ਰੰਜਿਸ਼ ਕਾਰਨ ਕੀਤੀ ਫਾਇਰਿੰਗ ''ਚ ਮਜ਼ਦੂਰ ਦੀ ਮੌਤ

11/19/2019 7:02:36 PM

ਮੁੱਦਕੀ, (ਹੈਪੀ, ਰੰਮੀ)— ਸੋਮਵਾਰ ਦੇਰ ਸ਼ਾਮ ਸਥਾਨਕ ਗਿੱਲ ਰੋਡ 'ਤੇ ਸਥਿਤ ਕੱਚੀ ਦਾਣਾ ਮੰਡੀ 'ਚ ਵਾਪਰੀ ਇਕ ਦੁਖਦਾਈ ਘਟਨਾ ਦੌਰਾਨ ਦੇਸੀ ਕੱਟੇ ਤੋਂ ਹੋਈ ਫਾਇਰਿੰਗ ਨਾਲ ਇਕ ਗਰੀਬ ਮਜ਼ਦੂਰ ਦੀ ਮੌਤ ਹੋ ਗਈ।
ਮੌਕੇ 'ਤੇ ਪਹੁੰਚੇ ਥਾਣਾ ਘੱਲ ਖੁਰਦ ਦੇ ਇੰਚਾਰਜ ਕਿਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਰਿੰਦਰ ਕੁਮਾਰ ਪੁੱਤਰ ਜੰਗੀਰ ਸਿੰਘ ਵਾਸੀ ਵਾਰਡ ਨੰਬਰ 8, ਮੁੱਦਕੀ ਦੀ ਆੜ੍ਹਤੀ ਕਮਲ ਕੁਮਾਰ ਨਾਲ ਪੁਰਾਣੀ ਰੰਜਿਸ਼ ਹੈ, ਜਿਸ ਕਾਰਣ ਸੋਮਵਾਰ ਦੇਰ ਸ਼ਾਮ ਫਿਰ ਦੋਵਾਂ ਵਿਚਕਾਰ ਉੱਨੀ-ਇੱਕੀ ਹੋ ਗਈ ਅਤੇ ਮੁਲਜ਼ਮ ਵਰਿੰਦਰ ਕੁਮਾਰ ਨੇ ਅਚਾਨਕ ਦੇਸੀ ਕੱਟੇ ਨਾਲ ਕਮਲ ਕੁਮਾਰ 'ਤੇ ਫਾਇਰਿੰਗ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਕਮਲ ਕੁਮਾਰ ਤਾਂ ਕਿਸੇ ਤਰ੍ਹਾਂ ਬੱਚ ਗਿਆ ਪਰ ਮੌਕੇ 'ਤੇ ਮੌਜੂਦ ਉਸ ਦੀ ਆੜ੍ਹਤ 'ਤੇ ਮਜ਼ਦੂਰੀ ਕਰਨ ਵਾਲਾ ਸੰਦੀਪ ਸਿੰਘ ਉਰਫ ਰਵੀ ਪੁੱਤਰ ਸੁਭਾਸ਼ ਕੁਮਾਰ ਵਾਸੀ ਛੋਕਰ ਪੱਤੀ ਮੁੱਦਕੀ ਫਾਇਰਿੰਗ ਦੀ ਲਪੇਟ 'ਚ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕਿਰਪਾਲ ਸਿੰਘ ਨੇ ਦੱਸਿਆ ਕਿ ਮੰਡੀ 'ਚ ਮੌਜੂਦ ਹੋਰ ਮਜ਼ਦੂਰਾਂ ਨੇ ਹੌਸਲਾ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ, ਜਿਸ ਕੋਲੋਂ 2 ਦੇਸੀ ਕੱਟੇ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ।
 


KamalJeet Singh

Content Editor

Related News