ਕੇਜਰੀਵਾਲ ਦੇ ਬਿਜਲੀ ਸਬੰਧੀ ਕੀਤੇ ਐਲਾਨੇ ਨੂੰ ਕਾਂਗਰਸੀ ਅਤੇ ਅਕਾਲੀ ਦਲ ਦੱਸ ਰਹੇ ਨੇ ਚੋਣ ਸਟੰਟ
Saturday, Jul 03, 2021 - 11:25 AM (IST)

ਬਾਘਾਪੁਰਾਣਾ (ਚਟਾਨੀ): ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਆਪ ਦੀ ਸਰਕਾਰ ਬਣਨ ’ਤੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਮੁਆਫ਼ੀ ਅਤੇ ਸਸਤੀ ਬਿਜਲੀ ਦੇ ਦਿੱਤੇ ਗਏ ਬਿਆਨਾਂ ਨਾਲ ਜਿਥੇ ਸੂਬੇ ਦੇ ਬਿਜਲੀ ਖਪਤਕਾਰਾਂ ਅੰਦਰ ਨਵੀਂ ਆਸ ਜਾਗੀ ਹੈ, ਉਥੇ ਕਾਂਗਰਸ ਅਤੇ ਅਕਾਲੀ ਦਲ ਨੂੰ ਵੱਡਾ ਕਰੰਟ ਵੀ ਲੱਗਾ ਹੈ। ਕੇਜਰੀਵਾਲ ਦੀ ਫੇਰੀ ਪਿੱਛੋਂ ਦੋਹਾਂ ਪਾਰਟੀਆਂ ਦੇ ਆਏ ਬਿਆਨਾਂ ਦਰ ਬਿਆਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਦੋਹੇਂ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਤੋਂ ਡਾਢਾ ਭੈਅ ਮੰਨੀ ਬੈਠੀਆਂ ਹਨ, ਜੋ ਬਾਹਰੋਂ ਤਾਂ ਆਪਣੇ ਆਪ ਨੂੰ ਭੈਅ ਮੁਕਤ ਦਰਸਾ ਰਹੀਆਂ ਹਨ, ਪਰ ਅੰਦਰੋਂ ਅੰਦਰੀਂ ਪੂਰੀ ਤਰ੍ਹਾਂ ਡਰੀਆਂ ਹੋਈਆਂ ਹਨ।
ਇਹ ਵੀ ਪੜ੍ਹੋ: ਹਰਸਿਮਰਤ ਦਾ ਮਨਪ੍ਰੀਤ ਬਾਦਲ ’ਤੇ ਵਿਅੰਗ, ਕਿਹਾ ‘ਜੋ ਆਪਣੇ ਤਾਏ ਦਾ ਸਕਾ ਨਹੀਂ, ਬਠਿੰਡਾ ਵਾਸੀਆਂ ਦਾ ਕਿਵੇਂ ਹਊ’
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਦੋਹਾਂ ਨੇ 2022 ਦੀ ਜੰਗ ਨੂੰ ਜਿੱਤਣ ਲਈ ਪੂਰੀ ਤਰ੍ਹਾਂ ਕਮਰ ਕੱਸੀ ਹੋਈ ਹੈ ਅਤੇ ਇਕ ਦੂਜੇ ਦੇ ਖੇਮਿਆਂ ਵਿਚ ਸੰਨ ਲਾਉਣ ਦਾ ਦੋਹੇਂ ਪਾਰਟੀਆਂ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦੀਆਂ, ਪਰ ਓਧਰ ਆਮ ਆਦਮੀ ਪਾਰਟੀ ਨੇ ਵੀ ਪੂਰੀ ਤਾਕਤ ਲਾਈ ਹੋਈ ਹੈ ਅਤੇ ਉੁਹ ਆਪਣੀ ਤਾਕਤ ਵਧਾਉਣ ਲਈ ਹਰੇਕ ਦਾਅ ਖੇਡ ਰਹੀ ਹੈ। ਕੁੰਵਰ ਵਿਜੇ ਪ੍ਰਤਾਪ ਵਰਗੇ ਇਕ ਚੋਟੀ ਦੇ ਅਫਸਰ ਦਾ ਪਾਰਟੀ ਵਿਚ ਰਲੇਵਾਂ ਕਰਵਾ ਲੈਣਾ ਅਤੇ ਪੰਜਾਬੀਆਂ ਨੂੰ ਸਰਕਾਰ ਆਉਣ ’ਤੇ ਸਹੂਲਤਾਂ ਦੇ ਗੱਫਿਆਂ ਦੇ ਟ੍ਰੇਲਰ ਦਿਖਾਉਣਾ ਇਹ ਦਰਸਾਉਂਦਾ ਹੈ ਕਿ ਆਪ ਹੁਣ ਆਰ-ਪਾਰ ਦੀ ਲੜਾਈ ਲੜਨ ਲਈ ਪੱਬਾਂ ਭਾਰ ਹੋ ਗਈ ਹੈ। ਕਾਂਗਰਸ ਅੰਦਰਲਾ ਚਿਰਾਂ ਤੋਂ ਚਲਦਾ ਆ ਰਿਹਾ ਕਾਟੋ ਕਲੇਸ਼ ਇਸ ਪਾਰਟੀ ਲਈ ਗਲੇ ਦੀ ਹੱਡੀ ਬਣਿਆ ਆ ਰਿਹਾ ਹੈ, ਜੋ ਇਸ ਵੱਲੋਂ ਦੇਖੇ ਜਾ ਰਹੇ 2022 ਦੀ ਸਤਾ ਦੇ ਸੁਪਨਿਆਂ ਉਪਰ ਪਾਣੀ ਫੇਰ ਸਕਦਾ ਹੈ।
ਇਹ ਵੀ ਪੜ੍ਹੋ: ਕੇਸ ਦਰਜ ਕਰਨ 'ਤੇ ਭੜਕੇ ਸੁਖਬੀਰ ਬਾਦਲ, ਕੈਪਟਨ ਨੂੰ ਸ਼ਰੇਆਮ ਦਿੱਤੀ ਇਹ ਚੁਣੌਤੀ
ਇਵੇਂ ਹੀ ਅਕਾਲੀ ਦਲ ਲਈ ਕੋਟਕਪੂਰਾ ਗੋਲੀ ਕਾਂਡ ਅਤੇ ਬੇਅਦਬੀ ਵਾਲੇ ਮੁੱਦੇ ਭਾਰੂ ਹੁੰਦੇ ਦਿਖਾਈ ਦੇ ਰਹੇ ਹਨ, ਪਰ ਅਕਾਲ ਦਲ ਨੇ ਭਾਜਪਾ ਨਾਲੋਂ ਟੁੱਟਣ ਮਗਰੋਂ ਬਸਪਾ ਨਾਲ ਸਿਆਸੀ ਜੋਟੀ ਬਣਾ ਕੇ ਇਕ ਤਰ੍ਹਾਂ ਨਾਲ ਆਪਣੇ ਰਾਜਨੀਤਿਕ ਦੀ ਪੂਰਤੀ ਤਾਂ ਕਰ ਲਈ ਹੈ, ਪਰ ਬੇਅਦਬੀ ਅਤੇ ਗੋਲੀ ਕਾਂਡ ਦਾ ਖਤਰਾ ਤਾਂ ਅਕਾਲੀ ਦਲ ਉਪਰ ਜਿਵੇਂ ਦਾ ਤਿਵੇਂ ਮੰਡਰਾਉਂਦਾ ਹੀ ਆ ਰਿਹਾ ਹੈ। ਅਜਿਹੇ ਰਾਜਨੀਤਿਕ ਭੰਬਲਭੂਸੇ ਵਿਚੋਂ ਆਪ ਦਾ ਨਿੱਤਰ ਕੇ ਆਉਣ ਦਾ ਸੁਪਨਾ ਪੂਰਾ ਹੋਣ ਦੇ ਭਾਵੇਂ ਕਾਫ਼ੀ ਅਸਾਰ ਹਨ, ਪਰ 7-8 ਮਹੀਨਿਆਂ ਵਿਚ ਬਦਲਣ ਵਾਲੀਆਂ ਕਈ ਸਿਆਸੀ ਕਰਵਟਾਂ ਕਿਹੜੇ ਰੰਗ ਦਿਖਾਉਂਦੀਆਂ ਹਨ, ਇਹ ਵੀ ਦੇਖਣ ਵਾਲੀ ਗੱਲ ਹੈ
