ਜ਼ਮੀਨੀ ਰਸਤੇ ਦੇ ਵਿਵਾਦ ਨੇ ਲਿਆ ਖੂਨੀ ਰੂਪ, ਪਿੰਡ ਪਹਿਲੂਵਾਲਾ ''ਚ ਹੋਈ ਭਿਆਨਕ ਲੜਾਈ

Thursday, Apr 30, 2026 - 05:38 PM (IST)

ਜ਼ਮੀਨੀ ਰਸਤੇ ਦੇ ਵਿਵਾਦ ਨੇ ਲਿਆ ਖੂਨੀ ਰੂਪ, ਪਿੰਡ ਪਹਿਲੂਵਾਲਾ ''ਚ ਹੋਈ ਭਿਆਨਕ ਲੜਾਈ

ਫਰੀਦਕੋਟ (ਰਾਜਨ) : ਜ਼ਿਲਾ ਫਰੀਦਕੋਟ ਦੇ ਪਿੰਡ ਪਹਿਲੂਵਾਲਾ ’ਚ ਜ਼ਮੀਨ ਦੇ ਰਸਤੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਉਸ ਵੇਲੇ ਖੂਨੀ ਟਕਰਾਅ ’ਚ ਤਬਦੀਲ ਹੋ ਗਿਆ ਜਦੋਂ ਦੋਵੇਂ ਧਿਰਾਂ ਵਿਚਾਲੇ ਤਣਾਅ ਵਧ ਗਿਆ। ਇਸ ਘਟਨਾ ਤੋਂ ਬਾਅਦ ਥਾਣਾ ਸਦਰ ਫਰੀਦਕੋਟ ’ਚ ਦੋਵੇਂ ਪਾਸਿਆਂ ਦੇ ਬਿਆਨਾਂ ਦੇ ਆਧਾਰ ’ਤੇ ਕਰਾਸ ਮੁਕੱਦਮੇ ਦਰਜ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਦਰਸ਼ਨ ਸਿੰਘ ਅਤੇ ਉਸ ਦਾ ਭਰਾ ਰਣਜੀਤ ਸਿੰਘ ਖੇਤ ’ਚ ਕੰਮ ਕਰ ਰਹੇ ਸਨ। ਇਸ ਦੌਰਾਨ ਦੂਜੀ ਧਿਰ ਦੇ ਵਿਅਕਤੀ ਟਰੈਕਟਰ ਅਤੇ ਹਥਿਆਰਾਂ ਸਮੇਤ ਮੌਕੇ ’ਤੇ ਪਹੁੰਚੇ ਅਤੇ ਜ਼ਮੀਨ ਦੇ ਰਸਤੇ ’ਤੇ ਲੱਗੀ ਨਿਸ਼ਾਨੀ (ਪੱਥਰ) ਨੂੰ ਉਖਾੜਣ ਲੱਗ ਪਏ। ਇਸ ਦੌਰਾਨ ਜਦੋਂ ਸ਼ਿਕਾਇਤਕਰਤਾ ਅਤੇ ਉਸ ਦੇ ਭਰਾ ਨੇ ਉਨ੍ਹਾਂ ਨੂੰ ਰੋਕਿਆ ਅਤੇ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਤਕਰਾਰ ਵੱਧ ਗਈ।

ਪੁਲਸ ਮੁਤਾਬਕ ਮੁਲਜ਼ਮਾਂ ਨੇ ਗੁੱਸੇ ’ਚ ਆ ਕੇ ਟਰੈਕਟਰ ਨੂੰ ਸ਼ਿਕਾਇਤਕਰਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲ ਮੋੜ ਦਿੱਤਾ ਅਤੇ ਉਨ੍ਹਾਂ ਨੂੰ ਦਰੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਝਗੜਾ ਭੜਕ ਉੱਠਿਆ ਅਤੇ ਕਈ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਮੈਡੀਕਲ ਹਸਪਤਾਲ ਫਰੀਦਕੋਟ ’ਚ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਦੋਵੇਂ ਪਾਸਿਆਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਮੁਕੱਦਮੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੀ ਧਿਰ ਦੇ ਦਰਸ਼ਨ ਸਿੰਘ ਵਾਸੀ ਪਿੰਡ ਪਹਿਲੂਵਾਲਾ ਦੇ ਬਿਆਨਾਂ ’ਤੇ ਗੁਰਤੇਜ ਸਿੰਘ, ਹਰਬੰਸ ਸਿੰਘ, ਗੁਰਮੀਤ ਸਿੰਘ (ਵਾਸੀਆਨ ਪਿੰਡ ਪਹਿਲੂਵਾਲਾ), ਤਰਲੋਚਨ ਸਿੰਘ ਵਾਸੀ ਪਿੰਡ ਮੱਲੇਵਾਲਾ ਅਤੇ ਬਲਵਿੰਦਰ ਸਿੰਘ ਵਾਸੀ ਪਿੰਡ ਪਹਿਲੂਵਾਲਾ ਨਵਾਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਦੂਜੀ ਧਿਰ ਦੇ ਗੁਰਮੀਤ ਸਿੰਘ ਦੇ ਬਿਆਨਾਂ ’ਤੇ ਰਣਜੀਤ ਸਿੰਘ, ਦਰਸ਼ਨ ਸਿੰਘ ਅਤੇ ਸੁਰਿੰਦਰ ਸਿੰਘ (ਵਾਸੀਆਨ ਪਿੰਡ ਪਹਿਲੂਵਾਲਾ) ਖ਼ਿਲਾਫ ਕਰਾਸ ਮੁਕੱਦਮਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਖ਼ਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।


author

Gurminder Singh

Content Editor

Related News