ਪਿੰਡਾਂ ’ਚ ਲੱਗਣੇ ਸਨ 63 ਆਰ. ਓ. ; ਸਿਰਫ 26 ਦੀ ਮਸ਼ੀਨਰੀ ਲਾ ਕੇ ਭੱਜੀ ਕੰਪਨੀ

12/16/2018 5:09:55 AM

ਪਟਿਆਲਾ, (ਜੋਸਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲੇ ਦੇ ਪਿੰਡਾਂ ਵਿਚ ਲੋਕਾਂ ਨੂੰ ‘ਸਾਫ  ਪਾਣੀ’ ਪਿਲਾਉਣ ਦੇ ਮਾਮਲੇ ਵਿਚ ਉਜਾਗਰ ਹੋਏ ਵੱਡੇ ਸਕੈਂਡਲ ਨੇ ਕਈ ਅਧਿਕਾਰੀਆਂ ਦੀ ਨੀਂਦ ਹਰਾਮ ਕਰ  ਦਿੱਤੀ ਹੈ। ਪਟਿਆਲਾ ਦੇ ਵੱਖ-ਵੱਖ ਪਿੰਡਾਂ ਜਿਨ੍ਹਾਂ ਵਿਚ ਪਾਣੀ ਦੀ ਕੁਆਲਟੀ ਲੋਡ਼ੀਂਦੇ ਮਾਪਦੰਡਾਂ ਅਨੁਸਾਰ ਨਹੀਂ ਹੈ, ਉਥੇ ਪਬਲਿਕ ਹੈਲਥ ਵਿਭਾਗ ਨੇ ਆਰ. ਓ. ਪਲਾਂਟ ਲਾਉਣੇ ਸਨ। ਇਹ ਆਰ. ਓ. ਲਾਉਣ ਵਾਲੀ ਕੰਪਨੀ  ਲਗਭਗ 25 ਫੀਸਦੀ ਮਸ਼ੀਨਰੀ ਲਾ ਕੇ ਹੀ ਦੌਡ਼ ਗਈ। 
ਮਹਿਕਮੇ ਕੋਲੋਂ ਆਰ. ਟੀ. ਆਈ. ਅਧੀਨ ਮਿਲੀ ਜਾਣਕਾਰੀ ਅਨੁਸਾਰ ਫਰਮ ਵੱਲੋਂ 63 ਪਿੰਡਾਂ ਵਿਚ ਆਰ. ਓ. ਪਲਾਂਟਾਂ ਦੇ ਕਮਰੇ ਬਣਾ ਕੇ ਉਸ ਵਿਚ ਮਸ਼ੀਨਰੀ ਫਿੱਟ ਕੀਤੀ ਜਾਣੀ ਸੀ। ਇਹ ਲਾਉਣ ਉਪਰੰਤ ਫਰਮ ਵੱਲੋਂ 7 ਸਾਲ ਚਲਾਏ ਜਾਣੇ ਸਨ। ਮਹਿਕਮੇ ਵੱਲੋਂ ਇਹ ਕੰਮ ਇਕ ਨਿੱਜੀ ਫਰਮ ਨੂੰ ਅਲਾਟ ਹੋਇਆ ਸੀ।  ਇਸ ਫਰਮ ਵੱਲੋਂ ਸਿਰਫ 26 ਆਰ. ਓ. ਪਲਾਂਟਾਂ ਦਾ ਹੀ ਕੰਮ ਮੁਕੰਮਲ ਕੀਤਾ ਗਿਆ। 
 ਇਸ ਤੋਂ ਬਿਨਾਂ 37 ਆਰ. ਓ. ਪਲਾਂਟਾਂ ਦਾ ਕੰਮ ਫਰਮ ਵੱਲੋਂ ਬਿਨਾਂ ਕੀਤੇ ਹੀ ਮਹਿਕਮੇ ਦੀ ਮਿਲੀਭੁਗਤ ਨਾਲ 4 ਕਰੋਡ਼ ਰੁਪਏ ਦੇ ਲਗਭਗ ਰਾਸ਼ੀ ਲੈ ਲਈ  ਗਈ ਪਰ ਕੰਮ ਨਹੀਂ ਕੀਤਾ ਗਿਆ। ਪਿੰਡ ਮੋਹੀ ਕਲਾਂ, ਸੂਰਜਗਡ਼੍ਹ, ਜਲਾਲਪੁਰ ਅਤੇ ਹੋਰ ਬਾਕੀ ਸਾਰੇ ਪਿੰਡਾਂ ਵਿਚ ਜਿਨ੍ਹਾਂ ਦੀ ਗਿਣਤੀ 37 ਹੈ, ਆਰ. ਓ. ਪਲਾਂਟਾਂ ਦੀ ਮਸ਼ੀਨਰੀ ਬਾਹਰ ਖੁੱਲ੍ਹੇ ਵਿਚ ਰੁਲ ਰਹੀ ਅਤੇ ਨਕਾਰਾ ਹੋ ਚੁੱਕੀ ਹੈ। ਮਹਿਕਮੇ ਵੱਲੋਂ ਫਰਮ ਨੂੰ ਇਨ੍ਹਾਂ ਆਰ. ਓ. ਪਲਾਂਟਾਂ ਨੂੰ ਚਲਾਉਣ ਲਈ ਅਦਾਇਗੀ ਵੀ ਕਰ ਦਿੱਤੀ ਗਈ ਹੈ।
 ਇਸ ਨਾਲ ਸਰਕਾਰ ਨੂੰ ਕਰੋਡ਼ਾਂ ਰੁਪਏ ਦਾ ਚੂਨਾ ਲੱਗਿਆ ਹੈ।  ਇਨ੍ਹਾਂ ਵੱਖ-ਵੱਖ ਪਿੰਡਾਂ ਦੇ ਲੋਕ ਸ਼ੁੱਧ ਪਾਣੀ ਨਾ ਮਿਲਣ ਕਾਰਨ ਤ੍ਰਾਹ-ਤ੍ਰਾਹ ਕਰ ਰਹੇ ਹਨ। 
