ਆਰਥਿਕ ਤੰਗੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ

Saturday, Nov 16, 2019 - 10:53 PM (IST)

ਆਰਥਿਕ ਤੰਗੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ

ਲੋਹਟਬੱਦੀ/ ਰਾਏਕੋਟ, (ਭੱਲਾ)— ਆਰਥਿਕ ਮੰਦਹਾਲੀ ਤੋਂ ਤੰਗ ਪ੍ਰੇਸ਼ਾਨ ਵਿਅਕਤੀ ਵਲੋਂ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਥਾਣਾ ਸਦਰ ਰਾਏਕੋਟ 'ਚ ਦਰਜ ਕਰਵਾਏ ਬਿਆਨਾਂ 'ਚ ਮ੍ਰਿਤਕ ਲਖਵੀਰ ਸਿੰਘ ਉਰਫ ਸੀਰਾ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਲੋਹਟਬੱਦੀ ਦੀ ਪਤਨੀ ਸਤਵਿੰਦਰ ਕੌਰ ਨੇ ਦੱਸਿਆ ਕਿ ਅੱਜ ਤੋਂ 14 ਸਾਲ ਪਹਿਲਾਂ ਉਸ ਦਾ ਵਿਆਹ ਲਖਵੀਰ ਸਿੰਘ ਨਾਲ ਹੋਇਆ ਸੀ ਅਤੇ ਉਸ ਦੀਆਂ ਦੋ ਲੜਕੀਆਂ ਹਨ। ਉਸ ਦਾ ਪਤੀ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਡਰਾਈਵਰੀ ਕਿੱਤੇ ਤੋਂ ਘੱਟ ਆਮਦਨ ਹੋਣ ਕਾਰਨ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਬੀਤੇ ਦਿਨੀਂ ਉਸ ਦਾ ਸਹੁਰਾ ਗੁਰਮੇਲ ਸਿੰਘ ਤੇ ਸੱਸ ਹਰਬੰਸ ਕੌਰ ਪਿੰਡ ਵਿਚ ਕੰਮ ਗਏ ਹੋਏ ਸਨ ਅਤੇ ਦੋਨੋਂ ਲੜਕੀਆਂ ਸਕੂਲ ਪੜ੍ਹਣ ਗਈਆਂ ਹੋਈਆਂ ਸਨ। ਉਸ ਦੇ ਪਤੀ ਲਖਵੀਰ ਸਿੰਘ ਨੇ ਉਸ ਨੂੰ ਗੁਆਂਢੀਆਂ ਦੇ ਘਰ ਸਰਪੰਚ ਦਾ ਮੋਬਾਈਲ ਨੰਬਰ ਲੈਣ ਲਈ ਭੇਜ ਦਿੱਤਾ। ਜਦੋਂ ਉਹ ਘਰ ਵਾਪਸ ਪੁੱਜੀ ਤਾਂ ਦੇਖਿਆ ਘਰ ਦੇ ਕਮਰੇ 'ਚ ਲੱਗੇ ਛੱਤ ਵਾਲੇ ਪੱਖੇ ਨਾਲ ਲਖਵੀਰ ਸਿੰਘ ਦੀ ਲਾਸ਼ ਲਟਕ ਰਹੀ ਸੀ।
ਇਸ ਘਟਨਾ ਸਬੰਧੀ ਪੁਲਸ ਚੌਕੀ ਲੋਹਟਬੱਦੀ ਨੂੰ ਸੂਚਿਤ ਕੀਤਾ ਗਿਆ। ਜਦ ਥਾਣਾ ਸਦਰ ਦੇ ਇੰਚਾਰਜ ਨਿਧਾਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।

 


author

KamalJeet Singh

Content Editor

Related News