ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਹੋਵੇ ਖਤਮ : ਭਾਈ ਲੌਂਗੋਵਾਲ

03/15/2019 7:40:13 PM

ਫਤਿਹਗੜ੍ਹ ਸਾਹਿਬ,(ਜਗਦੇਵ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਦੇ ਦਰਸ਼ਨਾਂ ਲਈ ਦੋਵੇਂ ਸਰਕਾਰਾਂ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਰਧਾਲੂਆਂ ਲਈ ਪਾਸਪੋਰਟ ਲਾਜ਼ਮੀ ਦੀ ਸ਼ਰਤ ਬਿਲਕੁਲ ਖ਼ਤਮ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਕਈ ਸ਼ਰਧਾਲੂਆਂ ਕੋਲ ਪਾਸਪੋਰਟ ਨਹੀਂ ਹੋਣਗੇ, ਜੋ ਗੁਰੂਘਰ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਜੋ ਸੰਗਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪੈਦਲ ਦਰਸ਼ਨ ਕਰਨਾ ਚਾਹੁੰਦੇ ਹਨ, ਨੂੰ ਪੈਦਲ ਜਾਣ, ਗੱਡੀਆਂ ਜਾਂ ਸਪੈਸ਼ਲ ਬੱਸਾਂ ਰਾਹੀਂ ਵੀ ਜਾਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।

ਭਾਈ ਲੌਂਗੋਵਾਲ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ 'ਤੇ ਰਾਸ਼ਟਰੀ ਸੈਮੀਨਾਰ 'ਚ ਸ਼ਿਰਕਤ ਕਰਨ ਲਈ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਵਾਰਿਆਂ ਨੂੰ ਪੇਸ਼ ਕਰਦੇ ਹੋਏ ਕਾਲਜ ਵੱਲੋਂ ਇਕ ਕੈਲੰਡਰ ਵੀ ਜਾਰੀ ਕੀਤਾ ਗਿਆ। ਪ੍ਰੈੱਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਭਾਈ ਲੋਂਗੋਵਾਲ ਨੇ ਕਿਹਾ ਕਿ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਵਲੋਂ ਭਾਰਤ ਸਰਕਾਰ ਦੇ ਧਿਆਨ 'ਚ ਕੁਝ ਸੁਝਾਅ ਲਿਆਂਦੇ ਗਏ ਸਨ ਤੇ ਭਾਰਤ ਸਰਕਾਰ ਨੇ ਪਾਕਿ ਸਰਕਾਰ ਦੇ ਅਧਿਕਾਰੀਆਂ ਨਾਲ ਸਾਂਝੇ ਕਰ ਕੇ ਨੇਪਰੇ ਚਾੜ੍ਹਿਆ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਹਰਾ ਭਰਾ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ 'ਚ ਬੂਟੇ ਲਗਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਗੁਰਦੁਆਰਾ ਸਾਹਿਬਾਨ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਅਵਤਾਰ ਸਿੰਘ ਰਿਆ, ਰਵਿੰਦਰ ਸਿੰਘ ਖਾਲਸਾ ਮੈਂਬਰ ਟਰੱਸਟ, ਡਾ. ਜਤਿੰਦਰ ਸਿੰਘ ਸਿੱਧੂ ਡਾਇਰੈਕਟਰ ਐਜੂਕੇਸ਼ਨ ਐੱਸ. ਜੀ. ਪੀ. ਸੀ, ਡਾ. ਬਲਜੀਤ ਸਿੰਘ ਪ੍ਰਿੰਸੀਪਲ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਗਰਲਜ਼ ਆਕੜ, ਡਾ. ਜਸਵੀਰ ਸਿੰਘ ਪ੍ਰਿੰਸੀਪਲ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ, ਡਾ. ਹਰਬਖਸ਼ ਸਿੰਘ ਭੱਟੀ ਪ੍ਰਿੰਸੀਪਲ ਬਾਬਾ ਬੰਦਾ ਸਿੰਘ ਬਹਾਦਰ ਪਾਲੀਟੈਕਨਿਕ ਕਾਲਜ, ਡਾ. ਜਸਪ੍ਰੀਤ ਸਿੰਘ ਓਬਰਾਏ, ਡਾ. ਅੰਮ੍ਰਿਤਬੀਰ ਸਿੰਘ, ਡਾ. ਅਮਨਪ੍ਰੀਤ ਸਿੰਘ ਸੇਠੀ, ਡਾ. ਨਰਿੰਦਰਪਾਲ ਸਿੰਘ, ਡਾ. ਰਮਿੰਦਰ ਸਿੰਘ ਉੱਪਲ ਤੇ ਹੋਰ ਸਟਾਫ ਮੈਂਬਰ ਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਤੇ ਅਧਿਆਪਕ ਵੀ ਹਾਜ਼ਰ ਸਨ।


Deepak Kumar

Content Editor

Related News