  ਇਸ ਸਬੰਧੀ ਰਾਮ ਸਿੰਘ, ਜੀਵਨ ਸਿੰਘ, ਅਰਵਿੰਦ ਕੁਮਾਰ, ਅਸ਼ਵਨੀ ਸਿੰਘ ਤੇ ਹੋਰ ਲੋਕਾਂ ਨੇ ਗੱਲਬਾਤ ਦੌਰਾਨ ਦੱਸਦਿਆਂ ਕਿਹਾ ਕਿ  ਪਿੰਡਾਂ ਵਿਚ ਪਾਣੀ ਠੀਕ ਨਾ ਹੋਣ ਕਾਰਨ ਜ਼ਿਆਦਾਤਰ ਲੋਕ ਹੱਡੀਆਂ ਅਤੇ ਜੋਡ਼ਾਂ ਦੀਆਂ ਬੀਮਾਰੀਆਂ ਦੇ ਨਾਲ ਪ੍ਰਭਾਵਿਤ ਹੋ ਰਹੇ ਹਨ ਪਰ ਵਿਭਾਗ ਦੇ ਅਧਿਕਾਰੀ ਕਰੋਡ਼ਾਂ ਰੁਪਏ ਡਕਾਰ ਗਏ ਹਨ। 
 ਕੈਪਟਨ  ਅਮਰਿੰਦਰ ਤੇ ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲਣਗੇ ਲੋਕ
 ਇਸ ਮਾਮਲੇ ਨੂੰ ਲੈ ਕੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲਣ ਦਾ ਫੈਸਲਾ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਇਹ ਮਾਮਲਾ ਜ਼ਿਲਾ ਕਾਂਗਰਸ  ਦੇ ਪ੍ਰਧਾਨ ਤੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਧਿਆਨ ਵਿਚ ਵੀ ਲਿਆਉਣਗੇ। ਇਸ ਤੋਂ ਬਿਨਾਂ ਇਸ ਮਾਮਲੇ ਸਬੰਧੀ ਇਕ ਵਫਦ ਡੀ. ਸੀ. ਪਟਿਆਲਾ ਨੂੰ ਵੀ ਮਿਲੇਗਾ।
 ਮੈਂ ਮੁੱਖ ਮੰਤਰੀ ਨਾਲ ਗੱਲ ਕਰਾਂਗਾ ,ਦੋਸ਼ੀ ਬਖਸ਼ੇ ਨਹੀਂ ਜਾਣਗੇ : ਕੰਬੋਜ
 ਇਸ ਸਬੰਧੀ ਵਿਧਾਇਕ ਤੇ ਜ਼ਿਲਾ ਕਾਂਗਰਸ ਦੇ ਪ੍ਰਧਾਨ ਹਰਦਿਆਲ ਸਿੰਘ ਕੰਬੋਜ ਨਾਲ ਜਦੋਂ ਰਾਬਤਾ ਬਣਾਇਆ ਗਿਆ ਤਾਂ ਉਨ੍ਹਾਂ ਕਿਹਾ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਸਬੰਧੀ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪ੍ਰਨੀਤ ਕੌਰ ਨਾਲ ਗੱਲ ਕਰਨਗੇ। ਲੋਕਾਂ ਨੂੰ ਸਾਫ-ਸੁਥਰਾ ਪਾਣੀ ਦੇਣ ਲਈ ਅਸੀਂ ਵਚਨਵੱਧ ਹਾਂ। 
 ਅਸੀਂ ਹਰ ਹਾਲਤ ’ਚ ਕਾਰਵਾਈ ਕਰਾਂਗੇ : ਅਸ਼ਵਨੀ ਕੁਮਾਰ
 ਇਸ ਸਬੰਧੀ ਵਿਭਾਗ ਦੇ ਐੈੱਚ. ਓ. ਡੀ. ਤੇ ਆਈ. ਏ. ਐੈੱਸ. ਅਧਿਕਾਰੀ ਅਸ਼ਵਨੀ ਕੁਮਾਰ ਨਾਲ ਜਦੋਂ ਰਾਬਤਾ ਬਣਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਸਾਡੇ ਧਿਆਨ ਵਿਚ ਆ ਚੁੱਕਾ ਹੈ। ਅਸੀਂ ਕੰਪਨੀ ਖਿਲਾਫ ਕਾਰਵਾਈ ਜ਼ਰੂਰ ਕਰਾਂਗੇ। ਉਨ੍ਹਾਂ ਦਾ ਕਹਿਣਾ ਸੀ ਇਸ ਕੇਸ ਵਿਚ ਜਿਹਡ਼ੇ ਵੀ ਅਧਿਕਾਰੀ ਸ਼ਾਮਲ ਹੋਣਗੇ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਮਾਮਲਾ ਕਾਫੀ ਸਮੇਂ ਤੋਂ ਫਾਈਲਾਂ ਵਿਚ ਹੀ ਦੱਬਿਆ ਪਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਹੁੰਦੀ ਹੈ ਜਾਂ ਨਹੀਂ।


Related News