ਕਰਫਿਊ ਦੌਰਾਨ ਸਿਰਸਾ ਤੋਂ ਪਰਤੀ ਔਰਤ ਨੂੰ ਹਸਪਤਾਲ ’ਚ ਕੀਤਾ ਆਈਸੋਲੇਟ

03/31/2020 11:15:18 AM

ਜਲਾਲਾਬਾਦ (ਸੇਤੀਆ, ਟੀਨੂੰ, ਸੁਮਿਤ)- ਸ਼ਹਿਰ ਦੀ ਦਸਮੇਸ਼ ਨਗਰੀ ਨਾਲ ਸਬੰਧਤ ਔਰਤ ਨੂੰ ਹਸਪਤਾਲ ’ਚ ਆਈਸੋਲੇਟ ਕੀਤਾ ਗਿਆ ਹੈ। ਹਾਲਾਂਕਿ ਇਸ ਸਬੰਧੀ ਸਿਵਲ ਹਸਪਤਾਲ ਸਟਾਫ ਨੂੰ ਕਰੀਬ 9 ਵਜੇ ਜਾਣਕਾਰੀ ਦੇ ਦਿੱਤੀ ਗਈ ਸੀ ਪਰ ਹਸਪਤਾਲ ਦੇ ਸਬੰਧਤ ਅਧਿਕਾਰੀਆਂ ਵੱਲੋਂ ਗੰਭੀਰਤਾ ਨਾਲ ਨਹੀਂ ਲਿਆ ਗਿਆ। ਆਖਿਰਕਾਰ ਉੱਚ ਅਧਿਕਾਰੀਆਂ ਦੇ ਕਹਿਣ ’ਤੇ ਹਸਪਤਾਲ ਸਟਾਫ ਨੇ ਹਰਕਤ ਦਿਖਾਉਂਦੇ ਹੋਏ ਕਰੀਬ ਸਵਾ 12 ਵਜੇ ਐਂਬੂਲੈਂਸ ਰਾਹੀਂ ਹਸਪਤਾਲ ’ਚ ਆਈਸੋਲੇਟ ਕੀਤਾ। ਪੰਜਾਬ ’ਚ ਜਿਸ ਤਰ੍ਹਾਂ ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਵਾਲੇ ਮਰੀਜ਼ਾਂ ਦੇ ਸੰਪਰਕ ’ਚ ਆਏ ਲੋਕਾਂ ਨੂੰ ਆਈਸੋਲੇਟ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ, ਉਸ ਤੋਂ ਇੰਝ ਜਾਪ ਰਿਹਾ ਹੈ ਕਿ ਲਾਪ੍ਰਵਾਹੀ ਕਿਸੇ ਐਟਮ ਬੰਬ ਤੋਂ ਘੱਟ ਨਹੀਂ ਹੈ ਕਿਉਂਕਿ ਜ਼ਰਾ ਜਿੰਨੀ ਵੀ ਲਾਪ੍ਰਵਾਹੀ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ’ਚ ਸਫਲ ਨਹੀਂ ਹੋ ਸਕਦੀ।

