500 ਗ੍ਰਾਮ ਹੈਰੋਇਨ ਸਮੇਤ ਔਰਤ ਕਾਬੂ
Friday, Feb 22, 2019 - 07:16 PM (IST)
ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ, ਖੁਰਾਣਾ)- ਪੰਜਾਬ ਸਰਕਾਰ ਵਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਸ ਨੂੰ ਉਸ ਸਮਂੇ ਵੱਡੀ ਸਫਲਤਾ ਮਿਲੀ ਜਦ ਥਾਣਾ ਸਿਟੀ ਪੁਲਸ ਨੇ ਗਸ਼ਤ ਦੌਰਾਨ ਇਕ ਔਰਤ ਨੂੰ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਸ ਮੁਖੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਥਾਣਾ ਸਿਟੀ ਦੇ ਐਸ. ਐਚ. ਓ. ਅਸ਼ੋਕ ਕੁਮਾਰ ਸਮੇਤ ਪੁਲਸ ਪਾਰਟੀ ਸਥਾਨਕ ਅਜੀਤ ਸਿਨੇਮਾ ਨੇੜੇ ਗਸ਼ਤ ਤੇ ਸਨ ਤਾਂ ਸਾਹਮਣੇ ਤੋਂ ਇਕ ਔਰਤ ਜੋ ਕਿ ਦੇਖਣ ਤੋਂ ਪੰਜਾਬ ਤੋਂ ਬਾਹਰਲੇ ਸੂਬੇ ਦੀ ਲੱਗਦੀ ਸੀ ਤੇ ਪੁਲਸ ਨੂੰ ਵੇਖ ਕੇ ਆਪਣੇ ਖੱਬੇ ਹੱਥ ਸੜਕ ਨੂੰ ਮੁੜ ਗਈ। ਅਸ਼ੋਕ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਨੇ ਆਪਣੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਰਕ ਲਿਆ। ਜਾਣਕਾਰੀ ਮੁਤਾਬਕ ਔਰਤ ਦੀ ਪਛਾਣ ਰੋਚੀਰਾ ਚੱਕਰਵਰਤੀ ਪਤਨੀ ਜੋਨ ਜੇਮਸ਼ ਵਾਸੀ ਸਿਲੀਗੁੜੀ ਉੱਤਰੀ ਬੰਗਾਲ, ਹਾਲ ਜੀਟਾ-1 ਏਸੀਈ ਪਲੇਟਿਨਮ ਗਰੇਟਰ ਨੋਇਡਾ ਵਜੋਂ ਹੋਈ ਹੈ। ਜਦੋਂ ਔਰਤ ਦੇ ਪਰਸ ਦੀ ਤਲਾਸ਼ੀ ਲਈ ਤਾਂ ਉਸ 'ਚੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਦੌਰਾਨ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਪਤਾ ਲਗਾ ਕਿ ਔਰਤ ਰੋਚੀਰਾ ਚੱਕਰਵਰਤੀ ਪਾਸੋਂ ਹੈਰੋਇਨ ਇਕ ਅਫਰੀਕਨ ਡੈਨਸ ਨਾਮ ਦੇ ਵਿਅਕਤੀ ਤੋਂ ਮੈਟਰੋ ਸਟੇਸ਼ਨ ਕਾਰਪੋਰੇਸ਼ਨ ਨੋਇਡਾ ਤੋਂ ਖਰੀਦ ਕੇ ਲੈ ਕੇ ਆਈ ਹੈ ਤੇ ਇਹ ਹੈਰੋਇਨ ਉਸ ਨੇ ਅੱਗੇ ਸ੍ਰੀ ਮੁਕਤਸਰ ਸਾਹਿਬ ਵਿਖੇ ਕਿਸੇ ਵਿਅਕਤੀ ਨੂੰ ਵੇਚਣੀ ਸੀ। ਜਿਸ ਬਾਰੇ ਤਫਤੀਸ਼ ਜਾਰੀ ਹੈ ਤੇ ਦੋਸ਼ੀ ਦਾ ਪੁਲਸ ਰਿਮਾਂਡ ਹਾਸਲ ਕਰਕੇ ਅਗਲੀ ਤਫਤੀਸ਼ ਕੀਤੀ ਜਾਵੇਗੀ। ਇਸ ਮੌਕੇ ਉਪ ਕਪਤਾਨ ਪੁਲਸ ਤਲਵਿੰਦਰ ਸਿੰਘ ਗਿੱਲ ਅਤੇ ਥਾਣਾ ਸਿਟੀ ਐਸ. ਐਚ. ਓ. ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।