ਮੀਟਰ ਰੀਡਿੰਗ ਮਾਮਲੇ ''ਚ ਜੇ. ਈ. ਮੁਅੱਤਲ
Thursday, May 21, 2020 - 09:32 PM (IST)

ਪਟਿਆਲਾ, (ਪਰਮੀਤ)— ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਖਨੌਰੀ ਵਿਖੇ ਤਾਇਨਾਤ ਜੇ. ਈ. ਹਰਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਪਾਵਰਕਾਮ ਦੇ ਚੇਅਰਮੈਨ ਇੰਜ. ਬਲਦੇਵ ਸਿੰਘ ਸਰਾਂ ਨੂੰ ਮਿਲੀ ਇਕ ਗੁਪਤ ਸ਼ਿਕਾਇਤ ਤੋਂ ਬਾਅਦ ਹੋਈ ਹੈ। ਸ਼ਿਕਾਇਤ ਵਿਚ ਦਾਅਵਾ ਕੀਤਾ ਗਿਆ ਸੀ ਕਿ ਮਿੰਨੀ ਮਿਲਕ ਪਲਾਂਟ ਖਨੌਰੀ ਵਿਖੇ ਜੋ ਮੀਟਰ ਲੱਗਿਆ ਹੋਇਆ ਹੈ, ਉਸ ਦੀ ਰੀਡਿੰਗ ਹਰ ਮਹੀਨੇ ਘੱਟ ਦਿਖਾਈ ਜਾ ਰਹੀ ਹੈ ਤੇ ਪਾਵਰਕਾਮ ਨੂੰ ਘਾਟਾ ਪਾਇਆ ਜਾ ਰਿਹਾ ਹੈ। ਇਸ ਗੁਪਤ ਸ਼ਿਕਾਇਤ 'ਚ ਮਾਮਲੇ ਦੀ ਪੜ੍ਹਤਾਲ ਦੀ ਅਪੀਲ ਕੀਤੀ ਗਈ ਸੀ। ਇਸ ਉਪਰੰਤ ਚੇਅਰਮੈਨ ਵਲੋਂ ਮਾਮਲੇ ਦੀ ਪੜ੍ਹਤਾਲ ਕਰਵਾਉਣ 'ਤੇ ਸਾਹਮਣੇ ਆਇਆ ਕਿ ਹਰਦੀਪ ਸਿੰਘ ਜੇ. ਈ. ਵਲੋਂ ਮੀਟਰ ਰੀਡਿੰਗ ਪੁਸਤਕ 'ਚ ਘੱਟ ਰੀਡਿੰਗ ਰਿਕਾਰਡ ਕਰਕੇ ਪਾਵਰਕਾਮ ਨੂੰ ਤਕਰੀਬਨ 64,050 ਰੁਪਏ (6 ਮਹੀਨੇ ਦਾ) ਵਿੱਤੀ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਮਾਮਲੇ ਵਿਚ ਪਾਵਰਕਾਮ ਨੇ ਜੇ. ਈ. ਨੂੰ ਮੁਅੱਤਲ ਕਰਕੇ ਉਸ ਦਾ ਹੈਡਕੁਆਟਰ ਪਟਿਆਲਾ ਫਿਕਸ ਕਰ ਦਿੱਤਾ ਹੈ।