ਜ਼ਿਲ੍ਹਾ ਫਾਜ਼ਿਲਕਾ 'ਚ 11 BSF ਜਵਾਨਾਂ ਸਮੇਤ ਕੁੱਲ 13 ਲੋਕ ਕੋਰੋਨਾ ਪਾਜ਼ੇਟਿਵ

Friday, Jun 26, 2020 - 07:49 PM (IST)

ਜ਼ਿਲ੍ਹਾ ਫਾਜ਼ਿਲਕਾ 'ਚ 11 BSF ਜਵਾਨਾਂ ਸਮੇਤ ਕੁੱਲ 13 ਲੋਕ ਕੋਰੋਨਾ ਪਾਜ਼ੇਟਿਵ

ਜਲਾਲਾਬਾਦ,(ਸੇਤੀਆ,ਸੁਮਿਤ) : ਸ਼ਹਿਰ ਦੇ ਥਾਣਾ ਅਰਨੀਵਾਲਾ 'ਚ ਬੀਤੇ ਦਿਨੀਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੁੱਲ 13 ਲੋਕ ਪਾਜ਼ੇਟਿਵ ਆਏ ਹਨ, ਜਿਨ੍ਹਾਂ 'ਚ ਬੀ. ਐਸ. ਐਫ. ਦੇ 11 ਜਵਾਨ ਵੀ ਸ਼ਾਮਲ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਚੰਦਰ ਮੋਹਨ ਕਟਾਰੀਆ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ 11 ਬੀ.ਐਸ.ਐਫ. ਦੇ ਜਵਾਨਾਂ ਨੂੰ ਬੀ.ਐਸ.ਐਫ. ਦੇ ਬਣੇ ਹਸਪਤਾਲਾਂ 'ਚ ਆਈਸੋਲੇਟ ਕੀਤਾ ਜਾ ਰਿਹਾ ਹੈ ਤੇ ਬਾਕੀ ਦੋ ਲੋਕਾਂ ਨੂੰ ਜਲਾਲਾਬਾਦ ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕੀਤਾ ਜਾ ਰਿਹਾ ਹੈ।

ਉਧਰ ਉਕਤ ਮੁਲਜ਼ਮ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਥਾਣਾ ਅਰਨੀਵਾਲਾ ਤੇ ਸਟੇਡੀਅਮ ਜਲਾਲਾਬਾਦ ਦੇ ਪੁਲਿਸ ਮੁਲਾਜ਼ਮਾਂ 'ਚ ਹੜਕੰਪ ਮਚਿਆ ਹੋਇਆ ਹੈ। ਇਸ ਬਾਰੇ ਜਦ ਏ. ਐਸ. ਆਈ. ਸੁਭਾਸ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਨਦੀਪ ਸਿੰਘ ਨਾਮਕ ਵਿਅਕਤੀ ਖਿਲਾਫ ਇਕ ਕੇਸ ਰਜਿਸਟਰਡ ਹੋਇਆ ਸੀ। ਜਿਸ 'ਚ ਉਹ ਫਰਾਰ ਚੱਲ ਰਿਹਾ ਸੀ ਅਤੇ ਉਸ ਨੂੰ 24 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਦਾ ਕੋਰੋਨਾ ਟੈਸਟ ਦਾ ਕਰਵਾਇਆ ਗਿਆ ਸੀ, ਜਦੋਂ ਕੋਰੋਨਾ ਟੈਸਟ ਦੇਣ ਤੋਂ ਬਾਅਦ ਉਸ ਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਵਲੋਂ ਇਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ। ਜਿਸ ਤੋਂ ਬਾਅਦ ਉਸ ਨੂੰ ਅਰਨੀਵਾਲਾ ਥਾਣੇ 'ਚ ਲੈ ਗਏ ਅਤੇ 25 ਜੂਨ ਨੂੰ ਦੁਬਾਰਾ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵਲੋਂ ਜੁਡੀਸ਼ੀਅਲ ਭੇਜਣ ਦੇ ਆਦੇਸ਼ ਦਿੱਤੇ ਗਏ। 26 ਜੂਨ ਨੂੰ ਉਕਤ ਕੈਦੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।