ਜਾਣਕਾਰੀ ਅਨੁਸਾਰ ਔਰਤ ਸ਼ਸ਼ੀਕਾਂਤ ਬੀਤੀ 19 ਮਾਰਚ ਨੂੰ ਸਿਰਸਾ ’ਚ ਆਪਣੇ ਪੁੱਤਰ ਵਿਪਨ ਕੁਮਾਰ ਕੋਲ ਗਈ ਸੀ। ਇਸ ਦੌਰਾਨ 20 ਮਾਰਚ ਨੂੰ ਵਿਪਨ ਕੁਮਾਰ ਦੀ ਸਾਲੇਹਾਰ ਵਰਸ਼ਾ ਰਾਣੀ ਪਤਨੀ ਅਮਿਤ ਕੁਮਾਰ ਕੋਰੋਨਾ ਵਾਇਰਸ ਦੀ ਪਾਜ਼ੇਟਿਵ ਪਾਈ ਗਈ ਸੀ ਅਤੇ ਉਕਤ ਔਰਤ ਵਰਸ਼ਾ ਰਾਣੀ ਨੂੰ ਮਿਲੀ ਸੀ। ਇਸ ਤੋਂ ਬਾਅਦ 25 ਮਾਰਚ ਤਕ ਉਕਤ ਔਰਤ ਆਪਣੇ ਪੁੱਤਰ ਅਤੇ ਉਸ ਦੇ ਪਰਿਵਾਰ ਨਾਲ ਰਹੀ ਅਤੇ 26 ਮਾਰਚ ਨੂੰ ਸੂਬੇ ’ਚ ਲਾਕਡਾਊਨ ਅਤੇ ਕਰਫਿਊ ਲੱਗਾ ਹੋਣ ਦੇ ਬਾਵਜੂਦ ਕਿਸੇ ਤਰ੍ਹਾਂ ਜਲਾਲਾਬਾਦ ਪਹੁੰਚ ਗਈ ਪਰ ਇਸ ਦੌਰਾਨ ਉਸ ਨੇ ਬਾਹਰੋਂ ਆਉਣ ਦੀ ਜਾਣਕਾਰੀ ਸਿਵਲ ਪ੍ਰਸ਼ਾਸਨ ਨੂੰ ਨਹੀਂ ਦਿੱਤੀ। 31 ਮਾਰਚ ਨੂੰ ਸਿਰਸਾ ਤੋਂ ਹੀ ਧਾਰਮਕ ਸੰਸਥਾ ਦੇ ਆਗੂ ਨੇ ਜਲਾਲਾਬਾਦ ਦੀ ਧਾਰਮਕ ਸੰਸਥਾ ਦੇ ਵਿੰਗ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਕਤ ਔਰਤ 19 ਤੋਂ 25 ਮਾਰਚ ਤੱਕ ਸਿਰਸਾ ਰਹੀ ਹੈ ਅਤੇ ਇਸ ਦੌਰਾਨ ਇਹ ਔਰਤ ਕੋਰੋਨਾ ਪਾਜ਼ੇਟਿਵ ਔਰਤ ਦੇ ਸੰਪਰਕ ’ਚ ਆਈ ਹੈ। ਇਸ ਤੋਂ ਬਾਅਦ ਲੋਕਲ ਸੰਸਥਾ ਦੇ ਆਗੂ ਨੇ ਇਸ ਸਬੰਧੀ ਪਹਿਲਾਂ ਲੋਕਲ ਹਸਪਤਾਲ ’ਚ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਾ ਹੋਣ ਦੀ ਸੂਰਤ ’ਚ ਉਨ੍ਹਾਂ ‘ਜਗ ਬਾਣੀ’ ਦੇ ਪ੍ਰਤੀਨਿਧੀ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਸਿਵਲ ਹਸਪਤਾਲ ਪ੍ਰਸ਼ਾਸਨ ਅਤੇ ਐੱਸ.ਡੀ.ਐੱਮ. ਜਲਾਲਾਬਾਦ ਨੂੰ ਵੀ ਦਿੱਤੀ ਗਈ ਪਰ ਜਾਣਕਾਰੀ ਦੇਣ ਤੋਂ ਬਾਅਦ ਕਰੀਬ ਸਵਾ 10 ਵਜੇ ਆਰ. ਆਰ. ਟੀ. ਟੀਮ ਦਸਮੇਸ਼ ਨਗਰੀ ਪਹੁੰਚੀ, ਜਿਸ ਤੋਂ ਬਾਅਦ ਉਨ੍ਹਾਂ ਔਰਤ ਤੋਂ ਸਾਰੀ ਜਾਣਕਾਰੀ ਲਈ ਪਰ ਇਸ ਸਮੇਂ ਕੋਈ ਵੀ ਸੀਨੀਅਰ ਡਾਕਟਰ ਜਾਂ ਨੋਡਲ ਅਫਸਰ ਮੌਜੂਦ ਨਹੀਂ ਸੀ ਤਾਂ ਆਰ.ਆਰ.ਟੀ ਟੀਮ ਵੱਲੋਂ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਬਾਹਰ ਇਕੱਲੇ ਰਹਿਣ ਦਾ ਸਟਿੱਕਰ ਲਗਾ ਦਿੱਤਾ ਗਿਆ ਅਤੇ ਟੀਮ ਵਾਪਸ ਚਲੀ ਗਈ।

