ਮਾਛੀਵਾੜਾ ਮਾਰਕੀਟ ਕਮੇਟੀ ਦਾ ਲੇਖਾਕਾਰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

12/3/2020 8:56:45 PM

ਮਾਛੀਵਾੜਾ ਸਾਹਿਬ,(ਟੱਕਰ)-ਮਾਛੀਵਾੜਾ ਮਾਰਕੀਟ ਕਮੇਟੀ 'ਚ ਅੱਜ ਵਿਜੀਲੈਂਸ ਵਿਭਾਗ ਸੁਕਾਇਡ ਫਲਾਇੰਗ ਮੋਹਾਲੀ ਵਲੋਂ ਛਾਪੇਮਾਰੀ ਕਰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਇਹ ਸਾਰੀ ਕਾਨੂੰਨੀ ਕਾਰਵਾਈ ਅਨਾਜ ਮੰਡੀ 'ਚ ਬਿਜਲੀ ਦਾ ਕੰਮ ਕਰਨ ਵਾਲੇ ਠੇਕੇਦਾਰ ਦੀ ਸ਼ਿਕਾਇਤ ਦੇ ਅਧਾਰ 'ਤੇ ਹੋਈ। ਛਾਪੇਮਾਰੀ ਕਰਨ ਆਈ ਵਿਜੀਲੈਂਸ ਵਿਭਾਗ ਦੀ ਟੀਮ ਦੀ ਅਗਵਾਈ ਕਰ ਰਹੇ ਡੀ.ਐੱਸ.ਪੀ. ਅਜੈ ਕੁਮਾਰ, ਸਬ-ਇੰਸਪੈਕਟਰ ਧਰਮਪਾਲ ਨੇ ਦੱਸਿਆ ਕਿ ਸਾਡੇ ਵਿਭਾਗ ਦੇ ਚੀਫ਼ ਆਈ.ਪੀ.ਐੱਸ. ਵੀ.ਕੇ ਉੱਪਲ ਦੇ ਨਿਰਦੇਸ਼ਾਂ 'ਤੇ ਮਾਰਕੀਟ ਕਮੇਟੀ ਮਾਛੀਵਾੜਾ 'ਚ ਲੇਖਾਕਾਰ ਵਜੋਂ ਤਾਇਨਾਤ ਗੁਰਮੇਲ ਸਿੰਘ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਗਦੇਵ ਸਿੰਘ ਨਾਮ ਦੇ ਠੇਕੇਦਾਰ ਨੇ ਮਾਛੀਵਾੜਾ ਅਨਾਜ ਮੰਡੀ 'ਚ ਬਿਜਲੀ ਦੇ ਕੰਮਾਂ ਦਾ ਠੇਕਾ ਲਿਆ ਹੋਇਆ ਸੀ, ਜਿਸ ਦੀ ਅਦਾਇਗੀ ਸਬੰਧੀ ਲੇਖਾਕਾਰ ਗੁਰਮੇਲ ਸਿੰਘ ਉਸ ਕੋਲੋਂ ਬਣਦੀ ਰਕਮ ਦਾ 20 ਫੀਸਦੀ 85 ਹਜ਼ਾਰ ਰੁਪਏ ਲੈਣ ਦੀ ਮੰਗ ਕਰ ਰਿਹਾ ਸੀ, ਜਿਸ ਕਾਰਣ ਠੇਕੇਦਾਰ ਦਾ 1 ਲੱਖ 45 ਹਜ਼ਾਰ ਰੁਪਏ ਦਾ ਬਿੱਲ ਰੋਕਿਆ ਹੋਇਆ ਸੀ, ਜਿਸ 'ਚ ਵਿਭਾਗ ਦੇ ਜੇ. ਈ. ਮਨੋਹਰ ਸਿੰਘ ਦੀ ਵੀ ਸ਼ਮੂਲੀਅਤ ਦੱਸੀ ਜਾ ਰਹੀ ਹੈ।

ਠੇਕੇਦਾਰ ਜਗਦੇਵ ਸਿੰਘ ਨੇ ਇਸ ਸਬੰਧੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਦਿੱਤੀ ਅਤੇ ਅੱਜ ਉਹ ਆਪਣੇ ਬਿੱਲ ਦੀ ਅਦਾਇਗੀ ਕਰਵਾਉਣ ਲਈ 30 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਦੇਣ ਲਈ ਮਾਰਕੀਟ ਕਮੇਟੀ ਮਾਛੀਵਾੜਾ ਵਿਖੇ ਲੇਖਾਕਾਰ ਕੋਲ ਆਇਆ। ਠੇਕੇਦਾਰ ਜਗਦੇਵ ਸਿੰਘ ਨੇ 500-500 ਦੇ 60 ਨੋਟ ਲੇਖਾਕਾਰ ਗੁਰਮੇਲ ਨੂੰ ਦੇ ਦਿੱਤੇ ਅਤੇ ਉਸ ਤੋਂ ਬਾਅਦ ਇਸ ਨੇ ਵਿਭਾਗ ਦੇ ਜੇ. ਈ. ਮਨੋਹਰ ਸਿੰਘ ਨੂੰ ਫੋਨ 'ਤੇ ਸੂਚਿਤ ਕੀਤਾ ਕਿ ਇਸ ਦਾ ਬਿੱਲ ਕਲੀਅਰ ਕਰ ਦਿੱਤਾ ਜਾਵੇ। ਵਿਜੀਲੈਂਸ ਵਿਭਾਗ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਲੇਖਾਕਾਰ ਗੁਰਮੇਲ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਠੇਕੇਦਾਰ ਜਗਦੇਵ ਸਿੰਘ ਵਲੋਂ ਦਿੱਤੇ ਰਿਸ਼ਵਤ ਦੇ 30 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ। ਡੀ.ਐੱਸ.ਪੀ. ਅਜੈ ਕੁਮਾਰ ਅਨੁਸਾਰ ਠੇਕੇਦਾਰ ਜਗਦੇਵ ਸਿੰਘ ਨੇ ਉਨ੍ਹਾਂ ਨੂੰ ਰਿਸ਼ਵਤ ਮੰਗਣ ਸਬੰਧੀ ਫੋਨ ਰਿਕਾਰਡਿੰਗ ਵੀ ਸਬੂਤ ਵਜੋਂ ਸੌਂਪੀ ਹੈ ਅਤੇ ਇਸ ਮਾਮਲੇ 'ਚ ਲੇਖਾਕਾਰ ਗੁਰਮੇਲ ਸਿੰਘ ਅਤੇ ਜੇ.ਈ. ਮਨੋਹਰ ਸਿੰਘ ਖਿਲਾਫ਼ ਭ੍ਰਿਸ਼ਟਾਚਾਰ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਜੇਕਰ ਕਿਸੇ ਹੋਰ ਦੀ ਵੀ ਸ਼ਮੂਲੀਅਤ ਹੋਈ ਤਾਂ ਉਸ ਨੂੰ ਵੀ ਨਾਮਜ਼ਦ ਕਰ ਲਿਆ ਜਾਵੇਗਾ।
 


Deepak Kumar

Content Editor Deepak Kumar