ਲੋਕ ਇਨਸਾਫ ਪਾਰਟੀ ਨੇ ਕੈਪਟਨ ਤੇ ਬਾਦਲ ਦਾ ਫੂਕਿਆ ਪੁਤਲਾ

07/09/2020 1:33:51 AM

ਬਾਘਾਪੁਰਾਣਾ (ਰਾਕੇਸ਼)- ਪੰਜਾਬ ਦੇ ਮੁੱਖ ਮੰਤਰੀ ਅਤੇ ਬਾਦਲ ਦੀ ਆਪਸੀ ਮਿਲੀਭੁਗਤ ਖ਼ਿਲਾਫ਼ ਲੋਕ ਇਨਸਾਫ ਪਾਰਟੀ ਵਲੋਂ ਮੁੱਖ ਚੌਂਕ ਵਿਚ ਸਮਾਧ ਭਾਈ ਅਤੇ ਜਸਵਿੰਦਰ ਕਾਕਾ ਦੀ ਅਗਵਾਈ ਹੇਠ ਦੋਨੋਂ ਆਗੂਆਂ ਦੇ ਪੁਤਲੇ ਫੂਕੇ ਗਏ। ਆਗੂਆਂ ਨੇ ਕਿਹਾ ਕਿ ਕੋਰੋਨਾ ਦੀ ਮਾਰ ਹੇਠ ਮਾਸਕਾਂ ਦੇ ਨਾਮ ’ਤੇ ਕੈਪਟਨ ਸਰਕਾਰ ਲੋਕਾਂ ਨੂੰ ਅੰਨ੍ਹੇਵਾਹ ਚਲਾਨਾਂ ਰਾਹੀਂ ਲੁੱਟ ਰਹੀ ਹੈ ਅਤੇ ਲੋਕਾਂ ਦੀ ਇਹ ਹਾਲਤ ਬਣ ਗਈ ਹੈ ਕਿ ਉਹ ਬਾਜ਼ਾਰਾਂ ਵਿਚ ਰਸੋਈ ਦਾ ਸਾਮਾਨ ਖਰੀਦਣ ਤੋਂ ਪਹਿਲਾਂ ਆਪਣੇ ਵਹੀਕਲਾਂ ਦੇ ਚਲਾਨ ਕਟਵਾਉਣ ਲਈ ਮਜ਼ਬੂਰ ਹਨ, ਜਿਨ੍ਹਾਂ ਦੀ ਕੀਮਤ 500 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਅਦਾ ਕਰਨੀ ਪੈਂਦੀ ਹੈ।

ਜਗਮੋਹਨ ਸਿੰਘ ਅਤੇ ਜਸਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਬਾਦਲ, ਭੱਠਲ ਦੇ ਇਲਾਜ ਤੇ ਪੰਜਾਬ ਦੇ ਖਜਾਨੇ ’ਚੋਂ ਪੈਸੇ ਖਰਚ ਕੀਤੇ ਗਏ ਹਨ, ਜਦੋਂ ਕਿ ਆਮ ਜਨਤਾ ਲਈ ਕੈਪਟਨ ਹਮੇਸ਼ਾ ਹੀ ਖਜ਼ਾਨਾ ਖਾਲੀ ਕਰੀ ਰੱਖਦੇ ਹਨ ਅਤੇ ਸਾਰਾ ਬੋਝ ਜਨਤਾ ’ਤੇ ਪਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪੈਟਰੋਲ, ਡੀਜ਼ਲ ਦੇ ਰੇਟ ’ਚ ਵਾਧਾ, ਬੱਸ ਸਵਾਰੀਆਂ ਨੂੰ ਕਿਰਾਏ ਸਮੇਤ ਟੋਲ ਟੈਕਸ, ਬਿਜਲੀ, ਪਾਣੀ, ਸੀਵਰੇਜ ਦੇ ਬਿੱਲਾਂ ਸਮੇਤ ਕੋਈ ਵੀ ਢਿੱਲ ਨਹੀਂ ਦਿੱਤੀ, ਜਦੋਂ ਕਿ ਆਈਲੈਟਸ ਸੈਂਟਰ, ਸਕੂਲ, ਕਾਲਜ, ਜਿੰਮ ਸਾਰੇ ਬੰਦ ਕਰ ਦਿੱਤੇ ਗਏ ਹਨ ਅਤੇ ਮਾਪਿਆਂ ਨੂੰ ਪ੍ਰਾਈਵੇਟ ਸਕੂਲਾਂ ਰਾਹੀਂ ਸਰਕਾਰ ਨੇ ਕੋਈ ਸਹੂਲਤ ਜਾਰੀ ਨਹੀਂ ਕੀਤੀ। ਸਗੋਂ ਸਰਕਾਰ ਦੋਵਾਂ ਧਿਰਾਂ ਵਿਚ ਫਰਕ ਪਵਾ ਰਹੀ ਹੈ।

ਆਗੂਆਂ ਨੇ ਵਿਦੇਸ਼ਾਂ ਲਈ ਏਜੰਟਾਂ ਵਲੋਂ ਵੱਡੀ ਧੋਖਾਧੜੀ ਸ਼ੁਰੂ ਕੀਤੀ ਹੋÂਂ ਹੈ, ਪਰ ਸਰਕਾਰ ਪੂਰੀ ਤਰ੍ਹਾਂ ਚੁੱਪ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੈਟਰੋਲ ਪਦਾਰਥਾ ਦੇ ਰੇਟ ਅਸਮਾਨ ਨੂੰ ਪਹੁੰਚਾ ਦਿੱਤੇ, ਪਰ ਅਕਾਲੀਆਂ ਨੇ ਰੋਸ ਪ੍ਰਦਰਸ਼ਨਾਂ ਰਾਹੀਂ ਕੇਂਦਰ ਦਾ ਨਾਮ ਤੱਕ ਨਹੀਂ ਲਿਆ, ਅਜਿਹੇ ਰੋਸ ਪ੍ਰਦਰਸ਼ਨ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ। ਇਸ ਮੌਕੇ ਸਾਧੂ ਸਿੰਘ ਧੰਮੂ, ਗੁਰਮੇਲ ਸਿੰਘ ਕੌਂਸਲ, ਮਨਜੀਤ ਬਰਾੜ, ਬਲੌਰ ਸਿੰਘ, ਮਨਜੀਤ ਕੌਰ ਆਦਿ ਸ਼ਾਮਲ ਸਨ।


Bharat Thapa

Content Editor

Related News