ਦੱਸਣਯੋਗ ਹੈ ਕਿ ਕੋਰੋਨਾ ਦੀ ਪਾਜ਼ੇਟਿਵ ਔਰਤ ਨੂੰ ਮਿਲਣ ਵਾਲੀ ਇਹ ਔਰਤ ਆਪਣੇ ਸਿਰਸਾ ਨਿਵਾਸੀ ਪੁੱਤਰ, ਨੂੰਹ ਅਤੇ ਪੋਤਰੀ ਨਾਲ ਰਹੀ, ਜਿਸ ਤੋਂ ਬਾਅਦ 26 ਤਾਰੀਖ ਨੂੰ ਜਲਾਲਾਬਾਦ ਪਹੁੰਚ ਕੇ ਆਪਣੇ ਘਰ ’ਚ ਪੁੱਤਰ-ਨੂੰਹ ਅਤੇ ਪੋਤਰਾ-ਪੋਤਰੀ ਨਾਲ ਰਹੀ ਹੈ ਅਤੇ ਗਲੀ ’ਚ ਕਾਫੀ ਸੰਪਰਕ ’ਚ ਰਹੀ ਹੈ। ਉਕਤ ਔਰਤ ਨੂੰ ਘਰ ’ਚ ਏਕਾਂਤਵਾਸ ਕਰਨ ਤੋਂ ਬਾਅਦ ਮੁਹੱਲਾ ਵਾਲਿਆਂ ਵੱਲੋਂ ਫਿਰ ਵਾਰ-ਵਾਰ ਸਿਵਲ ਹਸਪਤਾਲ ਨਾਲ ਸੰਪਰਕ ਕੀਤਾ ਗਿਆ ਪਰ ਸੁਣਵਾਈ ਨਹੀਂ ਹੋਈ, ਜਿਸ ਤੋਂ ਬਾਅਦ ਜ਼ਿਲਾ ਡਿਪਟੀ ਕਮਿਸ਼ਨਰ ਨੂੰ ਅਰਵਿੰਦਰਪਾਲ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜਲਦੀ ਹੀ ਸਿਵਲ ਸਰਜਨ ਨੂੰ ਹੁਕਮ ਜਾਰੀ ਕੀਤੇ ਕਿ ਇਸ ਔਰਤ ਨੂੰ ਜਲਦੀ ਹਸਪਤਾਲ ’ਚ ਆਈਸੋਲੇਟ ਕੀਤਾ ਜਾਵੇ, ਜਿਸ ਤੋਂ ਬਾਅਦ ਨੋਡਲ ਅਫਸਰ ਗੁਰਪ੍ਰੀਤ ਸਿੰਘ ਕਰੀਬ ਸਵਾ 12 ਵਜੇ ਦਸਮੇਸ਼ ਨਗਰੀ ਪਹੁੰਚੇ, ਜਿਨ੍ਹਾਂ ਨੇ ਉਕਤ ਔਰਤ ਨੂੰ ਆਈਸੋਲੇਟ ਕੀਤਾ ਪਰ ਬਾਕੀ ਪਰਿਵਾਰਕ ਮੈਂਬਰਾਂ ਨੂੰ ਘਰ ’ਚ ਹੀ ਰੱਖਿਆ ਗਿਆ ਹੈ, ਜਦਕਿ ਸਮੁੱਚੇ ਮੈਂਬਰਾਂ ਨੂੰ ਆਈਸੋਲੇਟ ਕੀਤਾ ਜਾਣਾ ਚਾਹੀਦਾ ਸੀ ਅਤੇ ਪ੍ਰਸ਼ਾਸਨ ਵੱਲੋਂ ਗਲੀ ਨੂੰ ਵੀ ਪੂਰੀ ਤਰ੍ਹਾਂ ਲਾਕਡਾਊਨ ਕਰਨਾ ਚਾਹੀਦਾ ਸੀ।


rajwinder kaur

Content Editor

Related News