ਅਹਿਮ ਬਦਲਾਅ : ਬਿਜਲੀ ਦਰਾਂ ਵਧਣਗੀਆਂ, 15 ਸਾਲ ਪੁਰਾਣੇ ਸਰਕਾਰੀ ਵਾਹਨ ਹੋਣਗੇ ਬੰਦ

Saturday, Apr 01, 2023 - 03:05 PM (IST)

ਅਹਿਮ ਬਦਲਾਅ : ਬਿਜਲੀ ਦਰਾਂ ਵਧਣਗੀਆਂ, 15 ਸਾਲ ਪੁਰਾਣੇ ਸਰਕਾਰੀ ਵਾਹਨ ਹੋਣਗੇ ਬੰਦ

ਚੰਡੀਗੜ੍ਹ (ਰਜਿੰਦਰ ਸ਼ਰਮਾ) : 1 ਅਪ੍ਰੈਲ ਸ਼ਨੀਵਾਰ ਤੋਂ ਸ਼ਹਿਰ ’ਚ ਕਈ ਅਹਿਮ ਬਦਲਾਅ ਹੋਣ ਜਾ ਰਹੇ ਹਨ, ਜਿਸ ਦਾ ਸਿੱਧਾ ਅਸਰ ਆਮ ਜਨਤਾ ’ਤੇ ਪਵੇਗਾ। ਬਿਜਲੀ ਦੀ ਕੀਮਤ ’ਚ 10 ਫੀਸਦੀ ਦਾ ਵਾਧਾ ਹੋਵੇਗਾ। ਲੋਕਾਂ ਨੂੰ ਲੀ ਕਾਰਬੂਜੀਅਰ ਸੈਂਟਰ, ਕੈਪੀਟਲ ਕੰਪਲੈਕਸ ਤੇ ਪਿਅਰੇ ਜੈਨਰੇ ਮਿਊਜ਼ੀਅਮ ਆਦਿ ਦੇਖਣ ਲਈ ਵੀ ਭੁਗਤਾਨ ਕਰਨਾ ਪਵੇਗਾ। ਇਸ ਤੋਂ ਇਲਾਵਾ ਸ਼ਨੀਵਾਰ ਤੋਂ ਸ਼ਹਿਰ ਵਿਚ ਨਵੀਂ ਆਬਕਾਰੀ ਨੀਤੀ ਲਾਗੂ ਹੋ ਜਾਵੇਗੀ, ਜਿਸ ਤਹਿਤ ਹੁਣ ਸ਼ਰਾਬ ਦੇ ਠੇਕੇ ਰਾਤ 12 ਵਜੇ ਤਕ ਖੁੱਲ੍ਹਣਗੇ। ਇਸ ਦੇ ਨਾਲ ਹੀ ਦੋਪਹੀਆ ਪੈਟਰੋਲ ਵਾਹਨਾਂ ਦੀ ਰਜਿਸਟ੍ਰੇਸ਼ਨ ਦੁਬਾਰਾ ਸ਼ੁਰੂ ਹੋ ਜਾਵੇਗੀ ਅਤੇ ਵਾਹਨ ਲੋਕੇਸ਼ਨ ਟ੍ਰੈਕਿੰਗ ਡਿਵਾਈਸ ਤੋਂ ਬਿਨਾਂ ਚੱਲਣ ਵਾਲੇ ਵਾਹਨਾਂ ਦੇ ਵੀ ਚਲਾਨ ਕੀਤੇ ਜਾਣਗੇ। ਸ਼ਹਿਰ ਵਾਸੀਆਂ ਦੀ ਆਮਦਨ ਵਧੇ ਜਾਂ ਨਾ ਵਧੇ ਪਰ ਬਿਜਲੀ ਸਮੇਤ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧ ਰਹੀਆਂ ਹਨ। ਪ੍ਰਸ਼ਾਸਨ ਦੇ ਬਿਜਲੀ ਵਿਭਾਗ ਨੇ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ (ਜੇ. ਈ. ਆਰ. ਸੀ.) ਤੋਂ ਸਾਲ 2023-24 ਵਿਚ ਬਿਜਲੀ ਦਰਾਂ ਵਿਚ 10.25 ਫੀਸਦੀ ਦਾ ਵਾਧਾ ਕਰਨ ਦੀ ਇਜਾਜ਼ਤ ਮੰਗੀ ਹੈ। ਮਨਜ਼ੂਰੀ ਮਿਲਦਿਆਂ ਹੀ ਘਰੇਲੂ ਬਿਜਲੀ ਦੀਆਂ ਸ਼ੁਰੂਆਤੀ ਦਰਾਂ 2.75 ਰੁਪਏ ਤੋਂ ਵਧਾ ਕੇ 3 ਰੁਪਏ ਪ੍ਰਤੀ ਯੂਨਿਟ ਕਰ ਦਿੱਤੀਆਂ ਜਾਣਗੀਆਂ। ਬਿਜਲੀ ਬਿੱਲ ’ਤੇ ਫਿਕਸ ਚਾਰਜ 15 ਰੁਪਏ ਤੋਂ ਵਧਾ ਕੇ 25 ਰੁਪਏ ਕਰਨ ਦਾ ਵੀ ਪ੍ਰਸਤਾਵ ਹੈ। ਵਪਾਰਕ ਬਿਜਲੀ ਦਰਾਂ ਵਿਚ ਵੀ ਵਾਧਾ ਕੀਤਾ ਜਾਵੇਗਾ। 25 ਪੈਸੇ ਤੋਂ 50 ਪੈਸੇ ਦਾ ਵਾਧਾ ਹੋਵੇਗਾ। ਇਸ ਤੋਂ ਇਲਾਵਾ ਉਦਯੋਗਾਂ ਵਿਚ ਛੋਟੇ, ਦਰਮਿਆਨੇ ਅਤੇ ਵੱਡੇ ਉਦਯੋਗਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ, ਖੇਤੀਬਾਡ਼ੀ ਲਈ ਦਿੱਤੀ ਜਾਂਦੀ ਬਿਜਲੀ, ਸਟ੍ਰੀਟ ਲਾਈਟਾਂ ਲਈ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੇ ਰੇਟ ਵੀ ਵਧਣਗੇ।

ਇਹ ਵੀ ਪੜ੍ਹੋ : 32 ਸਾਲ ਪੁਰਾਣੇ ਕੇਸ ’ਚ CBI ਕੋਰਟ ’ਚ ਸੁਣਵਾਈ, ਤੱਤਕਾਲੀਨ ਇੰਸਪੈਕਟਰ ਦੋਸ਼ੀ ਕਰਾਰ

ਲੀ ਕਾਰਬੂਜ਼ੀਅਰ ਸੈਂਟਰ ਅਤੇ ਕੈਪੀਟਲ ਕੰਪਲੈਕਸ ਦੀ ਟਿਕਟ 20 ਰੁਪਏ, ਪਿਅਰੇ ਜੇਨਰੇ ਮਿਊਜ਼ੀਅਮ ਦੀ 10
ਸ਼ਹਿਰ ਵਾਸੀਆਂ ਨੂੰ ਹੁਣ ਸੈਕਟਰ-19 ਸਥਿਤ ਲੀ ਕਾਰਬੂਜ਼ੀਅਰ ਸੈਂਟਰ, ਸੈਕਟਰ-1 ਸਥਿਤ ਕੈਪੀਟਲ ਕੰਪਲੈਕਸ ਅਤੇ ਸੈਕਟਰ-5 ਸਥਿਤ ਪਿਅਰੇ ਜੇਨਰੇ ਮਿਊਜ਼ੀਅਮ ਦੇਖਣ ਲਈ ਪੈਸੇ ਖਰਚਣੇ ਪੈਣਗੇ। ਹੁਣ ਤਕ ਇਨ੍ਹਾਂ ਥਾਵਾਂ ’ਤੇ ਟਿਕਟਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ ਸਨ ਪਰ ਹੁਣ ਟਿਕਟਾਂ ਜਾਰੀ ਕੀਤੀਆਂ ਜਾਣਗੀਆਂ। ਸੈਰ-ਸਪਾਟਾ ਵਿਭਾਗ ਅਨੁਸਾਰ ਲੀ ਕਾਰਬੂਜ਼ੀਅਰ ਸੈਂਟਰ ਅਤੇ ਕੈਪੀਟਲ ਕੰਪਲੈਕਸ ਦੀ ਟਿਕਟ 20 ਰੁਪਏ ਰੱਖੀ ਗਈ ਹੈ ਅਤੇ ਪਿਅਰੇ ਜੇਨਰੇ ਮਿਊਜ਼ੀਅਮ ਦੀ ਟਿਕਟ 10 ਰੁਪਏ ਰੱਖੀ ਗਈ ਹੈ। ਹਾਲਾਂਕਿ, ਬਜ਼ੁਰਗ ਨਾਗਰਿਕਾਂ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਮਾਨਸਿਕ ਤੌਰ ’ਤੇ ਅਪਾਹਜਾਂ ਲਈ ਟਿਕਟਾਂ ਮੁਫਤ ਰਹਿਣਗੀਆਂ।;

ਸਕ੍ਰੈਪ ਕੀਤੇ ਜਾਣ ਵਾਲੇ ਵਾਹਨਾਂ ਦੀ ਸੂਚੀ ਵੀ ਤਿਆਰ
ਯੂ. ਟੀ. ਪ੍ਰਸ਼ਾਸਨ ਨੇ ਸ਼ਹਿਰ ਦੀਆਂ ਸਡ਼ਕਾਂ ਤੋਂ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਪਡ਼ਾਅਵਾਰ ਹਟਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। 1 ਅਪ੍ਰੈਲ ਤੋਂ ਪ੍ਰਸ਼ਾਸਨ ਵਲੋਂ 15 ਸਾਲ ਤੋਂ ਪੁਰਾਣੇ ਸਾਰੇ ਸਰਕਾਰੀ ਵਾਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਵੇਗੀ। ਯੂ. ਟੀ . ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਸਡ਼ਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਨੋਟੀਫਿਕੇਸ਼ਨ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਗਿਆ ਹੈ ਕਿ ਚੰਡੀਗਡ਼੍ਹ ਟਰਾਂਸਪੋਰਟ ਅੰਡਰਟੇਕਿੰਗ ਦੀਆਂ ਬੱਸਾਂ, ਜਿਨ੍ਹਾਂ ਨੇ 15 ਸਾਲ ਪੂਰੇ ਕਰ ਲਏ ਹਨ, ਤੋਂ ਇਲਾਵਾ ਨਗਰ ਨਿਗਮ ਨਾਲ ਸਬੰਧਤ ਸਾਰੇ ਸਰਕਾਰੀ ਵਾਹਨਾਂ ਦੀ ਰਜਿਸਟ੍ਰੇਸ਼ਨ 1 ਅਪ੍ਰੈਲ ਤੋਂ ਰੱਦ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਸਕ੍ਰੈਪ ਕੀਤੇ ਜਾਣ ਵਾਲੇ ਸਾਰੇ ਵਾਹਨਾਂ ਦੀ ਸੂਚੀ ਵੀ ਤਿਆਰ ਕਰ ਲਈ ਹੈ। ਫਿਲਹਾਲ 98 ਅਜਿਹੇ ਵਾਹਨਾਂ ਨੂੰ ਸਡ਼ਕ ਤੋਂ ਹਟਾਇਆ ਜਾਵੇਗਾ। ਇਸ ਪ੍ਰਕਿਰਿਆ ਨਾਲ ਵਾਹਨਾਂ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ। ਚੰਡੀਗਡ਼੍ਹ ਵਿਚ ਨੈਸ਼ਨਲ ਵਹੀਕਲ ਸਕ੍ਰੈਪ ਪਾਲਿਸੀ ਤਹਿਤ ਗੈਰ-ਟਰਾਂਸਪੋਰਟ ਵਾਹਨਾਂ ਨੂੰ 25 ਫੀਸਦੀ ਤਕ ਦੀ ਛੋਟ ਮਿਲ ਸਕਦੀ ਹੈ। ਜਦਕਿ ਟਰਾਂਸਪੋਰਟ ਵਾਹਨਾਂ ’ਤੇ 15 ਫੀਸਦੀ ਤਕ ਦੀ ਛੋਟ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਦਾ ਸਮਾਂ ਬਦਲਿਆ

ਵਿੱਤੀ ਸਾਲ ਲਈ ਤੈਅ ਹੱਦ ਅਨੁਸਾਰ ਹੋਵੇਗੀ ਰਜਿਸਟ੍ਰੇਸ਼ਨ
ਪ੍ਰਸ਼ਾਸਨ ਨੇ ਫੈਸਲਾ ਕੀਤਾ ਸੀ ਕਿ 10 ਫਰਵਰੀ 2023 ਨੂੰ ਜਾਂ ਇਸ ਤੋਂ ਬਾਅਦ ਵਿਕਣ ਵਾਲੇ ਗੈਰ-ਇਲੈਕਟ੍ਰਿਕ ਦੋਪਹੀਆ ਵਾਹਨਾਂ ਨੂੰ ਚਾਲੂ ਵਿੱਤੀ ਸਾਲ ਭਾਵ 31 ਮਾਰਚ 2023 ਤਕ ਰਜਿਸਟਰਡ ਨਹੀਂ ਕੀਤਾ ਜਾਵੇਗਾ। ਗੈਰ-ਇਲੈਕਟ੍ਰਿਕ ਪੈਟਰੋਲ ਦੋ-ਪਹੀਆ ਵਾਹਨਾਂ ਲਈ ਰਜਿਸਟਰੇਸ਼ਨ 1 ਅਪ੍ਰੈਲ ਤੋਂ ਮੁਡ਼ ਸ਼ੁਰੂ ਹੋਵੇਗੀ ਅਤੇ ਵਿੱਤੀ ਸਾਲ 2023-24 ਦੇ ਪ੍ਰੋਗਰਾਮ ਅਨੁਸਾਰ ਕੀਤੀ ਜਾਵੇਗੀ। ਪਹਿਲੇ ਸਾਲ ਦੀ ਰਜਿਸਟ੍ਰੇਸ਼ਨ ਚਾਰ ਪਹੀਆ ਵਾਹਨਾਂ ਲਈ 10 ਫੀਸਦੀ ਅਤੇ ਦੋ ਪਹੀਆ ਵਾਹਨਾਂ ਲਈ 35 ਫੀਸਦੀ ਘੱਟ ਕੀਤੀ ਜਾਣੀ ਸੀ। ਇਸੇ ਤਰ੍ਹਾਂ ਅਗਲੇ ਸਾਲ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ 70 ਫੀਸਦੀ ਤਕ ਘੱਟ ਕੀਤੀ ਜਾਣੀ ਹੈ।

ਬੱਸਾਂ, ਟੈਕਸੀ-ਕੈਬ ਤੇ ਟਰੱਕਾਂ ’ਚ ਵੀ ਪੈਨਿਕ ਬਟਨ ਜ਼ਰੂਰੀ
