ਲੁਧਿਆਣਾ ਦੀ ਜੇਲ ''ਚ ਕੈਦੀ ਨੇ ਕੀਤੀ ਖੁਦਕੁਸ਼ੀ

Tuesday, Oct 23, 2018 - 09:28 AM (IST)

ਲੁਧਿਆਣਾ ਦੀ ਜੇਲ ''ਚ ਕੈਦੀ ਨੇ ਕੀਤੀ ਖੁਦਕੁਸ਼ੀ

ਲੁਧਿਆਣਾ (ਸਿਆਲ)—ਕੇਂਦਰੀ ਜੇਲ 'ਚ 17 ਅਕਤੂਬਰ ਨੂੰ ਇਕ ਹਵਾਲਾਤੀ ਭਾਗ  ਰਾਮ ਭਾਗੂ ਵੱਲੋਂ ਫਾਹ ਲੈ ਕੇ ਖੁਦਕੁਸ਼ੀ ਕੇਸ ਦੀ ਜਾਂਚ ਅਜੇ ਚੱਲ ਹੀ ਰਹੀ ਹੈ ਕਿ ਅੱਜ ਸ਼ਾਮ 6.30 ਵਜੇ  ਇਕ ਹੋਰ ਕੈਦੀ ਵੱਲੋਂ ਸ਼ੱਕੀ ਹਾਲਾਤ 'ਚ ਫਾਹ ਲੈ ਕੇ ਕੀਤੀ ਖੁਦਕੁਸ਼ੀ ਨੇ  ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਹੈ। 

ਜਾਣਕਾਰੀ ਮੁਤਾਬਕ  ਕੈਦੀ ਹਰਪ੍ਰੀਤ ਸਿੰਘ   ਜਬਰ-ਜ਼ਨਾਹ ਕੇਸ 'ਚ ਤਾਜਪੁਰ ਰੋਡ ਦੀ ਕੇਂਦਰੀ ਜੇਲ ਵਿਚ 3 ਜਨਵਰੀ 2018 ਤੋਂ 10 ਸਾਲ ਦੀ  ਕੈਦ ਭੁਗਤ ਰਿਹਾ ਸੀ ਅਤੇ ਜੇਲ ਵਿਚ ਕੈਦੀਆਂ ਅਤੇ ਹਵਾਲਾਤੀਆਂ ਦੇ ਲੰਗਰ ਬਣਾਉਣ ਵਿਚ  ਮਦਦ ਕਰ ਰਿਹਾ ਸੀ। ਉਸ ਨੇ ਅੱਜ ਸ਼ਾਮ ਲੰਗਰ ਹਾਲ ਵਿਚ ਸਫੈਦ ਪਰਨਾ ਗਲੇ ਵਿਚ ਪਾ ਕੇ  ਬਾਥਰੂਮ ਵਿਚ ਲੱਗੀ ਲੋਹੇ ਦੀ ਗਰਿੱਲ ਨਾਲ ਬੰਨ੍ਹ ਕੇ ਸ਼ੱਕੀ ਹਾਲਾਤ ਵਿਚ ਖੁਦਕੁਸ਼ੀ ਕਰ ਲਈ। ਮੌਕੇ 'ਤੇ ਪੁੱਜੇ ਜੇਲ ਅਧਿਕਾਰੀਆਂ ਨੇ ਪੁਲਸ ਨੂੰ ਸੂਚਨਾ ਦੇਣ ਦੇ ਨਾਲ ਜੇਲ ਡਾਕਟਰ ਨੂੰ ਬੁਲਾਇਆ, ਜਿਸ ਵੱਲੋਂ ਉਕਤ ਕੈਦੀ  ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 

ਉਧਰ, ਜੇਲ ਦੇ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ  ਮ੍ਰਿਤਕ ਕੈਦੀ ਨੇ ਜਿਸ ਲੰਗਰ ਹਾਲ ਦੇ ਬਾਥਰੂਮ ਵਿਚ ਫਾਹ ਲੈ ਕੇ ਖੁਦਕੁਸ਼ੀ ਕੀਤੀ ਹੈ, ਉਥੇ  65 ਦੇ ਲਗਭਗ ਕੈਦੀ ਲੰਗਰ ਬਣਾਉਣ  ਦਾ  ਕੰਮ ਕਰਦੇ ਹਨ। ਜੇਲ ਪ੍ਰਸ਼ਾਸਨ ਉਕਤ ਘਟਨਾ ਦੀ  ਗੰਭੀਰਤਾ ਨਾਲ ਜਾਂਚ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ  ਮ੍ਰਿਤਕ ਕੈਦੀ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ। 23 ਅਕਤੂਬਰ ਨੂੰ ਜੁਡੀਸ਼ੀਅਲ  ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਡਾਕਟਰਾਂ ਦਾ ਇਕ ਪੈਨਲ ਮ੍ਰਿਤਕ  ਦਾ ਪੋਸਟਮਾਰਟਮ ਕਰੇਗਾ।


Related News