ਪਸ਼ੂਆਂ ''ਚ ਫੈਲ ਰਹੀ ਬੀਮਾਰੀ ਲੰਪੀ ਸਕਿਨ ਨੇ ਖੰਨਾ ਇਲਾਕੇ ''ਚ ਵੀ ਦਿੱਤੀ ਦਸਤਕ

Monday, Aug 08, 2022 - 02:01 PM (IST)

ਖੰਨਾ (ਸੁਖਵਿੰਦਰ ਕੌਰ) : ਪਸ਼ੂਆਂ 'ਚ ਫੈਲ ਰਹੀ ਬੀਮਾਰੀ ਲੰਪੀ ਸਕਿਨ ਨੇ ਖੰਨਾ ਇਲਾਕੇ 'ਚ ਵੀ ਦਸਤਕ ਦੇ ਦਿੱਤੀ ਹੈ। ਤਹਿਸੀਲ ਖੰਨਾ 'ਚ ਤਕਰੀਬਨ 1 ਹਜ਼ਾਰ ਪਸ਼ੂਆਂ ਦੇ ਇਸ ਬੀਮਾਰੀ ਨਾਲ ਪੀੜਤ ਹੋਣ ਦਾ ਅੰਦਾਜ਼ਾ ਹੈ। ਦੱਸ ਦੇਈਏ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ 'ਚ ਵੀ ਹਜ਼ਾਰਾਂ ਪਸ਼ੂ ਲੰਪੀ ਸਕਿਨ ਬਿਮਾਰੀ ਦੀ ਲਪੇਟ 'ਚ ਆ ਚੁੱਕੇ ਹਨ ਅਤੇ ਕਈ ਮੌਤਾਂ ਹੋ ਚੁੱਕੀਆਂ ਹਨ। ਬੀਤੇ ਦਿਨੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਲਿਖੇ ਪੱਤਰ ਦੇ ਆਧਾਰ ’ਤੇ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ-ਕਮ-ਜ਼ਿਲ੍ਹਾ ਕੈਟਲ ਫੇਅਰ ਅਫ਼ਸਰ ਨੂੰ ਪਸ਼ੂਆਂ 'ਚ ਲੰਪੀ ਸਕਿਨ ਬਿਮਾਰੀ ਫੈਲਣ ਕਾਰਣ ਸੂਬੇ ਦੀਆਂ ਸਮੂਹ ਪਸ਼ੂ ਮੰਡੀਆਂ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

ਇਹ ਹੁਕਮ ਭਾਰਤ ਸਰਕਾਰ ਦੀ ਐਡਵਾਈਜ਼ਰੀ ਤੇ ਦਿਸ਼ਾ-ਨਿਰਦੇਸ਼ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹਨ। ਪਸ਼ੂਆਂ 'ਚ ਲੰਪੀ ਸਕਿਨ ਦਾ ਵਾਇਰਸ ਬਹੁਤ ਜ਼ਿਆਦਾ ਫੈਲ ਰਿਹਾ ਹੈ, ਪਸ਼ੂ ਮੇਲਿਆਂ 'ਚ ਵੱਡੀ ਗਿਣਤੀ 'ਚ ਪਸ਼ੂਆਂ ਦੇ ਆਉਣ ਕਾਰਨ ਲੰਪੀ ਸਕਿਨ ਬਿਮਾਰੀ ਵੱਧਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਪਸ਼ੂ ਮੇਲਿਆਂ ’ਤੇ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਹੈ।
 


Babita

Content Editor

Related News