ਪ੍ਰਸ਼ਾਸਨ ਨੇ 31 ਮਾਰਚ 2023 ਤੋਂ ਪਹਿਲਾਂ ਸ਼ਹਿਰ ਵਿਚ ਚੱਲਣ ਵਾਲੀਆਂ ਸਾਰੀਆਂ ਬੱਸਾਂ, ਟੈਕਸੀ-ਕੈਬਾਂ, ਟਰੱਕਾਂ ਲਈ ਵ੍ਹੀਕਲ ਲੋਕੇਸ਼ਨ ਟਰੈਕਿੰਗ ਡਿਵਾਈਸ (ਵੀ. ਐੱਲ. ਟੀ. ਡੀ.) ਅਤੇ ਪੈਨਿਕ ਬਟਨ ਲਾਉਣਾ ਲਾਜ਼ਮੀ ਕਰ ਦਿੱਤਾ ਸੀ। ਟਰਾਂਸਪੋਰਟ ਵਿਭਾਗ ਦੇ ਸਕੱਤਰ ਨਿਤਿਨ ਯਾਦਵ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਵਿਭਾਗ ਵਲੋਂ ਕਿਹਾ ਗਿਆ ਹੈ ਕਿ 1 ਅਪ੍ਰੈਲ ਤੋਂ ਸਟੇਟ ਟਰਾਂਸਪੋਰਟ ਅਥਾਰਟੀ (ਐੱਸ. ਟੀ. ਏ.) ਬਿਨਾਂ ਡਿਵਾਈਸ ਦੇ ਬੱਸ-ਟੈਕਸੀ ਅਤੇ ਟਰੱਕਾਂ ਦੇ ਚਲਾਨ ਕੱਟੇਗੀ। ਵਿਭਾਗ ਅਨੁਸਾਰ ਜਿਹੜੇ ਵਾਹਨਾਂ ਵਿਚ ਯਾਤਰੀ ਸਫ਼ਰ ਕਰਦੇ ਹਨ, ਉਨ੍ਹਾਂ ਵਿਚ ਵੀ. ਐੱਲ. ਟੀ. ਡੀ. ਅਤੇ ਪੈਨਿਕ ਬਟਨ ਲਾਉਣੇ ਜ਼ਰੂਰੀ ਹਨ, ਤਾਂ ਜੋ ਉਨ੍ਹਾਂ ਵਿਚ ਸਫ਼ਰ ਕਰਨ ਵਾਲੀਆਂ ਅੌਰਤਾਂ ਅਤੇ ਬੱਚਿਆਂ ਨੂੰ ਐਮਰਜੈਂਸੀ ਦੀ ਸਥਿਤੀ ਵਿਚ ਤੁਰੰਤ ਮਦਦ ਮਿਲ ਸਕੇ। ਪਰਮਿਟ ਨਾਲ ਸਬੰਧਤ ਵਾਹਨਾਂ ਦਾ ਕੋਈ ਵੀ ਕੰਮ ਇਸ ਯੰਤਰ ਤੋਂ ਬਿਨਾਂ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਐੱਸ. ਟੀ. ਏ. ਵਲੋਂ ਵੱਖ-ਵੱਖ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਮੰਤਰਾਲੇ ਵਲੋਂ ਪ੍ਰਵਾਨਿਤ ਕਈ ਏਜੰਸੀਆਂ ਹਨ, ਜਿਨ੍ਹਾਂ ਤੋਂ ਡਰਾਈਵਰ ਇਹ ਯੰਤਰ ਲਵਾ ਸਕਦੇ ਹਨ। ਹੁਣ ਡਿਵਾਈਸ ਲਾਉਣ ਤੋਂ ਬਾਅਦ ਹੀ ਵਾਹਨਾਂ ਨੂੰ ਰਜਿਸਟ੍ਰੇਸ਼ਨ, ਪਰਮਿਟ, ਰੀਨਿਊ ਤੇ ਫਿਟਨੈੱਸ ਆਦਿ ਦੇ ਸਰਟੀਫਿਕੇਟ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਸਰੀਰ ’ਤੇ ਟੈਟੂ ਬਨਵਾਉਣ ਦੇ ਚਾਹਵਾਨ ਨੌਜਵਾਨਾਂ ਲਈ ਖ਼ਤਰੇ ਦੀ ਘੰਟੀ, ਵਜ੍ਹਾ ਜਾਣ ਹੋਵੋਗੇ ਹੈਰਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News