ਸੰਗਰੂਰ ਦੇ ਮਹਾਕਾਲੀ ਦੇਵੀ ਧਾਮ ਦੀ ਕੰਧ ’ਤੇ ਲਿਖੇ ਖਾਲਿਸਤਾਨੀ ਨਾਅਰੇ

06/20/2022 5:07:22 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅੱਜ ਸੰਗਰੂਰ ਆਮਦ ਤੋਂ ਪਹਿਲਾਂ ਐੱਸ. ਐੱਫ. ਜੇ. ਵੱਲੋਂ ਮਾਤਾ ਸ਼੍ਰੀ ਮਹਾਕਾਲੀ ਦੇਵੀ ਧਾਮ ਸੰਗਰੂਰ ਦੇ ਗੇਟ ਨੰਬਰ ਤਿੰਨ ਨਾਲ ਲੱਗਦੀ ਕੰਧ ’ਤੇ ‘ਪੰਜਾਬ ਹੱਲ ਖ਼ਾਲਿਸਤਾਨ 26 ਜਨਵਰੀ ਐੱਸ. ਐੱਫ. ਜੇ.’ ਦੇ ਨਾਅਰੇ ਲਿਖੇ ਮਿਲੇ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਕ ਪਾਸੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਸੰਗਰੂਰ ਰੋਡ ਸ਼ੋਅ ਨੂੰ ਲੈ ਕੇ ਕਾਨੂੰਨ- ਵਿਵਸਥਾ ਬਣਾਈ ਰੱਖਣ ਲਈ ਪੰਜਾਬ ਪੁਲਸ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਸਨ ਪਰ ਲੰਘੀ ਰਾਤ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇਹ ਨਾਅਰੇ ਲਿਖਣ ਨਾਲ ਪੁਲਸ ਪ੍ਰਸ਼ਾਸਨ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਇਨ੍ਹਾਂ ਨਾਅਰਿਆਂ ’ਤੇ ਤੁਰੰਤ ਪ੍ਰਸ਼ਾਸਨ ਵੱਲੋਂ ਰੰਗ ਕਰਵਾ ਦਿੱਤਾ ਗਿਆ। ਇਸ ਮਾਮਲੇ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਸ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਅਤੇ ਨੇੜੇ ਲੱਗਦੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਕੌਣ ਲੋਕ ਹਨ। ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਸੰਗਰੂਰ ਪੁਲਸ ਵੱਲੋਂ ਹਰ ਯਤਨ ਕੀਤਾ ਜਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਕੇਜਰੀਵਾਲ ਦੇ ਦੌਰੇ ਦੌਰਾਨ ਸੰਗਰੂਰ ਪਹੁੰਚੇ ਸ਼ਰਾਬ ਠੇਕੇਦਾਰਾਂ ਵੱਲੋਂ ਆਬਕਾਰੀ ਨੀਤੀ ਦਾ ਬਾਈਕਾਟ

ਪੰਨੂੰ ਨੇ ਦਿੱਤੀ ਧਮਕੀ
ਸੰਗਰੂਰ ਵਿਖੇ ਲਿਖੇ ਇਨ੍ਹਾਂ ਨਾਅਰਿਆਂ ਤੋਂ ਕੁਝ ਸਮਾਂ ਬਾਅਦ ਹੀ ਗੁਰਪਤਵੰਤ ਸਿੰਘ ਪੰਨੂੰ ਦੀ ਵੀਡੀਓ ਵਾਇਰਲ ਹੋਈ, ਜਿਸ ’ਚ ਉਹ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਸੰਗਰੂਰ ’ਚ ਰੋਡ ਸ਼ੋਅ ਦੀ ਗੱਲ ਕਰ ਰਿਹਾ ਹੈ। ਇਸ ਵੀਡੀਓ ’ਚ ਉਹ ਕੇਜਰੀਵਾਲ ਅਤੇ ਭਗਵੰਤ ਮਾਨ ਧਮਕੀ ਦਿੰਦਾ ਨਜ਼ਰ ਆ ਰਿਹਾ ਹੈ।  

ਭਾਜਪਾ ਆਗੂ ਜਤਿੰਦਰ ਕਾਲੜਾ ਵੱਲੋਂ ਨਿਖੇਧੀ
ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂ ਜਤਿੰਦਰ ਕਾਲੜਾ ਵੱਲੋਂ ਮਾਤਾ ਸ਼੍ਰੀ ਮਹਾਕਾਲੀ ਦੇਵੀ ਧਾਮ ਸੰਗਰੂਰ ਦੀਆਂ ਕੰਧਾਂ ’ਤੇ ਖ਼ਾਲਿਸਤਾਨ ਦੇ ਨਾਅਰੇ ਲਿਖਣ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਕਾਲੜਾ ਨੇ ਕਿਹਾ ਕਿ ਵੋਟਾਂ ਲਈ ਇਸ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਸ ਨੂੰ ਸ਼ਹਿਰੀ ਲੋਕ ਕਦੇ ਵੀ ਪ੍ਰਵਾਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਪਿੰਡਾਂ ’ਚ ਆਪਣੀ ਹੋਂਦ ਗੁਆ ਚੁੱਕੀ ਹੈ ਅਤੇ ਸ਼ਹਿਰੀ ਵੋਟਰਾਂ ਨੂੰ ਭਰਮਾਉਣ ਲਈ ਇਸ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ।   


Manoj

Content Editor

Related News