ਲਾਧੂਕਾ ਮਾਇਨਰ ’ਚ ਪਿਆ ਪਾੜ, ਕਿਸਾਨਾਂ ਦੀ ਝੋਨੇ ਦੀ ਫਸਲ ’ਚ ਦਾਖਲ ਹੋਇਆ ਪਾਣੀ

Monday, Jun 15, 2020 - 07:37 PM (IST)

ਲਾਧੂਕਾ ਮਾਇਨਰ ’ਚ ਪਿਆ ਪਾੜ, ਕਿਸਾਨਾਂ ਦੀ ਝੋਨੇ ਦੀ ਫਸਲ ’ਚ ਦਾਖਲ ਹੋਇਆ ਪਾਣੀ

ਜਲਾਲਾਬਾਦ (ਨਿਖੰਜ, ਜਤਿੰਦਰ)– ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਜੋਧੇ ਵਾਲਾ ਭੈਣੀ ਦੇ ਕੋਲ ਅੱਜ ਲੰਘਦੀ ਲਾਧੂਕਾ ਮਾਇਨਰ ’ਚ ਅਚਾਨਕ ਪਾੜ ਪੈਣ ਨਾਲ ਝੋਨੇ ਦੀ ਪਨੀਰੀ, ਪਸ਼ੂਆਂ ਦਾ ਚਾਰਾ ਅਤੇ ਮੱਕੀ ਆਦਿ ਦੀ ਫਸਲ ’ਚ ਪਾਣੀ ਭਰ ਗਿਆ। ਜਾਣਕਾਰੀ ਦੇ ਅਨੁਸਾਰ ਇਸ ਨਹਿਰ ’ਚ ਪਾੜ ਪੈਣ ਦੀ ਸੂਚਨਾ ਮਿਲਣ ਤੋਂ ਬਾਅਦ ਨਹਿਰੀ ਵਿਭਾਗ ਵੱਲੋਂ ਪਾਣੀ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਗਰੁੱਪ ਪੰਜਾਬ ਦੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਬਲਵਿੰਦਰ ਸਿੰਘ ਸੇਖੋਂ, ਰਮੇਸ਼ ਚੰਦ, ਗਿਆਨ ਚੰਦ ਆਦਿ ਕਿਸਾਨਾਂ ਨੇ ਦੱਸਿਆ ਕਿ ਲਾਧੂਕਾ ਮੈਨਰ ਦੇ ਬੁਰਜੀ ਨੰਬਰ 198 ਦੇ ਕੋਲ ਅਚਾਨਕ ਪਾੜ ਪੈਣ ਨਾਲ ਕਿਸਾਨਾਂ ਦੀ ਮੱਕੀ ਦੀ ਫਸਲ ਪਸ਼ੂ ਚਾਰਾ ਪਨੀਰੀ ਤੋਂ ਇਲਾਵਾ ਸਬਜ਼ੀਆਂ ਅੰਦਰ ਪਾਣੀ ਵੜਨ ਕਾਰਨ ਕਿਸਾਨਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਸਾਨਾਂ ਨੇ ਦੱਸਿਆ ਕਿ ਇਸ ਮੋਘੇ ’ਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਨਹਿਰੀ ਵਿਭਾਗ ਦੇ ਵੱਲੋਂ ਮੁਰੰਮਤ ਨਹੀਂ ਕਰਵਾਈ ਗਈ, ਜਿਸ ਕਾਰਣ ਅੱਜ ਨਹਿਰ ਦੇ ਟੁੱਟਣ ਦਾ ਕਾਰਣ ਬਣਿਆ ਅਤੇ ਨਹਿਰੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਣ ਕਾਰਣ ਅੱਜ ਕਿਸਾਨਾਂ ਨੂੰ ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀੜਤ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਪਾਸੋਂ ਮੁਰੰਮਤ ਦੀ ਮੰਗ ਕੀਤੀ ਹੈ ਕਿ ਇਸ ਨਹਿਰ ਦੀ ਮੁਰੰਮਤ ਕਰਵਾ ਕੇ ਦੁਬਾਰਾ ਪਾਣੀ ਛੱਡਿਆ ਜਾਵੇ, ਤਾਂ ਕਿ ਕਿਸਾਨਾਂ ਨੂੰ ਦੀ ਖੂਨ ਪਸੀਨੇ ਨਾਲ ਬਿਜਾਈ ਕੀਤੀ ਝੋਨੇ ਦੀ ਫਸਲ ’ਚ ਫਿਰ ਤੋਂ ਪਾਣੀ ਨਾ ਵੜ ਸਕੇ। ਇਸ ਮਾਮਲੇ ਦੀ ਵਧੇਰੇ ਜਾਣਕਾਰੀ ਲੈਣ ਲਈ ਨਹਿਰੀ ਵਿਭਾਗ ਦੇ ਐੱਸ. ਡੀ. ਓ. ਸੁਨੀਲ ਕੁਮਾਰ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਮੋਘਿਆਂ ਨੂੰ ਖੋਲ੍ਹਿਆ ਨਹੀਂ ਗਿਆ ਸੀ ਅਤੇ ਜਿਸ ਦੇ ਕਾਰਨ ਪਾਣੀ ਓਵਰਫਲੋ ਹੋ ਗਿਆ ਹੋਣ ਕਾਰਣ ਨਹਿਰ ਟੁੱਟ ਗਈ ਹੈ ਅਤੇ ਜਿਸ ਨੂੰ ਕੱਲ੍ਹ ਤੱਕ ਪਾੜ ਨੂੰ ਪੂਰਾ ਕਰਵਾ ਲਿਆ ਜਾਵੇਗਾ ।   


author

rajwinder kaur

Content Editor

Related News