ਇਹ ਵੀ ਪੜ੍ਹੋ: 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਬੈਂਕ ’ਚੋਂ ਸਮੇਂ ਸਿਰ ਪੈਸੇ ਨਾ ਮਿਲੇ ਤਾਂ ਇਲਾਜ ਖੁਣੋਂ ਤੋੜਿਆ ਦਮ
ਰਾਜਨੀਤਿਕ ਪਾਰਟੀਆਂ ਸਮਝਣ ਹੁਣ ਜਮਾਨੇ ਦੀ ਤੋਰ
ਉਘੇ ਰਾਜਨੀਤਿਕ ਚਿੰਤੁਕ ਲਖਵੀਰ ਕੋਮਲ ਅਤੇ ਲੇਖਕ ਹਰਵਿੰਦਰ ਰੋਡੇ ਨੇ ਕਿਹਾ ਕਿ ਪੰਜਾਬੀ ਸੂਬਾ ਬਣਨ ਤੋਂ ਬਾਅਦ ਅਨੇਕਾ ਹੀ ਸਰਕਾਰਾਂ ਆਈਆਂ ਅਤੇ ਵੱਖ-ਵੱਖ ਪਾਰਟੀਆਂ ਨੇ ਸਰਕਾਰਾਂ ਦੀ ਨੁਮਾਇੰਦਗੀ ਵੀ ਕੀਤੀ, ਪਰ ਵੋਟਾਂ ਲੈਣ ਵੇਲੇ ਜਨਤਾ ਦੇ ਦਰਬਾਰ ਵਿਚ ਖੜ੍ਹ ਕੇ ਜਿਹੜੇ ਵੀ ਵਾਅਦੇ ਰਾਜਨੀਤਿਕ ਲੋਕਾਂ ਨੇ ਕੀਤੇ ਕੋਈ ਵੀ ਆਗੂ ਜਾਂ ਰਾਜਨੀਤਿਕ ਪਾਰਟੀ ਉਨ੍ਹਾਂ ਵਾਅਦਿਆਂ ਉਪਰ ਖਰੀ ਨਹੀਂ ਉਤਰੀ। ਲੋਕਾਂ ਵਿਚ ਅਜਿਹੇ ਲੋਕਾਂ ਵੱਲੋਂ ਕੀਤੀਆਂ ਗਈਆਂ ਵਾਅਦਾ ਖਿਲਾਫ਼ੀਆਂ ਦਾ ਡਾਹਢਾ ਰੋਸ ਹੈ ਕਿਉਂਕਿ ਪਰਨਾਲੇ ਦਾ ਉਥੇ ਰਹਿਣਾ ਲੋਕਾਂ ਨੂੰ ਅੰਗੂਠਾ ਦਿਖਾਉਂਦਾ ਹੈ। ਲੋਕ ਤਾਂ ਇਹੀ ਚਾਹੁੰਦੇ ਹਨ ਕਿ ਹੁਣ ਜਮਾਨਾ ਬਦਲ ਗਿਆ ਹੈ, ਇਸ ਲਈ ਰਾਜਨੀਤਿਕ ਲੋਕ ਵੀ ਆਪਣੀ ਸੋਚ ਬਦਲਣ ਅਤੇ ਸਮੇਂ ਦੇ ਹਾਣ ਦੇ ਹੋਣ।
ਇਹ ਵੀ ਪੜ੍ਹੋ: 2 ਮਹੀਨੇ ਪਹਿਲਾਂ ਵਿਆਹੀ ਗਰਭਵਤੀ ਜਨਾਨੀ ਨੇ ਕੀਤੀ ਖ਼ੁਦਕੁਸ਼ੀ, ਸਹੁਰਿਆਂ 'ਤੇ ਲੱਗੇ ਵੱਡੇ ਇਲਜ਼ਾਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