ਅਕਾਲੀ ਦਲ ਦਾ ਹਸ਼ਰ ਲਾਲੂ ਯਾਦਵ ਵਰਗਾ ਹੋਵੇਗਾ : ਬੈਂਸ
Thursday, Apr 04, 2019 - 01:37 AM (IST)
ਲੁਧਿਆਣਾ, (ਪਾਲੀ)- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ ਦਾ ਹਸ਼ਰ ਵੀ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਵਰਗਾ ਹੀ ਹੋਵੇਗਾ ਤੇ ਬਾਕੀ ਸਮਾਂ ਅਕਾਲੀ ਦਲ ਦੇ ਆਗੂਆਂ ਦਾ ਜੇਲ ’ਚ ਹੀ ਬੀਤੇਗਾ। ਉਹ ਇਥੇ ਇਕ ਸੰਗਤ ਦਰਸ਼ਨ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਵਿਧਾਇਕ ਬੈਂਸ ਨੇ ਵਾਰਡ ਨੰ. 44 ਦੇ ਪ੍ਰਧਾਨ ਮਨਿੰਦਰ ਸਿੰਘ ਲੱਕੀ, ਸੀ. ਆਰ. ਪੀ. ਕਾਲੋਨੀ ਦੇ ਨਿਯੁਕਤ ਕੀਤੇ ਗਏ ਪ੍ਰਧਾਨ ਕਮਲਜੀਤ ਸਿੰਘ ਰਾਜਾ ਤੇ ਰਾਕੇਸ਼ ਗੁਲਾਟੀ ਨੂੰ ਲੁਧਿਆਣਾ ਸ਼ਹਿਰੀ ਦਾ ਜਨਰਲ ਸਕੱਤਰ ਨਿਯੁਕਤ ਕਰਨ ਦਾ ਐਲਾਨ ਕੀਤਾ ਅਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ।
ਬੈਂਸ ਨੇ ਕਿਹਾ ਕਿ ਅਕਾਲੀ ਦਲ ਦੇ ਰਾਜ ’ਚ 10 ਸਾਲਾਂ ਤਕ ਸੂਬੇ ’ਚ ਪੁਲਸ ਤੇ ਨਸ਼ਾ ਸਮੱਗਲਰ ਨਸ਼ਾ ਵੇਚਦੇ ਰਹੇ ਤੇ ਹਰ ਸਾਲ ਅਨੇਕਾਂ ਨੌਜਵਾਨ ਇਸ ਦੈਂਤ ਦੀ ਬਲੀ ਚਡ਼੍ਹਦੇ ਰਹੇ, ਜਦੋਂ ਕਿ ਕਾਂਗਰਸ ਦੀ ਸਰਕਾਰ ਬਣੀ ਨੂੰ ਵੀ ਦੋ ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਨਸ਼ਾ ਸਮੱਗਲਰਾਂ ਖਿਲਾਫ ਕੋਈ ਕਾਰਵਾਈ ਨਾ ਕਰਨਾ ਬਾਦਲ ਤੇ ਕੈਪਟਨ ’ਚ ਗਿਣੀ-ਮਿੱਥੀ ਸਾਜ਼ਿਸ਼ ਹੈ।
ਉਨ੍ਹਾਂ ਕਿਹਾ ਕਿ ਕਈ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਸੂਬੇ ਦੀ ਪੁਲਸ ਵੀ ਨਸ਼ਾ ਸਮੱਗਲਰਾਂ ਨਾਲ ਮਿਲੀ ਹੋਈ ਹੈ ਕਿਉਂਕਿ ਅੱਜ ਤਕ ਕੋਈ ਵੀ ਵੱਡਾ ਮਗਰਮੱਛ ਨਹੀਂ ਫਡ਼ਿਆ ਗਿਆ। ਉਨ੍ਹਾਂ ਕਿਹਾ ਕਿ ਮਜੀਠੀਆ ਦਾ ਲੋਕ ਸਭਾ ਹਲਕਾ ਲੁਧਿਆਣਾ ਤੋਂ ਨਾਂ ਆਉਣਾ ਸੂਬਾ ਵਾਸੀਆਂ ਲਈ ਖਤਰੇ ਦੀ ਘੰਟੀ ਹੈ ਤੇ ਲੁਧਿਆਣਾ ਵਾਸੀ ਮਜੀਠੀਆ ਨੂੰ ਮੂੰਹ ਤਕ ਨਹੀਂ ਲਾਉਣਗੇ।
