ਵਿਆਹ ''ਤੇ ਜਾ ਰਹੇ ਮਾਂ-ਪੁੱਤ ਹੋ ਗਏ ਲੁੱਟ ਦਾ ਸ਼ਿਕਾਰ, ਲੁਟੇਰਿਆਂ ਨੇ ਪਿਸਤੌਲ ਦੀ ਨੋਕ ''ਤੇ ਕਾਰ ਸਣੇ ਕੀਤਾ ਮਾਂ ਨੂੰ ਅਗਵਾ
Tuesday, Jan 30, 2024 - 01:05 AM (IST)
ਲੁਧਿਆਣਾ (ਗੌਤਮ)- ਫ਼ਿਰੋਜ਼ਪੁਰ ਤੋਂ ਆਪਣੇ ਰਿਸ਼ਤੇਦਾਰ ਦੇ ਵਿਆਹ 'ਚ ਸ਼ਾਮਲ ਹੋਣ ਆਈ ਔਰਤ ਨੂੰ ਦੋ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਕਾਰ ਸਮੇਤ ਅਗਵਾ ਕਰ ਲਿਆ। ਜਦੋਂ ਔਰਤ ਨੇ ਰੌਲਾ ਪਾਇਆ ਤਾਂ ਲੁਟੇਰਿਆਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਬਾਅਦ ਵਿੱਚ ਉਸ ਦੇ ਗਹਿਣੇ, ਨਕਦੀ ਅਤੇ ਹੋਰ ਸਾਮਾਨ ਖੋਹ ਲਿਆ ਅਤੇ ਚੱਲਦੀ ਕਾਰ ਵਿੱਚੋਂ ਉਸ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਏ। ਔਰਤ ਨੇ ਕਿਸੇ ਤਰ੍ਹਾਂ ਆਪਣੇ ਪੁੱਤਰ ਨੂੰ ਇਸ ਬਾਰੇ ਦੱਸਿਆ, ਜਿਸ ਨੇ ਪੁਲਸ ਕੰਟਰੋਲ ਨੂੰ ਸੂਚਨਾ ਦਿੱਤੀ।
ਥਾਣਾ ਸਦਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੁਆਇਨਾ ਕਰਨ ਤੋਂ ਬਾਅਦ ਅਣਪਛਾਤੇ ਵਿਅਕਤੀ ਖਿਲਾ਼ਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਦਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਮੁਆਇਨਾ ਕਰਨ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਗਵਾ, ਲੁੱਟ-ਖੋਹ, ਜਬਰੀ ਵਸੂਲੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦਿਆਂ ਹੀ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ ਤੇ ਇਲਾਕੇ ਦੇ ਸੀ.ਸੀ.ਟੀ.ਵੀ ਫੁਟੇਜ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਦਸੂਹਾ 'ਚ ਹੋਈ ਵੱਡੀ ਵਾਰਦਾਤ, ਬਾਈਕ ਸ਼ੋਅਰੂਮ 'ਚ ਚੱਲੀ ਗੋਲ਼ੀ, ਇਕ ਮਕੈਨਿਕ ਦੀ ਹੋਈ ਮੌਤ
ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਉਸ ਦੀ ਪਛਾਣ ਸੋਨੀਆ ਆਹੂਜਾ (47) ਵਾਸੀ ਫ਼ਿਰੋਜ਼ਪੁਰ ਵਜੋਂ ਹੋਈ ਹੈ। ਸੋਨੀਆ ਆਹੂਜਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਦੱਸਿਆ ਕਿ ਐਤਵਾਰ ਨੂੰ ਉਹ ਆਪਣੇ ਬੇਟੇ ਨਾਲ ਗਿੱਲ ਰੋਡ 'ਤੇ ਸਥਿਤ ਅਨਾਜ ਮੰਡੀ ਸਥਿਤ ਇਕ ਪੈਲੇਸ 'ਚ ਆਪਣੇ ਭਤੀਜੇ ਦੇ ਵਿਆਹ 'ਚ ਸ਼ਾਮਲ ਹੋਣ ਆਈ ਸੀ। ਉਹ ਰਾਤ 9 ਵਜੇ ਦੇ ਕਰੀਬ ਲੁਧਿਆਣਾ ਪਹੁੰਚੇ ਅਤੇ ਨਹਿਰ ਦੇ ਪੁਲ ਕੋਲ ਇੱਕ ਦੁਕਾਨ ਤੋਂ ਸ਼ਗਨ ਦਾ ਲਿਫ਼ਾਫ਼ਾ ਲੈਣ ਲਈ ਕਾਰ ਰੋਕ ਲਈ। ਉਸ ਦਾ ਲੜਕਾ ਕਾਰ ਤੋਂ ਉਤਰ ਕੇ ਦੁਕਾਨ 'ਤੇ ਚਲਾ ਗਿਆ ਜਦਕਿ ਉਹ ਕਾਰ 'ਚ ਬੈਠੀ ਰਹੀ।
ਇਹ ਵੀ ਪੜੋ- ਲੁਧਿਆਣਾ 'ਚ ਵਾਪਰੀ ਭਿਆਨਕ ਘਟਨਾ, ਨੌਜਵਾਨ ਦੇ ਸਿਰ 'ਚ ਪੱਥਰ ਮਾਰ ਕੇ ਕੀਤਾ ਬੇਰਹਿਮੀ ਨਾਲ ਕਤਲ
ਇਸ ਦੌਰਾਨ ਦੋ ਨੌਜਵਾਨ ਉਸ ਦੀ ਕਾਰ ਦੇ ਨੇੜੇ ਆ ਗਏ। ਉਨ੍ਹਾਂ 'ਚੋਂ ਇਕ ਡਰਾਈਵਿੰਗ ਸੀਟ 'ਤੇ ਬੈਠ ਗਿਆ ਅਤੇ ਦੂਜਾ ਪਿਛਲੀ ਸੀਟ 'ਤੇ ਬੈਠ ਗਿਆ। ਜਿਵੇਂ ਹੀ ਉਸ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਡਰਾਈਵਿੰਗ ਸੀਟ 'ਤੇ ਬੈਠੇ ਨੌਜਵਾਨ ਨੇ ਪਿਸਤੌਲ ਕੱਢ ਲਿਆ ਤੇ ਉਸ ਨੂੰ ਡਰਾਉਂਦੇ ਹੋਏ ਕਾਰ ਲੈ ਕੇ ਗਿੱਲ ਰੋਡ ਵੱਲ ਫ਼ਰਾਰ ਹੋ ਗਏ। ਮੁਲਜ਼ਮ ਰਸਤੇ ਵਿੱਚ ਉਸ ਨੂੰ ਜਾਨੋਂ ਮਾਰਨ ਦੀਆ ਧਮਕੀਆਂ ਦਿੰਦੇ ਰਹੇ। ਕੁਝ ਦੂਰ ਜਾ ਕੇ ਮੁਲਜ਼ਮਾਂ ਨੇ ਉਸ ਦੇ ਸੋਨੇ ਦੇ ਗਹਿਣੇ, ਨਕਦੀ, ਮੋਬਾਈਲ ਤੇ ਹੋਰ ਸਾਮਾਨ ਖੋਹ ਲਿਆ। ਇਸ ਤੋਂ ਬਾਅਦ ਲੁਟੇਰਿਆਂ ਨੇ ਉਸ ਨੂੰ ਚੱਲਦੀ ਕਾਰ 'ਚੋਂ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਈ। ਕਿਸੇ ਤਰ੍ਹਾਂ ਰਾਹਗੀਰਾਂ ਦੀ ਮਦਦ ਨਾਲ ਉਸ ਨੇ ਆਪਣੇ ਪੁੱਤਰ ਨੂੰ ਫੋਨ 'ਤੇ ਇਸ ਦੀ ਸੂਚਨਾ ਦਿੱਤੀ। ਦੂਜੇ ਪਾਸੇ ਕਾਰ ਨਾ ਦੇਖ ਕੇ ਉਸ ਦਾ ਪੁੱਤਰ ਵੀ ਪੁਲਸ ਨੂੰ ਸੂਚਿਤ ਕਰ ਰਿਹਾ ਸੀ। ਇਸ ਬਾਰੇ ਪਤਾ ਲੱਗਦਿਆਂ ਹੀ ਉਸ ਦਾ ਲੜਕਾ ਪੁਲਸ ਨਾਲ ਮੌਕੇ ’ਤੇ ਪੁੱਜ ਗਿਆ।
ਇਹ ਵੀ ਪੜ੍ਹੋ- ਸੜਕ ਪਾਰ ਕਰਦੇ ਪਰਿਵਾਰ ਨੂੰ ਟਰੱਕ ਨੇ ਕੁਚਲਿਆ, ਟਾਇਰ ਹੇਠਾਂ ਆਉਣ ਨਾਲ 6 ਸਾਲਾ ਬੱਚੀ ਦੀ ਹੋਈ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8