ਟੌਹੜਾ ਪਰਿਵਾਰ ਨੇ ਦਿੱਤਾ 'ਆਪ' ਨੂੰ ਅਲਟੀਮੇਟਮ

Thursday, Mar 28, 2019 - 04:52 PM (IST)

ਟੌਹੜਾ ਪਰਿਵਾਰ ਨੇ ਦਿੱਤਾ 'ਆਪ' ਨੂੰ ਅਲਟੀਮੇਟਮ

ਪਟਿਆਲਾ (ਜੋਸਨ)—'ਪੰਥ ਰਤਨ' ਜਥੇਦਾਰ ਗੁਰਚਰਨ ਸਿੰਘ ਟੌਹੜਾ ਪਰਿਵਾਰ ਦੇ ਵਾਰਸ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੇ ਅੱਜ ਇਥੇ ਐਲਾਨ ਕੀਤਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਕਾਂਗਰਸ ਨਾਲ ਗਠਜੋੜ ਕੀਤਾ ਤਾਂ ਉਹ ਆਮ ਆਦਮੀ ਪਾਰਟੀ ਨੂੰ ਛੱਡ ਦੇਣਗੇ। ਉਨ੍ਹਾਂ ਆਖਿਆ ਕਿ 'ਆਪ' ਜਾਣ-ਬੁੱਝ ਕੇ ਅਜਿਹੀ ਪਾਰਟੀ ਨਾਲ ਗਠਜੋੜ ਕਰ ਰਹੀ ਹੈ, ਜਿਹੜੀ ਕਿ ਹਮੇਸ਼ਾ ਪੰਥਕ ਹਿਤਾਂ ਦੇ ਖਿਲਾਫ ਰਹੀ ਹੈ।

ਇਸ ਮੌਕੇ ਟੌਹੜਾ ਨੇ ਆਖਿਆ ਹੈ ਕਿ ਜੇਕਰ 'ਆਪ' ਇਕ ਅਜਿਹੀ ਪਾਰਟੀ ਨਾਲ ਸਮਝੌਤਾ ਕਰਦੀ ਹੈ ਜਿਸ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ ਤਾਂ ਉਹ ਆਪ 'ਚ ਇਕ ਪਲ ਵੀ ਨਹੀਂ ਰਹਿਣਗੇ। ਆਮ ਆਦਮੀ ਪਾਰਟੀ ਸਮਾਜ ਦੇ ਸਭ ਵਰਗਾਂ ਨੂੰ ਨਾਲ ਲੈ ਕੇ ਰਵਾਇਤੀ ਰਾਜਨੀਤਕ ਪਾਰਟੀਆਂ ਦੇ ਵਿਰੋਧ 'ਚੋਂ ਪੈਦਾ ਹੋਈ ਪਾਰਟੀ ਹੈ। ਹੁਣ ਕੇਜਰੀਵਾਲ ਕਾਂਗਰਸ ਨਾਲ ਗਠਜੋੜ ਲਈ ਉਤਾਵਲੇ ਹੋ ਰਹੇ ਹਨ। ਟੌਹੜਾ ਦਾ ਕਹਿਣਾ ਹੈ ਕਿ ਪਾਰਟੀ ਸੁਪਰੀਮੋ ਦਾ ਇਹ ਫ਼ੈਸਲਾ ਦੂਰਅੰਦੇਸ਼ੀ ਵਾਲਾ ਨਹੀਂ ਹੈ। ਇਹ ਭਵਿੱਖ 'ਚ ਪਾਰਟੀ ਲਈ ਘਾਤਕ ਸਾਬਤ ਹੋਵੇਗਾ। ਇਸ ਲਈ ਉਨ੍ਹਾਂ ਦੇ ਪਰਿਵਾਰ ਨੇ ਪਾਰਟੀ ਦੇ ਇਸ ਸੰਭਾਵੀ ਗਠਜੋੜ ਪ੍ਰਤੀ ਆਪਣਾ ਪੱਖ ਸਪੱਸ਼ਟ ਕਰਨਾ ਠੀਕ ਸਮਝਿਆ ਹੈ। ਟੌਹੜਾ ਨੇ ਆਖਿਆ ਕਿ ਉਹ ਪੰਥਕ ਰਾਜਨੀਤੀ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਯਤਨਸ਼ੀਲ ਰਹਿਣਗੇ।


author

Shyna

Content Editor

Related News