2 ਘੰਟੇ ਤੱਕ ਹਵਾ ਭਰਦੀ ਰਹਿਣ ਕਾਰਨ ਫਟਿਆ ਕੰਪ੍ਰੈਸ਼ਰ, 11 ਸਾਲਾ ਬੱਚੇ ਦੀ ਮੌਤ
Monday, Oct 15, 2018 - 12:55 PM (IST)

ਲੁਧਿਆਣਾ(ਰਿਸ਼ੀ)— ਥਾਣਾ ਡਾਬਾ ਦੇ ਇਲਾਕੇ 'ਚ ਐਤਵਾਰ ਦੁਪਹਿਰ ਲਗਭਗ 1 ਵਜੇ ਪਿੱਪਲ ਚੌਕ 'ਚ ਉਸ ਸਮੇਂ ਭੱਜ-ਦੌੜ ਮਚ ਗਈ, ਜਦ 2 ਘੰਟੇ ਤੱਕ ਲਗਾਤਾਰ ਹਵਾ ਭਰੇ ਜਾਣ 'ਤੇ ਓਵਰ ਹੋ ਕੇ ਕੰਪ੍ਰੈਸ਼ਰ ਫਟ ਗਿਆ। ਧਮਾਕਾ ਇਸ ਕਦਰ ਖਤਰਨਾਕ ਸੀ ਕਿ ਜਿਸ ਰੇਹੜੇ 'ਤੇ ਕੰਪ੍ਰੈਸ਼ਰ ਪਿਆ ਸੀ, ਉਸ ਕੋਲ ਖੜ੍ਹੇ ਕਈ ਸਾਈਕਲਾਂ ਦੇ ਪਰਖਚੇ ਉੱਡ ਗਏ। ਜਦਕਿ ਕੰਪ੍ਰੈਸ਼ਰ ਹਵਾ 'ਚ ਉਡਦਾ ਹੋਇਆ 30 ਫੁੱਟ ਦੀ ਦੂਰੀ 'ਤੇ ਜਾ ਡਿੱਗਾ। ਹਾਦਸੇ ਸਮੇਂ ਨੇੜੇ ਖੇਡ ਰਹੇ 5ਵੀਂ ਕਲਾਸ ਦੇ ਵਿਦਿਆਰਥੀ ਅਮਿਤ ਕੁਮਾਰ (11) ਦੀ ਸਿਰ ਵਿਚ ਪੱਤੀ ਧਸਣ ਨਾਲ ਮੌਤ ਹੋ ਗਈ। ਜਦਕਿ ਹਵਾ ਭਰਵਾਉਣ ਆਏ ਰੇਹੜੀ ਚਾਲਕ ਯਸ਼ਪਾਲ (35) ਸਮੇਤ ਦੋਵੇਂ ਦੁਕਾਨਦਾਰ ਮਿੱਕੀ (20) ਅਤੇ 8ਵੀਂ ਕਲਾਸ ਵਿਚ ਪੜ੍ਹਨ ਵਾਲਾ ਛੋਟਾ ਭਰਾ ਸਿੱਕੀ (15) ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਯਾਦਵ ਨਿਵਾਸੀ ਮੋਹਿੰਦਰ ਨਗਰ, ਲੋਹਾਰਾ ਨੇ ਦੱਸਿਆ ਕਿ ਉਸ ਦੀ ਮੋਟਰਸਾਈਕਲ, ਸਕੂਟਰ ਰਿਪੇਅਰ ਦੀ ਦੁਕਾਨ ਹੈ, ਜੋ 5 ਸਾਲ ਪਹਿਲਾਂ ਕਿਰਾਏ 'ਤੇ ਲਈ ਸੀ। ਦੁਕਾਨ ਮਾਲਕ ਨੇ ਦੁਕਾਨ ਦੇ ਅੱਗੇ ਸੋਨੂੰ ਨਾਮਕ ਨੌਜਵਾਨ (ਮਿੱਕੀ ਤੇ ਸਿੱਕੀ ਦਾ ਵੱਡਾ ਭਰਾ) ਨੂੰ ਪੰਕਚਰ ਲਾਉਣ ਲਈ ਜਗ੍ਹਾ ਦਿੱਤੀ ਹੋਈ ਹੈ। ਸਵੇਰੇ ਲਗਭਗ 10 ਵਜੇ ਉਸ ਦਾ ਬੇਟਾ ਅਮਿਤ ਉਸ ਦੇ ਨਾਲ ਛੁੱਟੀ ਹੋਣ ਕਾਰਨ ਦੁਕਾਨ 'ਤੇ ਆਇਆ ਸੀ ਅਤੇ ਹਾਦਸੇ ਸਮੇਂ ਉਥੇ ਖੇਡ ਰਿਹਾ ਸੀ। ਇਕਦਮ ਨਾਲ ਹੋਏ ਬਲਾਸਟ ਤੋਂ ਬਾਅਦ ਉਹ ਸੜਕ 'ਤੇ ਹੀ ਡਿੱਗ ਪਿਆ, ਜਿਸ ਨੂੰ ਤੁਰੰਤ ਇਲਾਜ ਲਈ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਫਿਲਹਾਲ ਪੁਲਸ ਨੇ ਪਿਤਾ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕਰ ਕੇ ਲਾਸ਼ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੋਸਟਮਾਰਟਮ ਰਿਪੋਰਟ ਅਨੁਸਾਰ ਬੱਚੇ ਦੇ ਸਿਰ ਵਿਚ 3 ਇੰਚ ਤੱਕ ਪੱਤੀ ਧੱਸਣ ਨਾਲ ਉਸ ਦੀ ਮੌਤ ਹੋ ਗਈ।
ਹਸਪਤਾਲ 'ਚ ਇਲਾਜ ਦੌਰਾਨ 8ਵੀਂ ਦੇ ਵਿਦਿਆਰਥੀ ਸਿੱਕੀ ਨੇ ਦੱਸਿਆ ਕਿ ਉਸ ਦੇ ਭਰਾ ਸੋਨੂ ਦੇ ਕੰਮ 'ਤੇ ਨਾ ਜਾਣ ਕਾਰਨ ਉਹ ਆਪਣੇ ਭਰਾ ਮਿੱਕੀ ਨਾਲ ਕੰਮ 'ਤੇ ਚਲਾ ਗਿਆ। ਲਗਭਗ 11 ਵਜੇ ਉਨ੍ਹਾਂ ਨੇ ਕੰਪ੍ਰੈਸ਼ਰ 'ਚ ਹਵਾ ਭਰਨ ਲਈ ਮਸ਼ੀਨ ਚਲਾਈ ਸੀ, ਜੋ 1 ਵਜੇ ਤੱਕ ਚਲਦੀ ਰਹੀ। ਕਈ ਵਾਰ ਕੰਪ੍ਰੈਸ਼ਰ 'ਤੇ ਲੱਗੇ ਮੀਟਰ ਨੂੰ ਚੈੱਕ ਕੀਤਾ ਸੀ ਤਾਂ ਕਿ ਕੰਪ੍ਰੈਸ਼ਰ 'ਚ ਹਵਾ ਭਰੇ ਜਾਣ ਬਾਰੇ ਪਤਾ ਲੱਗ ਸਕੇ ਪਰ ਮੀਟਰ ਵਿਚ ਅੱਧਾ ਕੰਪ੍ਰੈਸ਼ਰ ਹੀ ਭਰਿਆ ਨਜ਼ਰ ਆ ਰਿਹਾ ਸੀ।