ਲੁਧਿਆਣਾ ਕੇਂਦਰੀ ਜੇਲ੍ਹ ਦੇ ਬਾਹਰੋਂ ਫਰਾਰ ਹੋਇਆ ਹਵਾਲਾਤੀ, ਪੁਲਸ ਨੇ ਜਾਲ ਵਿਛਾ ਕੇ ਮੁੜ ਕੀਤਾ ਕਾਬੂ
Sunday, Jan 18, 2026 - 10:59 AM (IST)
ਲੁਧਿਆਣਾ, (ਰਾਜ)- ਪੰਜਾਬ ਦੇ ਲੁਧਿਆਣਾ ਵਿੱਚ ਕੇਂਦਰੀ ਜੇਲ੍ਹ ਦੇ ਬਾਹਰੋਂ ਪੁਲਸ ਨੂੰ ਚਕਮਾ ਦੇ ਕੇ ਇਕ ਹਵਾਲਾਤੀ ਫਰਾਰ ਹੋ ਗਿਆ, ਜਿਸਨੂੰ ਪੁਲਸ ਨੇ ਮੁੜ ਕਾਬੂ ਕਰ ਲਿਆ ਹੈ। ਇਸ ਘਟਨਾ ਨੇ ਪੁਲਸ ਵਿਭਾਗ ਵਿੱਚ ਭੜਥੂ ਪਾ ਦਿੱਤਾ ਸੀ, ਜਿਸ ਤੋਂ ਬਾਅਦ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਅਨੁਸਾਰ, ਮੁਲਜ਼ਮ ਦੀ ਪਛਾਣ ਮੋਹਿਤ ਥਾਪਰ ਉਰਫ਼ ਸਾਈਂ ਵਜੋਂ ਹੋਈ ਹੈ, ਜੋ ਜਾਲੰਧਰ ਦੇ ਕਿਸ਼ਨਪੁਰਾ ਰੋਡ ਦਾ ਰਹਿਣ ਵਾਲਾ ਹੈ। ਇਹ ਘਟਨਾ 17 ਜਨਵਰੀ 2026 ਨੂੰ ਵਾਪਰੀ ਸੀ। ਥਾਣਾ ਡਿਵੀਜ਼ਨ ਨੰਬਰ 5 ਦੇ ਏ.ਐੱਸ.ਆਈ. ਧਰਮਵੀਰ ਸਿੰਘ ਜਦੋਂ ਮੁਲਜ਼ਮ ਨੂੰ ਨਿਆਂਇਕ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਜੇਲ੍ਹ ਵਿੱਚ ਦਾਖ਼ਲ ਕਰਵਾਉਣ ਲਈ ਲੈ ਕੇ ਗਏ ਸਨ, ਤਾਂ ਮੌਕਾ ਪਾ ਕੇ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਵਿੱਚੋਂ ਫਰਾਰ ਹੋ ਗਿਆ ਸੀ।
ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੋਈ ਹਵਾਲਾਤੀ ਪੁਲਸ ਦੀ ਗ੍ਰਿਫ਼ਤ ਵਿੱਚੋਂ ਫਰਾਰ ਹੋਇਆ ਹੋਵੇ। ਇਹ ਘਟਨਾ ਪੁਲਸ ਮੁਲਾਜ਼ਮਾਂ ਦੀ ਵੱਡੀ ਲਾਪਰਵਾਹੀ ਨੂੰ ਉਜਾਗਰ ਕਰਦੀ ਹੈ ਕਿ ਉਹ ਅਪਰਾਧੀਆਂ 'ਤੇ ਨਜ਼ਰ ਰੱਖਣ ਵਿੱਚ ਅਸਫਲ ਸਾਬਤ ਹੋ ਰਹੇ ਹਨ। ਪੁਲਸ ਨੇ ਫਰਾਰ ਹਵਾਲਾਤੀ ਦੇ ਖਿਲਾਫ਼ BNS ਦੀ ਧਾਰਾ 262 ਅਤੇ 265 ਤਹਿਤ ਮਾਮਲਾ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਏ.ਐੱਸ.ਆਈ. ਦਿਨੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਹ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਕਿ ਕੈਦੀ ਕਿਸ ਤਰ੍ਹਾਂ ਫਰਾਰ ਹੋਇਆ ਅਤੇ ਇਸ ਵਿੱਚ ਕਿਸ ਦੀ ਲਾਪਰਵਾਹੀ ਸੀ।
