ਵਿਧਾਇਕ ਕਾਲਾ ਢਿੱਲੋਂ ਦੀ ਭੁੱਖ ਹੜਤਾਲ ਖ਼ਤਮ, SIT ਕਰੇਗੀ ਮਾਮਲੇ ਦੀ ਨਿਰਪੱਖ ਜਾਂਚ

Wednesday, May 06, 2026 - 04:06 PM (IST)

ਵਿਧਾਇਕ ਕਾਲਾ ਢਿੱਲੋਂ ਦੀ ਭੁੱਖ ਹੜਤਾਲ ਖ਼ਤਮ, SIT ਕਰੇਗੀ ਮਾਮਲੇ ਦੀ ਨਿਰਪੱਖ ਜਾਂਚ

ਬਰਨਾਲਾ (ਵਿਵੇਕ ਸਿੰਧਵਾਨੀ): ਬਰਨਾਲਾ ਵਿਚ ਪਿਛਲੇ ਕੁੱਝ ਸਮੇਂ ਤੋਂ ਚੱਲ ਰਿਹਾ ਸਿਆਸੀ ਅਤੇ ਪ੍ਰਸ਼ਾਸਨਿਕ ਖਿੱਚੋਤਾਣ ਅੱਜ ਉਸ ਵੇਲੇ ਸੁਖਾਵੇਂ ਮੋੜ 'ਤੇ ਖ਼ਤਮ ਹੋਇਆ, ਜਦੋਂ ਪੁਲਸ ਪ੍ਰਸ਼ਾਸਨ ਨੇ ਕਾਂਗਰਸੀ ਆਗੂਆਂ ਦੇ ਰੋਸ ਨੂੰ ਦੇਖਦਿਆਂ ਮਾਮਲੇ ਦੀ ਪਾਰਦਰਸ਼ੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕਰ ਦਿੱਤਾ। ਇਸ ਭਰੋਸੇ ਤੋਂ ਬਾਅਦ ਕੋਰਟ ਕੰਪਲੈਕਸ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਪਣਾ ਪ੍ਰਦਰਸ਼ਨ ਵਾਪਸ ਲੈ ਲਿਆ।

ਅੱਜ ਸਵੇਰੇ 10 ਵਜੇ ਜਦੋਂ ਹਲਕਾ ਵਿਧਾਇਕ ਕਾਲਾ ਢਿੱਲੋਂ ਆਪਣੇ ਸਾਥੀਆਂ ਸਮੇਤ ਭੁੱਖ ਹੜਤਾਲ 'ਤੇ ਬੈਠੇ, ਤਾਂ ਇਲਾਕੇ ਵਿੱਚ ਸਿਆਸੀ ਤਣਾਅ ਵਧਣ ਦਾ ਖਦਸ਼ਾ ਸੀ। ਕਾਂਗਰਸੀ ਆਗੂਆਂ ਦੀ ਮੰਗ ਸੀ ਕਿ ਉਨ੍ਹਾਂ ਵਿਰੁੱਧ ਦਰਜ ਐਫ.ਆਈ.ਆਰ. ਨੂੰ ਤੁਰੰਤ ਰੱਦ ਕੀਤਾ ਜਾਵੇ। ਸਥਿਤੀ ਨੂੰ ਸੰਭਾਲਦਿਆਂ ਐੱਸ.ਪੀ. ਡੀ. ਸ਼੍ਰੀ ਅਸ਼ੋਕ ਸ਼ਰਮਾ ਨੇ ਖੁਦ ਮੌਕੇ 'ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਜਮਹੂਰੀ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਆਗੂਆਂ ਨੂੰ ਯਕੀਨ ਦਿਵਾਇਆ ਕਿ ਪੁਲਿਸ ਪ੍ਰਸ਼ਾਸਨ ਕਿਸੇ ਵੀ ਪੱਖਪਾਤ ਤੋਂ ਬਿਨਾਂ ਕੰਮ ਕਰਨ ਲਈ ਵਚਨਬੱਧ ਹੈ।

ਨਿਰਪੱਖ ਜਾਂਚ ਲਈ SIT ਦਾ ਗਠਨ

ਐੱਸ.ਪੀ.ਡੀ. ਅਸ਼ੋਕ ਸ਼ਰਮਾ ਨੇ ਐਲਾਨ ਕੀਤਾ ਕਿ ਇਸ ਪੂਰੇ ਘਟਨਾਕ੍ਰਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੱਕ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਗਈ ਹੈ। ਉਨ੍ਹਾਂ ਵਿਧਾਇਕ ਨੂੰ ਭਰੋਸਾ ਦਿੱਤਾ ਕਿ ਇਹ ਟੀਮ ਇੱਕ ਹਫ਼ਤੇ ਦੇ ਅੰਦਰ-ਅੰਦਰ ਤੱਥਾਂ ਦੇ ਅਧਾਰ 'ਤੇ ਆਪਣੀ ਰਿਪੋਰਟ ਪੇਸ਼ ਕਰੇਗੀ। ਪੁਲਿਸ ਅਧਿਕਾਰੀ ਦੇ ਇਸ ਤਰਕਪੂਰਨ ਅਤੇ ਸਕਾਰਾਤਮਕ ਰਵੱਈਏ ਨੂੰ ਦੇਖਦਿਆਂ ਵਿਧਾਇਕ ਢਿੱਲੋਂ ਨੇ ਆਪਣੀ ਹੜਤਾਲ ਖ਼ਤਮ ਕਰਨ ਦਾ ਫੈਸਲਾ ਕੀਤਾ।

ਪ੍ਰਸ਼ਾਸਨ ਦੇ ਇਸ ਕਦਮ ਦੀ ਸਿਆਸੀ ਹਲਕਿਆਂ ਵਿਚ ਸ਼ਲਾਘਾ ਕੀਤੀ ਜਾ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ SIT ਦਾ ਗਠਨ ਨਾ ਸਿਰਫ਼ ਪੁਲਿਸ ਦੀ ਕਾਰਜਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਏਗਾ, ਸਗੋਂ ਜਨਤਾ ਦਾ ਪ੍ਰਸ਼ਾਸਨ 'ਤੇ ਵਿਸ਼ਵਾਸ ਵੀ ਵਧਾਏਗਾ। ਵਿਧਾਇਕ ਕਾਲਾ ਢਿੱਲੋਂ ਨੇ ਭੁੱਖ ਹੜਤਾਲ ਖ਼ਤਮ ਕਰਦਿਆਂ ਕਿਹਾ ਕਿ ਉਹ ਸੱਚ ਦੀ ਜਿੱਤ ਚਾਹੁੰਦੇ ਹਨ ਅਤੇ SIT ਦੀ ਜਾਂਚ ਰਾਹੀਂ ਸਭ ਸਾਹਮਣੇ ਆ ਜਾਵੇਗਾ।


author

Anmol Tagra

Content Editor

Related News