ਸ਼੍ਰੋਮਣੀ ਕਮੇਟੀ ''ਤੇ ਘਪਲੇਬਾਜ਼ੀ ਦੇ ਦੋਸ਼ ਲਾਉਣ ਵਾਲੇ ਸਰਕਾਰੀ ਏਜੰਟ : ਭਾਈ ਲੌਂਗੋਵਾਲ

11/30/2019 10:19:42 AM

ਲੌਂਗੋਵਾਲ (ਵਸ਼ਿਸ਼ਟ) : ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੀਜੀ ਵਾਰ ਲਗਾਤਾਰ ਪ੍ਰਧਾਨ ਚੁਣੇ ਜਾਣ 'ਤੇ ਸ਼ੁੱਕਰਵਾਰ ਨੂੰ ਆਪਣੇ ਜੱਦੀ ਪਿੰਡ ਲੌਂਗੋਵਾਲ ਪੁੱਜਣ 'ਤੇ ਭਾਈ ਲੌਂਗੋਵਾਲ ਦਾ ਨਗਰ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦਾ ਆਪਣੇ ਗ੍ਰਹਿ ਪੁੱਜਣ 'ਤੇ ਵੱਡੀ ਗਿਣਤੀ ਵਿਚ ਸ਼ੁੱਭ ਚਿੰਤਕਾਂ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਬੀਬੀ ਅਮਰਪਾਲ ਕੌਰ ਨੇ ਮੂੰਹ ਮਿੱਠਾ ਕਰਵਾਇਆ। ਭਾਈ ਲੌਂਗੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਅਤੇ ਪਾਰਟੀ ਦੇ ਭਰੋਸੇ ਤੋਂ ਇਲਾਵਾ ਲੌਂਗੋਵਾਲ ਨਿਵਾਸੀਆਂ ਦਾ ਵੀ ਵੱਡਾ ਸਹਿਯੋਗ ਰਿਹਾ ਹੈ।

ਇਸ ਮੌਕੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਘਪਲੇਬਾਜ਼ੀ ਦੇ ਦੋਸ਼ ਲਾਉਣ ਵਾਲੇ ਲੋਕ ਸਰਕਾਰੀ ਏਜੰਟ ਹਨ ਅਤੇ ਕਦੇ ਵੀ ਇਨ੍ਹਾਂ ਨੇ ਸਰਕਾਰ ਦੀ ਨੁਕਤਾਚੀਨੀ ਨਹੀਂ ਕੀਤੀ ਅਤੇ ਹਮੇਸ਼ਾ ਹੀ ਐੱਸ.ਜੀ.ਪੀ.ਸੀ. 'ਤੇ ਘਪਲੇਬਾਜ਼ੀਆਂ ਦੇ ਬੇਬੁਨਿਆਦ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਕਮੇਟੀ ਦਾ ਸਮੁੱਚਾ ਪ੍ਰਬੰਧ ਪਾਰਦਰਸ਼ੀ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਪਾਈ-ਪਾਈ ਦਾ ਹਿਸਾਬ ਰੱਖਿਆ ਜਾਂਦਾ ਹੈ ਅਤੇ ਹਰ ਮਹੀਨੇ ਗਜਟ ਵੀ ਛਪਦਾ ਹੈ ਕਿਸੇ ਤਰ੍ਹਾਂ ਦੀ ਹੇਰਾ-ਫੇਰੀ ਜਾਂ ਘਪਲੇ ਦੀ ਕੋਈ ਗੁੰਜਾਇਸ਼ ਨਹੀਂ ।

ਪੰਥ ਦੀ ਚੜ੍ਹਦੀ ਕਲਾ, ਏਕਤਾ ਅਤੇ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਕਮੇਟੀ ਦੇ ਅਗਲੇ ਵਰ੍ਹੇ 100 ਸਾਲਾ ਸ਼ਤਾਬਦੀ ਵੱਡੇ ਪੱਧਰ 'ਤੇ ਮਨਾਈ ਜਾ ਰਹੀ ਹੈ। ਇਸ ਦਾ ਇਤਿਹਾਸ ਲੋਕਾਂ ਤੱਕ ਪਹੁੰਚਾਉਣ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ 100 ਸਾਲਾ ਦੌਰਾਨ ਕੀਤੇ ਅਹਿਮ ਕਾਰਜਾਂ ਨੂੰ ਕਿਤਾਬਚੇ ਦੇ ਰੂਪ 'ਚ ਸੰਗਤਾਂ ਦੇ ਸਨਮੁੱਖ ਕੀਤਾ ਜਾਵੇਗਾ।

ਇਸ ਮੌਕੇ ਭਾਈ ਲੌਂਗੋਵਾਲ ਦੀ ਪਤਨੀ ਅਮਰਪਾਲ ਕੌਰ, ਪੁੱਤਰ ਕਾਕਾ ਨਵਇੰਦਰ ਸਿੰਘ ਲੌਂਗੋਵਾਲ, ਜਥੇ. ਉਦੇ ਸਿੰਘ, ਬਲਵਿੰਦਰ ਸਿੰਘ ਕੈਂਬੋਵਾਲ ਆਦਿ ਸਮੇਤ ਲੌਂਗੋਵਾਲ ਨਿਵਾਸੀ ਹਾਜ਼ਰ ਸਨ।
 


cherry

Edited By cherry