ਇਸ ਸਬੰਧੀ ਏ. ਐਸ. ਆਈ. ਸੁਭਾਸ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਨ ਮੌਕੇ ਉਹ ਅਤੇ ਉਨ੍ਹਾਂ ਦੇ ਥਾਣੇ 'ਚ ਮੌਜੂਦ ਕਈ ਮੁਲਾਜ਼ਮ ਵੀ ਕੈਦੀ ਦੇ ਸੰਪਰਕ 'ਚ ਆਏ ਹਨ ਅਤੇ ਇਸ ਤੋਂ ਇਲਾਵਾ ਵੀਰਵਾਰ ਨੂੰ ਉਹ ਆਪਣੇ ਅਬੋਹਰ ਘਰ ਆਪਣੀ ਪਤਨੀ, ਦੋ ਬੇਟੀਆਂ ਤੇ ਇਕ ਬੇਟੇ ਦੇ ਸੰਪਰਕ 'ਚ ਵੀ ਆਏ ਹਨ ਅਤੇ ਉਨ੍ਹਾਂ ਨੂੰ ਫੋਨ ਕਰਕੇ ਖੁਦ ਨੂੰ ਸੈਲਫ ਕੁਆਰੰਟਾਈਨ ਕਰਨ ਲਈ ਕਹਿ ਦਿੱਤਾ ਹੈ। ਉਧਰ ਥਾਣਾ ਅਰਨੀਵਾਲਾ 'ਚ ਐਸ. ਐਚ. ਓ. ਨਵਦੀਪ ਸਿੰਘ ਭੱਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੁੱਲ 66 ਪੁਲਿਸ ਮੁਲਾਜ਼ਮਾਂ ਦਾ ਸਟਾਫ ਹੈ, ਜਿੰਨ੍ਹਾਂ 'ਚ 12 ਲੋਕ ਉਸ ਕੈਦੀ ਦੇ ਸਿੱਧੇ ਸੰਪਰਕ 'ਚ ਆਏ ਹਨ ਅਤੇ ਉਸ ਤੋਂ ਬਾਅਦ 12 ਦੇ ਸੰਪਰਕ 'ਚ ਜਿੰਨ੍ਹੇ ਵੀ ਲੋਕ ਚਾਹੇ ਉਹ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਨ ਜਾਂ ਹੋਰ ਹਨ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਕੱਲ੍ਹ ਸੈਂਪਲਿੰਗ ਸ਼ੁਰੂ ਕਰਵਾ ਦਿੱਤੀ ਜਾਵੇਗੀ। ਉਧਰ ਥਾਣਾ ਸਿਟੀ ਮੁਖੀ ਅਮਰਿੰਦਰ ਸਿੰਘ ਨਾਲ ਜਦੋ ਇਸ ਕੈਦੀ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਆਰਜੀ ਜੇਲ 'ਚ 2 ਸ਼ਿਫਟਾਂ 'ਚ 10 ਮੁਲਾਜ਼ਮ ਡਿਊਟੀ ਦੇ ਰਹੇ ਹਨ ਅਤੇ ਇਸ ਤੋਂ ਇਲਾਵਾ 5 ਹੋਰ ਕੈਦੀ ਵੀ ਸਟੇਡੀਅਮ 'ਚ ਰੱਖੇ ਹੋਏ ਸਨ, ਜਿਨ੍ਹਾਂ ਨੂੰ ਕੁਆਰੰਟੀਨ ਹੋਣ ਲਈ ਕਹਿ ਦਿੱਤਾ ਗਿਆ ਹੈ ਅਤੇ ਇਨ੍ਹਾਂ ਦੀ ਵੀ ਸੈਂਪਲਿੰਗ ਜਲਦੀ ਕਰਵਾਈ ਜਾਵੇਗੀ ਅਤੇ ਨਾਲ ਹੀ ਜੋ ਸਟੇਡੀਅਮ ਸਵੇਰੇ ਸ਼ਾਮ 2 ਘੰਟਿਆਂ ਲਈ ਖੋਲ੍ਹਿਆ ਗਿਆ, ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸਟੇਡੀਅਮ ਸੈਨੇਟਾਈਜ਼ ਜਲਦੀ ਕਰਵਾਇਆ ਜਾਵੇਗਾ।


author

Deepak Kumar

Content Editor

Related News