਟਮੈਨ ਦੀ ਸਮਝਦਾਰੀ ਨਾਲ ਟਲਿਆ ਵੱਡਾ ਹਾਦਸਾ
ਔਜ਼ਾਰ ਤਿਆਰ ਕਰਨ ਲਈ ਅਖਾੜੇ 'ਚ ਜਿੰਨਾ ਜ਼ੋਰ ਪਹਿਲਵਾਨ ਲਾਉਂਦਾ ਹੈ, ਓਨਾ ਲੱਗਦਾ ਹੈ
ਸੋਨੂੰ ਨੇ ਦੱਸਿਆ ਕਿ ਉਹ ਕੋਲੇ ਨੂੰ ਪੱਖੀ ਜ਼ਰੀਏ ਗਰਮ ਕਰਕੇ ਪਹਿਲਾਂ ਨਰਮ ਕਰਦੇ ਹਨ ਤੇ ਫਿਰ ਹਥੌੜੇ ਨਾਲ ਕੁੱਟ ਕੇ ਉਸ ਤੋਂ ਵੱਖ-ਵੱਖ ਤਰ੍ਹਾਂ ਦੇ ਔਜ਼ਾਰ ਤਿਆਰ ਕਰਦੇ ਹਨ। ਉਹ ਮੁੱਖ ਤੌਰ 'ਤੇ ਹਲ, ਤੋਤੇ, ਹਥੌੜੇ, ਕੱਸੀ, ਕੁਹਾੜੀ, ਖੁਰਪੇ, ਸੱਬਲ ਆਦਿ ਔਜ਼ਾਰਾਂ ਤੋਂ ਇਲਾਵਾ ਘਰੇਲੂ ਵਰਤੋਂ ਦਾ ਸਾਜ਼ੋ-ਸਾਮਾਨ ਤਿਆਰ ਕਰਦੇ ਹਨ, ਜਿਵੇਂ ਅਖਾੜੇ ਅੰਦਰ ਪਹਿਲਵਾਨ ਆਪਣੇ ਵਿਰੋਧੀ ਨੂੰ ਹਰਾਉਣ ਜਿੰਨਾ ਜ਼ੋਰ ਲਾਉਂਦਾ ਹੈ, ਓਨਾ ਜ਼ੋਰ ਔਜ਼ਾਰ ਤਿਆਰ ਕਰਨ 'ਚ ਉਨ੍ਹਾਂ ਦਾ ਲੱਗ ਜਾਂਦਾ ਹੈ। ਸੋਨੂੰ ਨੇ ਦੱਸਿਆ ਕਿ ਇਸ ਪਿੰਡ ਵਿਚਲੇ ਉਸ ਦੇ ਅੱਡੇ ਨੂੰ ਕਰੀਬ 20 ਪਿੰਡ ਲੱਗਦੇ ਹਨ, ਪਹਿਲਾਂ ਉਨ੍ਹਾਂ ਦਾ ਕੰਮ ਕਾਫ਼ੀ ਚੱਲਦਾ ਸੀ ਪਰ ਹੁਣ ਬਹੁਤ ਘੱਟ ਲੋਕ ਉਸ ਕੋਲ ਕੰਮ ਕਰਵਾਉਣ ਲਈ ਆਉਂਦੇ ਹਨ।
ਇਹ ਵੀ ਪੜ੍ਹੋ : 2 ਸਿੱਖਾਂ ਦੇ ਕਤਲ ਮਾਮਲੇ ’ਚ ਸਰਨਾ ਭਰਾਵਾਂ ਨੇ ਪਾਕਿ ਹਾਈ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ
ਮਸ਼ੀਨੀਕਰਨ ਨੇ ਲੋਹਾਰਾ ਕਿੱਤੇ ਨੂੰ ਮਾਰੀ ਸੱਟ
ਮਸ਼ੀਨੀ ਯੁੱਗ ਨੇ ਮਨੁੱਖੀ ਕਾਰੀਗਰੀ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਇਸ ਨਾਲ ਹੱਥੀਂ ਕਿਰਤ ਕਰਨ ਵਾਲੇ ਬਹੁਤ ਸਾਰੇ ਲੋਕ ਵਿਹਲੇ ਹੋ ਗਏ ਹਨ। ਸੋਨੂੰ ਲੋਹਾਰ ਨੇ ਦੱਸਿਆ ਕਿ ਕੋਈ ਸਮਾਂ ਸੀ ਜਦੋਂ ਉਨ੍ਹਾਂ ਕੋਲ ਕੰਮ ਕਰਵਾਉਣ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲੱਗਦੀਆਂ ਸਨ ਤੇ ਉਨ੍ਹਾਂ ਦੀ ਜੇਬ 'ਚ ਵੀ ਚਾਰ ਪੈਸੇ ਹੁੰਦੇ ਸਨ ਪਰ ਬਾਜ਼ਾਰ 'ਚ ਮਸ਼ੀਨਾਂ ਜ਼ਰੀਏ ਬਣੇ ਸਾਮਾਨ ਦੀ ਆਮਦ ਨੇ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਕਰ ਦਿੱਤੇ ਹਨ, ਜਿਸ ਕਾਰਨ ਕਦੇ ਉਸ ਦੀ ਦਿਹਾੜੀ ਲੱਗਦੀ ਹੈ, ਕਦੇ ਨਹੀਂ ਲੱਗਦੀ। ਉਸ ਨੇ ਦੱਸਿਆ ਕਿ ਕੋਲੇ ਦੀ ਕੀਮਤ ਵੀ ਬਹੁਤ ਵੱਧ ਗਈ ਹੈ, ਜਿਸ ਨਾਲ ਇਸ ਕਿੱਤੇ ਤੋਂ ਹੋਣ ਵਾਲੀ ਬੱਚਤ 'ਚ ਕਮੀ ਆਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਕਿੱਤੇ ਨੂੰ ਬਚਾਇਆ ਜਾਵੇ।