ਪ੍ਰਵਾਸੀ ਦੀ ਕੁੱਟਮਾਰ ਕਾਰਨ ਇਲਾਜ ਦੌਰਾਨ ਹੋਈ ਮੌਤ, ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ
Tuesday, Jun 28, 2022 - 09:01 PM (IST)
ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਬਲਿਆਲ ਵਿਖੇ ਕੁਝ ਦਿਨ ਪਹਿਲਾਂ ਪੰਚਾਇਤੀ ਟੋਭੇ ’ਚ ਬਣਾਏ ਗਏ ਮੱਛੀ ਫਾਰਮ ਦੀ ਚੌਕੀਦਾਰੀ ਕਰਨ ਵਾਲੇ ਇਕ ਪ੍ਰਵਾਸੀ ਵਿਅਕਤੀ ਦੀ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਕੁੱਟਮਾਰ ਕਰਨ ਅਤੇ ਇਲਾਜ ਦੌਰਾਨ ਮੌਤ ਹੋ ਜਾਣ ਕਾਰਨ ਪੁਲਸ ਵੱਲੋਂ ਕੁੱਟਮਾਰ ਕਰਨ ਵਾਲੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਬਿੱਕਰ ਸਿੰਘ ਨੇ ਦੱਸਿਆ ਕਿ ਇਬਰਾਹਿਮ ਪੁੱਤਰ ਅਭਿਬੁੱਲਾ ਵਾਸੀ ਤੇਜਪਾਲ ਕਾਲੋਨੀ ਪਟਿਆਲਾ, ਨੇੜਲੇ ਪਿੰਡ ਬਲਿਆਲ ਵਿਖੇ ਪੰਚਾਇਤੀ ਟੋਭੇ ’ਚ ਮੱਛੀਆਂ ਛੱਡੀਆਂ ਹੋਣ ਕਾਰਨ ਉਨ੍ਹਾਂ ਦੀ ਰਾਖ਼ੀ ਕਰਨ ਲਈ ਚੌਕੀਦਾਰੀ ਕਰਦਾ ਸੀ ਤੇ ਟੋਭੇ ਕਿਨਾਰੇ ਹੀ ਝੌਂਪੜੀ ਬਣਾ ਕੇ ਰਹਿੰਦਾ ਸੀ। 14 ਜੂਨ 2022 ਨੂੰ ਪਿੰਡ ਬਲਿਆਲ ਦਾ ਮੇਲਾ ਸਿੰਘ ਆਪਣੇ 10-12 ਸਾਲ ਦੇ ਪੋਤੇ ਦਾ ਇਬਰਾਹਿਮ ਕੋਲੋਂ ਹਥੋਲਾ ਵਗੈਰਾ ਕਰਵਾਉਣ ਤੋਂ ਬਾਅਦ ਜਦੋਂ ਆਪਣੇ ਘਰ ਚਲਾ ਗਿਆ ਤਾਂ ਉਸ ਤੋਂ ਬਾਅਦ ਮੇਲਾ ਸਿੰਘ ਦਾ ਲੜਕਾ ਗੁਰਪ੍ਰੀਤ ਸਿੰਘ ਗੁਮਾਲੀ ਹਥੋਲਾ ਕਰਨ ਵਾਲੇ ਇਬਰਾਹਿਮ ਕੋਲ ਗਿਆ ਤੇ ਗੁੱਸੇ ’ਚ ਉਸ ਨੂੰ ਕਹਿਣ ਲੱਗਾ ਕਿ ਹਥੋਲਾ ਕਰਨ ਸਮੇਂ ਉਸ ਨੇ ਉਸ ਦੇ ਲੜਕੇ ਨਾਲ ਗਲਤ ਹਰਕਤ ਕੀਤੀ, ਜਿਸ ਕਾਰਨ ਉਸ ਨੇ ਉਸ ਦੀ ਕਥਿਤ ਤੌਰ ’ਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਇਸ ਮੌਕੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਤਾਂ ਗੁਮਾਲੀ ਉਥੋਂ ਭੱਜ ਗਿਆ।
ਲੋਕਾਂ ਨੇ ਇਬਰਾਹਿਮ ਨੂੰ ਚੁੱਕ ਕੇ ਸਥਾਨਕ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ। ਪੁਲਸ ਨੇ ਪੀੜਤ ਦੇ ਬਿਆਨ ਲੈ ਕੇ ਡੀ.ਡੀ.ਆਰ. ਦਰਜ ਕਰ ਲਈ। ਇਸ ਤੋਂ ਬਾਅਦ ਡਾਕਟਰਾਂ ਨੇ ਅੰਦਰੂਨੀ ਸੱਟਾਂ ਲੱਗੀਆਂ ਹੋਣ ਕਾਰਨ ਉਸ ਨੂੰ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ, ਜਿਸ ਤੋਂ ਬਾਅਦ ਇਬਰਾਹਿਮ ਦੇ ਕੁਝ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਦਿੱਲੀ ਲੈ ਗਏ, ਜਿਥੇ ਇਲਾਜ ਦੌਰਾਨ ਬੀਤੀ ਰਾਤ ਉਸ ਦੀ ਮੌਤ ਹੋ ਗਈ। ਸਥਾਨਕ ਪੁਲਸ ਨੇ ਮ੍ਰਿਤਕ ਦੇ ਪਹਿਲਾਂ ਸਥਾਨਕ ਹਸਪਤਾਲ ਵਿਖੇ ਦਾਖ਼ਲ ਹੋਣ ਸਮੇਂ ਲਏ ਗਏ ਬਿਆਨਾਂ ਦੇ ਅਧਾਰ ’ਤੇ ਗੁਰਪ੍ਰੀਤ ਸਿੰਘ ਗੁਮਾਲੀ ਪੁੱਤਰ ਮੇਲਾ ਸਿੰਘ ਵਾਸੀ ਪਿੰਡ ਬਲਿਆਲ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।