HIV ਦੀ ਰਿਪੋਰਟ ਤੋਂ ਜਾਗਿਆ ਸਿਹਤ ਵਿਭਾਗ, ਸਿਵਲ ਸਰਜਨ ਵਲੋਂ ਹਸਪਤਾਲ ਦਾ ਦੌਰਾ

Monday, Jul 15, 2019 - 05:18 PM (IST)

HIV ਦੀ ਰਿਪੋਰਟ ਤੋਂ ਜਾਗਿਆ ਸਿਹਤ ਵਿਭਾਗ, ਸਿਵਲ ਸਰਜਨ ਵਲੋਂ ਹਸਪਤਾਲ ਦਾ ਦੌਰਾ

ਜਲਾਲਾਬਾਦ (ਸੇਤੀਆ, ਸੁਮਿਤ) - ਜਲਾਲਾਬਾਦ ਹਲਕੇ ਅੰਦਰ 2 ਮਹੀਨਿਆਂ 'ਚ 56 ਐੱਚ.ਆਈ.ਵੀ. ਦੇ ਪਾਏ ਗਏ ਮਰੀਜਾਂ ਦੀ ਗਿਣਤੀ ਤੋਂ ਬਾਅਦ ਖਬਰ ਪ੍ਰਕਾਸ਼ਿਤ ਹੋਣ 'ਤੇ ਸਿਹਤ ਵਿਭਾਗ ਜਾਗਿਆ ਹੋਇਆ ਨਜ਼ਰ ਆ ਰਿਹਾ ਹੈ। ਖਬਰ ਪ੍ਰਕਾਸ਼ਿਤ ਹੋਣ 'ਤੇ ਜ਼ਿਲਾ ਸਿਵਲ ਸਰਜਨ ਰਾਜ ਕੁਮਾਰ ਨੇ ਸੋਮਵਾਰ ਨੂੰ ਸਿਵਲ ਹਸਪਤਾਲ ਜਲਾਲਾਬਾਦ ਦਾ ਦੌਰਾ ਕੀਤਾ, ਜਿਸ ਦੌਰਾਨ ਉਨ੍ਹਾਂ ਹਸਪਤਾਲ ਤੋਂ ਐੱਚ.ਆਈ.ਵੀ ਦੇ ਮਰੀਜਾਂ ਦੀ ਰਿਪੋਰਟ ਲੈਂਦੇ ਹੋਏ ਉਨ੍ਹਾਂ ਦਾ ਇਲਾਜ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਡਾ. ਹਰਦੇਵ ਸਿੰਘ ਐੱਸ.ਐੱਮ.ਓ. ਜਲਾਲਾਬਾਦ, ਸਟੇਨੋ ਰੋਹਿਤ ਸਚਦੇਵਾ, ਵੀਰਮਬਾਲਾ ਆਦਿ ਉਨ੍ਹਾਂ ਨਾਲ ਮੌਜੂਦ ਸਨ। ਦੱਸਣਯੋਗ ਹੈ ਕਿ ਜਲਾਲਾਬਾਦ ਹਲਕੇ ਅੰਦਰ ਚਿੱਟੇ ਕਾਰਨ ਐੱਚ.ਆਈ.ਵੀ. ਦੇ ਮਰੀਜਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ ਅਤੇ ਸਰਕਾਰੀ ਆਂਕੜਿਆ ਮੁਤਾਬਕ ਇਹ ਗਿਣਤੀ ਹੋਰ ਵੱਧ ਸਕਦੀ ਹੈ। ਸੀਮਾਪੱਟੀ 'ਤੇ ਜਿੱਥੇ ਨੌਜਵਾਨ ਚਿੱਟੇ ਰੂਪੀ ਨਸ਼ੇ ਦੀ ਚਪੇਟ 'ਚ ਹਨ, ਉਥੇ ਹੀ ਅਸੁਰੱਖਿਆ ਕਾਰਨਾਂ ਕਰਕੇ ਉਹ ਐੱਚ.ਆਈ.ਵੀ. ਦੇ ਸ਼ਿਕਾਰ ਹੋ ਰਹੇ ਹਨ।

ਇਸ ਦੀ ਮਿਸਾਲ ਸਰਕਾਰੀ ਹਸਪਤਾਲ ਦੇ ਓ.ਓ.ਟੀ. ਸੈਂਟਰਾਂ ਤੋਂ ਮਿਲੀ ਰਿਪੋਰਟ ਤੋਂ ਮਿਲੀ ਹੈ। ਐੱਚ.ਆਈ.ਵੀ. ਦੇ ਮਰੀਜਾਂ ਦੀ ਸੰਖਿਆ ਜਿਆਦਾ ਹੋਣ ਸੰਬੰਧੀ 'ਜਗਬਾਣੀ' 'ਪੰਜਾਬ ਕੇਸਰੀ' ਵਲੋਂ ਸਿਹਤ ਮੰਤਰੀ ਨਾਲ ਗੱਲਬਾਤ 'ਤੇ ਪ੍ਰਕਾਸ਼ਿਤ ਖਬਰ ਤੋਂ ਬਾਅਦ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਜ਼ਿਲਾ ਸਿਵਿਲ ਸਰਜਨ ਅਤੇ ਡੀ.ਸੀ. ਨੂੰ ਇਸ ਸਬੰਧੀ ਰਿਪੋਰਟ ਤੇ ਕਾਰਵਾਈ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ। ਉਧਰ ਸਿਹਤ ਮੰਤਰੀ ਦੇ ਨਿਰਦੇਸ਼ਾਂ ਹੇਠ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਪਹੁੰਚੇ ਐੱਸ.ਐੱਮ.ਓ. ਡਾ. ਰਾਜ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿਹਤ ਮੰਤਰੀ ਦੇ ਫੋਨ ਤੋਂ ਬਾਅਦ ਸੋਮਵਾਰ ਸਵੇਰੇ ਹਸਪਤਾਲ 'ਚ ਪੁੱਜੇ ਅਤੇ ਸਿਵਿਲ ਹਸਪਤਾਲ ਤੋਂ ਮਰੀਜਾਂ ਦੀ ਰਿਪੋਰਟ ਲਈ।  


author

rajwinder kaur

Content Editor

Related News