ਕੋਰੋਨਾ ਸੰਕਟ ਦੀ ਮਾਰ ਝੱਲ ਰਹੇ ਮੱਧ ਵਰਗ ਨੂੰ ਸੁਵਿਧਾ ਦੇਣ ਦੀ ਬਜਾਏ ਦਿੱਤੀ ਜਾ ਰਹੀ ਹੈ ਦੁਵਿਧਾ

05/19/2020 11:30:48 AM

ਭਵਾਨੀਗਡ਼੍ਹ(ਕਾਂਸਲ) - ਕੋਰੋਨਾ ਮਹਾਂਮਾਰੀ ਦੇ ਕਾਰਨ ਪੰਜਾਬ ਵਿਚ ਲੱਗੇ ਕਰਫਿਊ ਅਤੇ ਲਾਕਡਾਊਨ ਦੇ ਕਾਰਨ ਸੂਬੇ ਦਾ ਮੱਧ ਵਰਗ ਫਾਕੇ ਕੱਟਣ ਲਈ ਮਜਬੂਰ ਹੋ ਗਿਆ ਹੈ ਅਤੇ ਸੂਬਾ ਸਰਕਾਰ ਵੱਲੋਂ ਮੱਧ ਵਰਗ ਨੂੰ ਕੋਈ ਸੁਵਿਧਾ ਦੇਣ ਦੀ ਬਜਾਏ ਉਲਟਾ ਦੁਵਿਧਾ ਹੀ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ  ਜੁਆਇੰਟ ਸਕੱਤਰ ਹਰਭਜਨ ਸਿੰਘ ਹੈਪੀ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਮੱਧ ਵਰਗ ਜਿਸ ਵਿਚ ਕਿ ਛੋਟੇ ਦੁਕਾਨਦਾਰ, ਟੈਕਸੀ ਚਾਲਕ ਅਤੇ ਮਾਲਕ, ਛੋਟੇ ਕਿਸਾਨ, ਰੇਹੜੀ ਰਿਕਸ਼ਾ ਚਾਲਕ, ਹਲਵਾਈ ਅਤੇ ਆਟੋ ਡਰਾਇਵਰ ਸਮੇਤ ਅਨੇਕਾਂ ਹੀ ਵੱਖ-ਵੱਖ ਹੋਰ ਛੋਟੀਆਂ ਟ੍ਰੇਡਾਂ ਨਾਲ ਜੁੜੇ ਲੋਕਾਂ ਦੀ ਹਾਲਤ ਬਹੁਤ ਹੀ ਮਾੜੀ ਅਤੇ ਤਰਸਯੋਗ ਹੋ ਗਈ ਹੈ। ਪਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੀ ਬਾਂਹ ਫੜਨ ਦੀ ਥਾਂ ਇਨ੍ਹਾਂ ਉਪਰ ਵਾਧੂ ਬੋਝ ਪਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਬਿਜਲੀ ਦੇ ਬਿੱਲ ਵਿਚ ਕੋਈ ਵੀ ਛੋਟ ਨਾ ਦੇਣਾ ਅਤੇ ਹੁਣ ਪ੍ਰਾਈਵੇਟ ਸਕੂਲਾਂ ਨੂੰ ਟਿਊਸ਼ਨ ਫੀਸ ਦੇ ਰੂਪ ਵਿਚ ਫੀਸਾਂ ਵਸੂਲਣ ਦੀ ਮਨਜ਼ੂਰੀ ਦੇਣਾ ਮੱਧ ਵਰਗ ਦਾ ਗਲਾ ਦਬਾਉਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਦਿੱਲੀ ਦੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਾਕਡਾਊਨ ਦੇ ਦੌਰਾਨ ਬਜੁਰਗ, ਟੈਕਸੀ ਅਤੇ ਆਟੋ ਚਾਲਕਾਂ ਅਤੇ ਵਿਧਵਾਵਾਂ ਨੂੰ 5-5 ਹਜਾਰ ਰੁਪਏ ਦੀ ਮਾਲੀ ਮੱਦਦ ਮੁਹੱਈਆ ਕਰਵਾ ਕੇ ਆਪਣੇ ਆਪ ਨੂੰ ਲੋਕਪੱਖੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰਜ ਉਪਰ ਪੰਜਾਬ ਦੀ ਕੈਪਟਨ ਸਰਕਾਰ ਵੀ ਬਿਨਾਂ ਦੇਰੀ ਕੀਤੇ ਪੰਜਾਬ ਵਾਸੀਆਂ ਨੂੰ ਇਹ ਮਦਦ ਰਾਸ਼ੀ ਮੁਹੱਈਆਂ ਕਰਵਾਉਣ ਦੇ ਨਾਲ-ਨਾਲ ਬਿਜਲੀ ਬਿੱਲਾਂ ਵਿਚ ਵੱਡੀ ਛੋਟ ਅਤੇ ਪ੍ਰਾਈਵੇਟ ਸਕੂਲਾਂ ਦੀ ਫੀਸ ਪੂਰੀ ਤਰ੍ਹਾਂ ਮੁਆਫ ਕਰਨ ਦਾ ਐਲਾਨ ਕਰਕੇ ਆਪਣੇ ਆਪ ਨੂੰ ਲੋਕ ਪੱਖੀ ਹੋਣ ਦਾ ਸਬੂਤ ਦੇਵੇ।

 


Harinder Kaur

Content Editor

Related News