ਲੌਂਗੋਵਾਲ ਸਕੂਲ ਵੈਨ ਹਾਦਸਾ : ਮਾਸੂਮਾਂ ਦਾ ਕੀਤਾ ਗਿਆ ਅੰਤਿਮ ਸਸਕਾਰ (ਵੀਡੀਓ)
Sunday, Feb 16, 2020 - 06:31 PM (IST)
ਲੌਂਗੋਵਾਲ (ਵਸ਼ਿਸ਼ਟ, ਵਿਜੇ ) : ਸ਼ਨੀਵਾਰ ਨੂੰ ਇੱਥੇ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ ਜ਼ਿਊਂਦਾ ਸੜੇ 4 ਬੱਚਿਆਂ ਦਾ ਅੱਜ ਰਾਮਬਾਗ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕ ਭੁੱਬਾਂ ਮਾਰ ਰੋਏ। ਉਥੇ ਹੀ ਜ਼ਿਲਾ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ। ਦੱਸ ਦੇਈਏ ਕਿ ਇਨ੍ਹਾਂ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਅੱਜ ਸਵੇਰੇ ਸੰਗਰੂਰ ਤੋਂ ਕਾਂਗਰਸ ਦੀ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਅਤੇ ਉਨ੍ਹਾਂ ਦੇ ਪਤੀ ਹਰਮਨ ਦੇਵ ਬਾਜਵਾ ਐਂਬੂਲੈਂਸ ਰਾਹੀਂ ਰਾਮ ਬਾਗ ਲੈ ਕੇ ਪਹੁੰਚੇ। ਚਿੱਟੇ ਕੱਪੜਿਆਂ ਵਿਚ ਲਪੇਟੀਆਂ ਬੱਚਿਆਂ ਦੀਆਂ ਲਾਸ਼ਾਂ ਜਿਵੇਂ ਹੀ ਐਂਬੂਲੈਂਸ ਵਿਚੋਂ ਬਾਹਰ ਕੱਢੀਆਂ ਗਈਆਂ ਤਾਂ ਚਾਰੇ ਪਾਸੇ ਮਾਤਮ ਛਾ ਗਿਆ ਅਤੇ ਹਰ ਕੋਈ ਭੁੱਬਾਂ ਮਾਰ ਰੋ ਉਠਿਆ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜ਼ਿਲਾ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ ਸੰਗਰੂਰ ਬਬਨਜੀਤ ਸਿੰਘ, ਨਾਇਬ ਤਹਿਸੀਲਦਾਰ ਸ਼੍ਰੀਮਤੀ ਊਸ਼ਾ ਰਾਣੀ, ਗੁਰਮੀਤ ਸਿੰਘ ਐੱਸ.ਪੀ ਸੰਗਰੂਰ ਸੁਖਚਰਨ ਸਿੰਘ, ਡੀ.ਐੱਸ.ਪੀ ਸੁਨਾਮ ਥਾਣਾ ਲੌਂਗੋਵਾਲ ਦੇ ਮੁਖੀ ਬਲਬੰਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ ।
ਜ਼ਿਕਰਯੋਗ ਹੈ ਕਿ ਇਹ ਬੱਸ ਸਿਮਰਨ ਪਬਲਿਕ ਸਕੂਲ ਦੀ ਸੀ ।ਜੋ ਕਿ 2 ਵਜੇ ਦੇ ਕਰੀਬ 12 ਬੱਚਿਆਂ ਨੂੰ ਲੈ ਕੇ ਸਕੂਲ ਵਿੱਚੋਂ ਨਿਕਲੀ ਸੀ ।ਜਿਉਂ ਹੀ ਬੱਸ ਸਕੂਲ ਤੋਂ ਬਾਹਰ ਨਿਕਲੀ ਤਾਂ ਦੂਰ ਤੱਕ ਪੈਟਰੋਲ ਸੜਕ 'ਤੇ ਆਪਣੇ ਨਿਸ਼ਾਨ ਛੱਡਦਾ ਗਿਆ। ਕਰੀਬ 200 ਮੀਟਰ ਦੀ ਦੂਰੀ 'ਤੇ ਜਾ ਕੇ ਇਹ ਵੈਨ ਭਿਆਨਕ ਅੱਗ ਦਾ ਸ਼ਿਕਾਰ ਹੋ ਗਈ ਅਤੇ ਮੌਕੇ 'ਤੇ ਹੀ 4 ਬੱਚਿਆਂ ਦੀ ਮੌਤ ਹੋ ਗਈ, ਜਦਕਿ 8 ਬੱਚਿਆਂ ਨੂੰ ਨੇੜੇ ਹੀ ਖੇਤਾਂ ਵਿਚ ਮੌਜੂਦ ਲੋਕਾਂ ਨੇ ਬਾਹਰ ਕੱਢ ਲਿਆ।