ਮਾਨਸਿਕ ਪ੍ਰੇਸ਼ਾਨੀ ਕਾਰਨ ਵਿਅਕਤੀ ਨੇ ਕੀਤੀ ਖੁਦਕੁਸ਼ੀ
Tuesday, Jun 18, 2019 - 07:03 PM (IST)

ਬੱਧਨੀ ਕਲਾਂ (ਬੱਬੀ)— ਪਿੰਡ ਰਾਮੂਵਾਲਾ ਨਵਾਂ ਦੇ ਇਕ ਵਿਅਕਤੀ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ । ਜਾਣਕਾਰੀ ਅਨੁਸਾਰ ਅਰਵਿੰਦਰ ਸਿੰਘ ਪੁੱਤਰ ਲਛਮਨ ਸਿੰਘ ਵਾਸੀ ਰਾਮੂਵਾਲਾ ਨਵਾਂ ਮੋਟਰਸਾਈਕਲ 'ਤੇ ਬੱਧਨੀ ਕਲਾਂ ਵਿਖੇ ਘਾਹ 'ਤੇ ਛਿੜਕਣ ਵਾਲੀ ਦਵਾਈ ਖਰੀਦਣ ਆਇਆ ਸੀ ਪਰ ਦੁਪਹਿਰ ਸਮੇਂ ਉਸ ਨੇ ਵਾਪਸ ਪਿੰਡ ਜਾਣ ਦੀ ਥਾਂ ਨਹਿਰ ਲਾਗੇ ਝਾੜੀਆਂ ਦੇ ਓਹਲੇ ਬੈਠ ਕੇ ਉਕਤ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਹ ਜਾਂਦੇ ਲੋਕਾਂ ਨੇ ਲਾਸ਼ ਨੂੰ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ, ਜਿਸ 'ਤੇ ਡੀ. ਐੱਸ. ਪੀ. ਗੁਰਦੇਵ ਸਿੰਘ ਭੱਲਾ ਅਤੇ ਥਾਣਾ ਬੱਧਨੀ ਕਲਾਂ ਦੇ ਇੰਸਪੈਕਟਰ ਸੁਰਜੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਲਾਸ਼ ਦੀ ਸ਼ਨਾਖਤ ਕਰਨ ਉਪਰੰਤ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ। ਮ੍ਰਿਤਕ ਅਰਵਿੰਦਰ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਕੁਝ ਦਿਨਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ 9 ਸਾਲ ਦੇ ਬੇਟੇ ਨੂੰ ਛੱਡ ਗਿਆ ਹੈ। ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ।