ਵਿਆਹੁਤਾ ਦਾ ਗਲਾ ਘੁੱਟ ਕੇ ਬੇਦਰਦੀ ਨਾਲ ਕਤਲ

Saturday, Mar 09, 2019 - 12:53 AM (IST)

ਵਿਆਹੁਤਾ ਦਾ ਗਲਾ ਘੁੱਟ ਕੇ ਬੇਦਰਦੀ ਨਾਲ ਕਤਲ

ਲੁਧਿਆਣਾ(ਮਹੇਸ਼)-ਥਾਣਾ ਸਦਰ ਦੇ ਤਹਿਤ ਆਉਂਦੇ ਬਸੰਤ ਐਵੇਨਿਊ ਇਲਾਕੇ ’ਚ 27 ਸਾਲਾ ਇਕ ਵਿਆਹੁਤਾ ਦਾ ਗਲਾ ਘੁੱਟ ਕੇ ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ, ਜਿਸ ਦੀ ਲਾਸ਼ ਸ਼ੁੱਕਰਵਾਰ ਨੂੰ ਸ਼ਾਪ ਕਮ ਫਲੈਟ ’ਚੋਂ ਮਿਲੀ ਜਿੱਥੇ ਆਰਤੀ ਆਪਣੇ ਪਤੀ ਵਿਜੇ ਕੁਮਾਰ ਨਾਲ ਕੇਅਰ ਟੇਕਰ ਵਜੋਂ ਰਹਿੰਦੀ ਸੀ। ਘਟਨਾ ਤੋਂ ਬਾਅਦ ਉਸ ਦਾ ਪਤੀ ਸ਼ੱਕੀ ਹਾਲਾਤ ’ਚ ਲਾਪਤਾ ਹੈ। ਪੁਲਸ ਨੂੰ ਸ਼ੱਕ ਹੈ ਕਿ ਇਸ ਵਾਰਦਾਤ ਵਿਚ ਉਸ ਦੀ ਸ਼ਮੂਲੀਅਤ ਹੈ, ਜਿਸ ਦੇ ਅਾਧਾਰ ’ਤੇ ਉਸ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਸ ਨੇ ਦੱਸਿਆ ਕਿ ਅੱਜ ਸਵੇਰੇ ਸੂਚਨਾ ਮਿਲੀ ਕਿ ਉਕਤ ਇਲਾਕੇ ਵਿਚ ਇਕ ਅੌਰਤ ਦਾ ਕਤਲ ਕਰ ਦਿੱਤਾ ਗਿਆ ਹੈ, ਜਿਸ ਦੀ ਲਾਸ਼ ਉਸ ਦੇ ਘਰ ਦੇ ਵਿਹਡ਼ੇ ਵਿਚ ਪਈ ਹੈ, ਜਿਸ ’ਤੇ ਉੱਚ ਅਧਿਕਾਰੀ ਘਟਨਾ ਵਾਲੀ ਜਗ੍ਹਾ ’ਤੇ ਪੁੱਜੇ। ਅੌਰਤ ਦੇ ਗਲੇ ’ਤੇ ਦਬਾਏ ਜਾਣ ਦੇ ਨਿਸ਼ਾਨ ਸਨ, ਜਦੋਂਕਿ ਉਸ ਦਾ ਪਤੀ ਘਰੋਂ ਨਾਦਾਰਦ ਸੀ। ਇਸ ’ਤੇ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੂਲ ਰੂਪ ਤੋਂ ਬਿਹਾਰ ਦੀ ਰਹਿਣ ਵਾਲੀ ਆਰਤੀ ਪਿਛਲੇ 3 ਸਾਲਾਂ ਤੋਂ ਇਸ ਸ਼ਾਪ-ਕਮ ਫਲੈਟ ਵਿਚ ਆਪਣੇ ਪਤੀ ਦੇ ਨਾਲ ਰਹਿ ਰਹੀ ਸੀ। ਉਸ ਦੀ ਕੋਈ ਅੌਲਾਦ ਨਹੀਂ ਹੈ। ਇਸ ਪ੍ਰਾਪਰਟੀ ਦੇ ਮਾਲਕ ਦਾ ਸਾਰਾ ਕਾਰੋਬਾਰ ਅਸਾਮ ਵਿਚ ਹੈ, ਜਿਸ ਕਾਰਨ ਉਸ ਨੇ ਇਸ ਪ੍ਰਾਪਰਟੀ ਦੀ ਦੇਖ-ਰੇਖ ਦਾ ਜ਼ਿੰਮਾ ਇਸ ਜੋਡ਼ੇ ਨੂੰ ਦੇ ਰੱਖਿਆ ਸੀ। ਵਿਜੇ ਇਕ ਰਾਜ ਮਿਸਤਰੀ ਦੇ ਨਾਲ ਕੰਮ ਕਰਦਾ ਹੈ।

ਉਨ੍ਹਾਂ ਕਿਹਾ ਕਿ ਹੁਣ ਤਕ ਕੀਤੀ ਗਈ ਛਾਣਬੀਨ ਵਿਚ ਜੋ ਗੱਲ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਵਿਜੇ ਨੂੰ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਸੀ, ਜਿਸ ਕਾਰਨ ਉਸ ਨੇ ਆਰਤੀ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਉਸ ਦੀ ਗ੍ਰਿਫਤਾਰੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।


author

satpal klair

Content Editor

Related News