ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੇ ਲੱਖਾਂ ਰੁਪਏ, 6 ਨਾਮਜ਼ਦ

Friday, Nov 23, 2018 - 02:04 AM (IST)

ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੇ ਲੱਖਾਂ ਰੁਪਏ, 6 ਨਾਮਜ਼ਦ

ਸ੍ਰੀ ਮੁਕਤਸਰ ਸਾਹਿਬ, (ਦਰਦੀ)- ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਠੱਗਣ ਦੇ ਦੋਸ਼ ਵਿਚ ਥਾਣਾ ਸਿਟੀ ਮੁਕਤਸਰ ਦੀ ਪੁਲਸ ਨੇ 6 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਚਮਕੌਰ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਪਿੰਡ ਭੁੱਲਰ ਹਾਲ ਆਬਾਦ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜਦੋਂ ਉਹ ਨੌਕਰੀ ਦੀ ਭਾਲ ਵਿਚ ਸੀ ਤਾਂ ਮੇਰੀ ਦੂਰ ਦੀ ਰਿਸ਼ਤੇਦਾਰ ਰਾਜਬਿੰਦਰ ਕੌਰ ਮੇਰੇ ਘਰ ਆਈ ਅਤੇ ਮੈਨੂੰ ਵਿਦੇਸ਼ ਜਾਣ ਦੀ ਸਲਾਹ ਦਿੱਤੀ। ਉਸ ਨੇ ਦੱਸਿਆ ਕਿ ਉਸ ਦੀ ਨਨਾਣ ਸਤਬੀਰ ਕੌਰ ਆਪਣੇ ਪਤੀ ਨਾਲ ਆਸਟਰੇਲੀਆ ਰਹਿੰਦੀ ਹੈ ਅਤੇ ਉਹ ਬਾਹਰ ਭੇਜਣ ਦਾ ਕੰਮ ਕਰਦੇ ਹਨ। ਚਮਕੌਰ ਸਿੰਘ ਨੇ ਦੱਸਿਆ ਕਿ ਰਾਜਬਿੰਦਰ ਕੌਰ ਧਾਲੀਵਾਲ ਨੇ ਮੈਨੂੰ ਵਿਦੇਸ਼ ਭੇਜਣ ਲਈ ਸਤਬੀਰ ਕੌਰ ਉੱਪਲ ਦਾ ਫੋਨ ਨੰਬਰ ਦਿੱਤਾ ਅਤੇ ਮੈਂ ਆਪਣੇ ਪਰਿਵਾਰ ਨਾਲ ਸਲਾਹ ਕਰ ਕੇ ਸਤਬੀਰ ਕੌਰ ਨਾਲ ਵਿਦੇਸ਼ ਜਾਣ ਬਾਰੇ ਫੋਨ ਰਾਹੀਂ ਗੱਲਬਾਤ ਕੀਤੀ ਤਾਂ ਮੈਨੂੰ ਉਨ੍ਹਾਂ ਨੇ ਆਪਣੇ ਪੇਕਿਅਾਂ ਘਰ ਕੋਟਕਪੂਰਾ ਭੇਜਿਆ। ਸਤਬੀਰ ਕੌਰ ਨੇ ਕੈਨੇਡਾ ਵਰਕ ਪਰਮਿਟ ’ਤੇ ਭੇਜਣ ਬਾਰੇ 22 ਲੱਖ ਰੁਪਏ ਦਾ ਖਰਚ ਆਉਣ ਬਾਰੇ ਕਿਹਾ, ਜਿਸ ’ਚੋਂ ਮੈਂ (ਚਮਕੌਰ ਸਿੰਘ) 9 ਲੱਖ ਰੁਪਏ ਆਰ. ਟੀ. ਜੀ. ਐੱਸ. ਕਰਵਾ ਦਿੱਤੇ। ਪੈਸੇ ਜਮ੍ਹਾ ਕਰਵਾਉਣ ਤੋਂ ਬਾਅਦ ਉਨ੍ਹਾਂ ਨੇ ਫੋਨ ’ਤੇ ਪਾਸਪੋਰਟ ਤੇ ਕਾਗਜ਼ਾਤ ਦੀ ਮੰਗ ਕੀਤੀ। ਇਸ ਦੌਰਾਨ ਸਤਬੀਰ ਕੌਰ ਨੇ ਭਰੋਸਾ ਦਿੱਤਾ ਕਿ 2-4 ਦਿਨ ਵਿਚ ਹੀ ਮੈਂ ਤੁਹਾਨੂੰ ਕੈਨੇਡਾ ਭੇਜ ਰਹੀ ਹਾਂ। ਚਮਕੌਰ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਸਤਬੀਰ ਕੌਰ ਨੇ ਮੈਨੂੰ 28-29 ਜਨਵਰੀ, 2017 ਨੂੰ ਏਅਰ ਟਿਕਟ ਦੀ ਫੋਟੋ ਪੀ. ਡੀ. ਐੱਫ. ਭੇਜ ਦਿੱਤੀ। ਇਹ ਟਿਕਟ 28 ਫਰਵਰੀ ਲਈ ਗਈ ਸੀ ਤਾਂ ਸਾਡੇ ਪਰਿਵਾਰ ਨੂੰ ਭਰੋਸਾ ਹੋ ਗਿਆ ਕਿ ਹੁਣ ਟਿਕਟ ਵੀ ਆ ਗਈ ਹੈ। ਮੈਂ ਟਿਕਟ ਅਤੇ ਵਿਦੇਸ਼ ਜਾਣ ਦਾਂ ਸਮਾਂ ਲੇਟ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਜਲਦ ਹੀ ਭਾਰਤ ਆ ਰਹੀ ਹਾਂ ਅਤੇ ਤੁਹਾਨੂੰ ਮਿਲਦੀ ਹਾਂ। ਚਮਕੌਰ ਸਿੰਘ ਆਪਣੇ ਪਰਿਵਾਰ ਨਾਲ ਉਸ ਨੂੰ 22-23 ਫਰਵਰੀ, 2017 ਨੂੰ ਮਿਲਣ ਉਸ ਦੇ ਘਰ ਕੋਟਕਪੂਰਾ ਗਏ, ਜਿੱਥੇ ਸਤਬੀਰ ਕੌਰ ਉੱਪਲ ਤੇ ਉਸ ਦਾ ਭਰਾ ਕੁਲਦੀਪ ਸਿੰਘ, ਉਸ ਦੀ ਪਤਨੀ ਸੁਖਵਿੰਦਰ ਕੌਰ ਧਾਲੀਵਾਲ, ਬਲਜੀਤ ਸਿੰਘ ਧਾਲੀਵਾਲ ਤੇ ਉਸ ਦੀ ਪਤਨੀ ਰਾਜਬਿੰਦਰ ਕੌਰ ਧਾਲੀਵਾਲ, ਅੰਗਰੇਜ ਕੌਰ ਤੇ ਇੰਦਰਜੀਤ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਜਗਰਾਓਂ ਸਾਰੇ ਮੌਜੂਦ ਸਨ। ਮੈਂ (ਚਮਕੌਰ ਸਿੰਘ ) ਆਪਣੇ ਪਾਸਪੋਰਟ ਤੇ ਕਾਗਜ਼ਾਤ ਆਦਿ ਮੰਗੇ ਤਾਂ ਸਤਬੀਰ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ। ਉਨ੍ਹਾਂ ਦੋ ਲੱਖ ਦੀ ਹੋਰ ਮੰਗ ਕੀਤੀ। ਅਗਲੇ ਦਿਨ ਅਸੀਂ ਆਪਣੇ ਰਿਸ਼ਤੇਦਾਰਾਂ ਤੋਂ 2 ਲੱਖ ਹੋਰ ਇਕੱਠੇ ਕਰ ਕੇ ਉਨ੍ਹਾਂ ਦੇ ਭਰਾ ਬਲਜੀਤ ਸਿੰਘ ਤੇ ਉਸ ਦੀ ਪਤਨੀ ਰਾਜਬਿੰਦਰ ਕੌਰ ਨੂੰ ਨਕਦ ਦਿੱਤੇ। ਚਮਕੌਰ ਸਿੰਘ ਨੇ ਦੱਸਿਆ ਕਿ 27 ਫਰਵਰੀ, 2017 ਨੂੰ ਸਾਨੂੰ ਇਕ ਅਣਜਾਣ ਫੋਨ ਨੰਬਰ ਤੋਂ ਕਾਲ ਆਈ ਕਿ ਤੁਹਾਡਾ ਕੈਨੇਡਾ ਜਾਣਾ ਰੱਦ ਹੋ ਗਿਆ ਤਾਂ ਮੈਂ ਸਤਬੀਰ ਕੌਰ ਨੂੰ ਫੋਨ ਕੀਤਾ ਪਰ ਉਸ ਨੇ ਸਾਡਾ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਅਸੀਂ  ਉਸ ਦੇ ਘਰ ਗਏ ਤਾਂ ਸਾਨੂੰ ਪਤਾ ਲੱਗਾ ਕਿ ਪੂਰਾ ਪਰਿਵਾਰ ਸ੍ਰੀ ਗੰਗਾਨਗਰ ਚਲਾ ਗਿਆ ਹੈ ਅਤੇ ਜਦੋਂ ਗੰਗਾਨਗਰ ਗਏ ਤਾਂ ਉਨ੍ਹਾਂ ਸਾਨੂੰ ਬੇਇੱਜ਼ਤ ਕਰ ਕੇ ਵਾਪਸ ਭੇਜ ਦਿੱਤਾ। ਇਸ ਤੋਂ ਬਾਅਦ 14 ਮਈ, 2017  ਨੂੰ ਸਤਬੀਰ ਕੌਰ ਨੇ ਸਾਨੂੰ ਫੋਨ ਕਰ ਕੇ ਕਿਹਾ ਕਿ ਆਪਣਾ ਖਾਤਾ ਨੰਬਰ ਦਿਓ, ਮੈਂ ਤੁਹਾਡੇ ਪੈਸੇ ਵਾਪਸ ਕਰਨੇ ਹਨ ਤਾਂ ਉਸ ਨੇ 19 ਮਈ, 2017 ਨੂੰ 2 ਲੱਖ 99 ਹਜ਼ਾਰ ਰੁਪਏ ਹੀ ਵਾਪਸ ਕੀਤੇ। ਜਦ ਅਸੀਂ ਬਾਕੀ ਦੀ ਰਕਮ ਉਨ੍ਹਾਂ ਤੋਂ ਮੰਗੀ ਤਾਂ ਉਹ ਸਾਨੂੰ ਧਮਕੀਅਾਂ ਦੇਣ ਲੱਗ ਪਏ। ਚਮਕੌਰ ਸਿੰਘ ਨੇ ਕਿਹਾ ਕਿ ਉਕਤ ਦੋਸ਼ੀਆਂ ਨੇ ਸਾਡੇ ਨਾਲ 10 ਲੱਖ 51 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ ਅਤੇ ਪਤਾ ਲੱਗਾ ਹੈ ਕਿ ਉਕਤ ਵਿਅਕਤੀਆਂ ’ਤੇ ਪਹਿਲਾਂ ਵੀ ਥਾਣਾ ਬਾਜਾਖਾਨਾ ਵਿਖੇ ਮਾਮਲਾ ਦਰਜ ਹੈ। ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਾਧਾਰ ’ਤੇ ਸਤਬੀਰ ਕੌਰ, ਕੁਲਦੀਪ ਸਿੰਘ ਧਾਲੀਵਾਲ, ਅੰਗਰੇਜ ਕੌਰ ਧਾਲੀਵਾਲ, ਬਲਜੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ ਵਾਸੀ ਕੋਟਕਪੂਰਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
 


Related News